ਹੁਸ਼ਿਆਰਪੁਰ (ਘੁੰਮਣ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਦੀਆਂ ਸਡ਼ਕਾਂ ਦੀ ਕਰੀਬ 6 ਕਰੋਡ਼ ਰੁਪਏ ਦੀ ਲਾਗਤ ਨਾਲ ਨੁਹਾਰ ਬਦਲੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਦੇ ਵਿਕਾਸ ਵਿਚ ਹੋਰ ਤੇਜ਼ੀ ਆਵੇਗੀ। ਉਹ ਅੱਜ ਪੀ.ਡਬਲਯੂ.ਡੀ. ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ 6 ਕਰੋਡ਼ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਅਧੀਨ ਆਉਂਦੀਆਂ 10.52 ਕਿਲੋਮੀਟਰ ਤੱਕ ਦੀਆਂ ਮੁੱਖ 6 ਸਡ਼ਕਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ ਅਤੇ 28 ਫਰਵਰੀ ਨੂੰ ਸਾਰੇ ਟੈਂਡਰ ਲਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਵੀ ਉਨ੍ਹਾਂ ਅਧੀਨ ਆਉਂਦੀਆਂ ਸਾਰੀਆਂ ਸਡ਼ਕਾਂ ਤੇ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਟੈਂਡਰ ਵੀ ਹੋ ਚੁੱਕਾ ਹੈ ਅਤੇ ਉਹ ਵੀ ਜਲਦ ਬਣ ਜਾਣਗੀਆਂ। ਸ੍ਰੀ ਅਰੋਡ਼ਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਅਧੀਨ ਆਉਂਦੀਆਂ ਅਜਿਹੀਆਂ ਕੋਈ ਸਡ਼ਕਾਂ ਨਹੀਂ ਬਚਣਗੀਆਂ, ਜਿਸ ਦੇ ਕਾਰਜਾਂ ਦੀ ਪ੍ਰਕ੍ਰਿਆ ਪੂਰੀ ਨਾ ਹੋਈ ਹੋਵੇ। ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਲਈ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਹੋਰ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ ਲਈ ਸਮਾਰਟ ਵਿਲੇਜ਼ ਸਕੀਮ ਤਹਿਤ ਜ਼ਿਲੇ ਵਿਚ 28 ਕਰੋਡ਼ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਰਿਚਾਰਜ ਸਬੰਧੀ ਹੁਸ਼ਿਆਰਪੁਰ ਦੇ ਤਿੰਨ ਸਕੂਲਾਂ ਵਿਚ ਟੈਸਟਿੰਗ ਦੇ ਆਧਾਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਕਿਲਾ ਬਰੂਨ, ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਸ਼ਾਮਲ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਡ਼ਕ ਦੇ ਨਿਰਮਾਣ ਕਾਰਜਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਇਨ੍ਹਾਂ ਸਡ਼ਕਾਂ ਦਾ ਹੋਵੇਗਾ ਮੁਰੰਮਤ ਦਾ ਕੰਮ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ 6 ਸਡ਼ਕਾਂ ਵਿਚ ਪ੍ਰਭਾਤ ਚੌਕ ਤੋਂ ਸਰਕਾਰੀ ਕਾਲਜ ਤੋਂ ਹੁੰਦੇ ਹੋਏ ਡੀ.ਏ.ਵੀ. ਕਾਲਜ ਤੱਕ 3.70 ਕਿਲੋਮੀਟਰ ਦੀ ਸਡ਼ਕ ਦਾ 135 ਲੱਖ ਰੁਪਏ ਨਾਲ, ਗਊਸ਼ਾਲਾ ਪੁਲ ਤੋਂ ਬੰਜਰਬਾਗ ਤੱਕ ਦੀ 1.45 ਕਿਲੋਮੀਟਰ ਦੀ ਸਡ਼ਕ ਦਾ 90 ਲੱਖ ਰੁਪਏ, ਹੁਸ਼ਿਆਰਪੁਰ-ਚੰਡੀਗਡ਼੍ਹ ਰੋਡ (ਸਵਰਨ ਫਾਰਮ ਤੋਂ ਲੈ ਕੇ ਫੋਰ ਲੇਨ ਰੋਡ ਤੱਕ) ਤੱਕ 1.70 ਕਿਲੋਮੀਟਰ ਦੀ ਸਡ਼ਕ ਦਾ ਲਗਭਗ 90 ਲੱਖ ਰੁਪਏ, ਫਤਹਿਗਡ਼੍ਹ-ਰਹੀਮਪੁਰ ਸਡ਼ਕ ਦੀ 1.73 ਕਿਲੋਮੀਟਰ ਸਡ਼ਕ ਦਾ 92 ਲੱਖ ਰੁਪਏ, ਹੁਸ਼ਿਆਰਪੁਰ-ਦਸੂਹਾ ਰੋਡ (ਗਊਸ਼ਾਲਾ ਪੁਲ ਤੋਂ ਨਲੋਈਆਂ ਚੌਕ ਤੱਕ) ਦੀ 1.10 ਕਿਲੋਮੀਟਰ ਸਡ਼ਕ ਦਾ 88 ਲੱਖ ਰੁਪਏ, ਹੁਸ਼ਿਆਰਪੁਰ-ਟਾਂਡਾ ਰੋਡ (ਭਗਵਾਨ ਵਾਲਮੀਕਿ ਜੀ ਦੀ ਮੂਰਤੀ ਤੋਂ ਲੈ ਕੇ ਟਾਂਡਾ ਚੌਕ ਤੱਕ) ਦੀ 0.84 ਕਿਲੋਮੀਟਰ ਸਡ਼ਕ ਦਾ 76.93 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸ੍ਰੀ ਅਰੋਡ਼ਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਾਰਕਾਂ ਵਿਚ ਜਲਦ ਹੀ ਓਪਨ ਜਿਮ ਵੀ ਲਾ ਦਿੱਤੇ ਜਾਣਗੇ, ਤਾਂ ਜੋ ਆਮ ਆਦਮੀ ਵੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਕਾਫ਼ੀ ਮਜ਼ਬੂਤ ਹੋਈ ਹੈ, ਜਿਸ ਕਾਰਨ ਸ਼ਹਿਰ ਵਿਚ ਗੁੰਡਾਗਰਦੀ, ਚੇਨ ਸਨੇਚਿੰਗ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਈ ਹੈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ, ਐੱਸ. ਈ. ਪੀ. ਡਬਲਯੂ. ਡੀ. ਟੀ. ਆਰ. ਕਤਨੌਰੀਆ, ਐਕਸੀਅਨ ਰਜਿੰਦਰ ਗੋਤਰਾ, ਜ਼ਿਲਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਰਜਨੀਸ਼ ਟੰਡਨ, ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਸਰਵਨ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਮਨਮੋਹਨ ਸਿੰਘ ਕਪੂਰ, ਸ਼ਾਦੀ ਲਾਲ, ਦੀਪਕ ਪੁਰੀ, ਗੁਲਸ਼ਨ ਰਾਏ, ਸੁਨੀਸ਼ ਜੈਨ, ਰਮੇਸ਼ ਡਡਵਾਲ, ਗੁਰਦੀਪ ਕਟੋਚ, ਹਰੀਸ਼ ਅਨੰਦ ਅਤੇ ਸ਼ਾਮ ਨਰੂਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ²
35 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਔਰਤ ਕਾਬੂ
NEXT STORY