ਹੁਸ਼ਿਆਰਪੁਰ (ਅਮਰਿੰਦਰ)-ਸ਼ਹਿਰ ਦੇ ਕੱਚਾ ਟੋਭਾ ਨਾਲ ਲੱਗਦੇ ਹਰੀ ਨਗਰ ਦੇ ਵਾਸੀ ਸੇਠ ਰੋਹਤਾਸ਼ ਜੈਨ ਨੂੰ ਚਕਮਾ ਦੇ ਕੇ 9 ਲੱਖ 75 ਹਜ਼ਾਰ 500 ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਗਿਰੋਹ ਦੇ ਚੌਥੇ ਦੋਸ਼ੀ ਅਸ਼ੋਕ ਕੁਮਾਰ ਵਾਸੀ ਘੰਟਾਘਰ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀ ਕੋਲੋਂ ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ 3 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਅੱਜ ਦੁਪਹਿਰ ਬਾਅਦ ਸਿਟੀ ਪੁਲਸ ਥਾਣੇ ’ਚ ਡੀ. ਐੱਸ. ਪੀ. ਸਿਟੀ ਅਨਿਲ ਕੋਹਲੀ ਤੇ ਥਾਣਾ ਮੁਖੀ ਇੰਸਪੈਕਟਰ ਗੋਬਿੰਦਰ ਕੁਮਾਰ ਨੇ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਮਾਮਲੇ ਦਾ ਪਰਦਾਫਾਸ਼ ਕੀਤਾ। ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਕੀਤੀ ਜਾਵੇਗੀ ਪੁੱਛਗਿੱਛ ਡੀ. ਐੱਸ. ਪੀ. ਸਿਟੀ ਸ਼੍ਰੀ ਕੋਹਲੀ ਤੇ ਥਾਣਾ ਮੁਖੀ ਨੇ ਦੱਸਿਆ ਕਿ ਬੀਤੀ 25 ਜਨਵਰੀ ਨੂੰ ਸੇਠ ਰੋਹਤਾਸ਼ ਜੈਨ ਦੇ ਆਪਣੀ ਹੀ ਕਾਰ ਦੇ ਡਰਾਈਵਰ ਸੰਦੀਪ ਕੁਮਾਰ ਵਾਸੀ ਪ੍ਰੇਮਗਡ਼੍ਹ ਨੇ ਸਾਜ਼ਿਸ਼ ਰਚ ਕੇ 9 ਲੱਖ 75 ਹਜ਼ਾਰ 500 ਰੁਪਏ ਦੀ ਰਾਸ਼ੀ ਗਾਇਬ ਕਰ ਦਿੱਤੀ ਸੀ। ਸ਼ੱਕ ਹੋਣ ਕਾਰਨ ਪੁਲਸ ਨੇ 28 ਜਨਵਰੀ ਨੂੰ ਸੰਦੀਪ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਇਸ ਮਾਮਲੇ ਵਿਚ ਦੋ ਦੋਸ਼ੀਆਂ ਸੰਜੀਵ ਤੇ ਵਿਸ਼ਵਾਨਾਥ ਨੂੰ ਵੀ 29 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਦੇ ਚੌਥੇ ਦੋਸ਼ੀ ਅਸ਼ੋਕ ਕੁਮਾਰ ਨੂੰ ਵੀ ਅੱਜ ਨਾਕਾਬੰਦੀ ਦੌਰਾਨ ਪੁਲਸ ਨੇ ਧੋਬੀਘਾਟ ਕੋਲੋਂ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ 3 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ ਜਦਕਿ ਬਾਕੀ ਰਕਮ ਸਬੰਧੀ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ। ਕੀ ਸੀ ਮਾਮਲਾ ਵਰਣਨਯੋਗ ਹੈ ਕਿ 25 ਜਨਵਰੀ ਨੂੰ ਤਡ਼ਕੇ ਸੇਠ ਰੋਹਤਾਸ਼ ਜੈਨ ਰੋਜ਼ਾਨਾ ਦੀ ਤਰ੍ਹਾਂ ਕਾਰ ਰਾਹੀਂ ਹਰਿਆਣਾ ਰੋਡ ਸਥਿਤ ਆਪਣੇ ਧਰਮ ਕੰਡੇ ’ਤੇ ਗਏ ਸਨ। ਬਾਅਦ ਵਿਚ ਉਨ੍ਹਾਂ ਨੇ ਆਪਣੇ ਡਰਾਈਵਰ ਸੰਦੀਪ ਕੁਮਾਰ ਨੂੰ ਪੈਸਿਆਂ ਨਾਲ ਭਰਿਆ ਬੈਗ ਘਰ ਰੱਖ ਕੇ ਆਉਣ ਲਈ ਕਿਹਾ ਸੀ। ਸ਼ਿਕਾਇਤ ਅਨੁਸਾਰ ਦੋਸ਼ੀ ਡਰਾਈਵਰ ਨੇ ਉਨ੍ਹਾਂ ਨੂੰ ਬਾਅਦ ਵਿਚ ਫੋਨ ’ਤੇ ਦੱਸਿਆ ਸੀ ਕਿ ਜਦੋਂ ਉਹ ਹਰੀ ਨਗਰ ਸਥਿਤ ਘਰ ਦੇ ਬਾਹਰ ਕਾਰ ਖਡ਼੍ਹੀ ਕਰ ਕੇ ਅੰਦਰ ਜਾ ਕੇ ਵਾਪਸ ਪਰਤਿਆ ਤਾਂ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਉਕਤ ਡਰਾਈਵਰ ਨੇ ਹੀ ਸਾਜ਼ਿਸ਼ ਤਹਿਤ ਪੈਸੇ ਗਾਇਬ ਕੀਤੇ ਹਨ।
ਪਾਕਿਸਤਾਨ ਖਿਲਾਫ ਨਾਅਰੇਬਾਜ਼ੀ
NEXT STORY