ਲੁਧਿਆਣਾ(ਧੀਮਾਨ)- ਕੱਚੇ ਮਾਲੇ ਦੇ ਵਧਦੇ ਰੇਟਾਂ ਨੇ ਸਾਈਕਲ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਕਾਰਨ ਹਰ ਮਹੀਨੇ 12.50 ਲੱਖ ਰੁਪਏ 'ਚ ਬਣਨ ਵਾਲੇ ਸਾਈਕਲ ਹੁਣ 6 ਲੱਖ ਰੁਪਏ ਦੇ ਉਤਪਾਦਨ ’ਤੇ ਪੁੱਜ ਗਏ ਹਨ। ਇਸ ਬਦਲਾਅ ਕਾਰਨ ਸਾਈਕਲ ਇੰਡਸਟਰੀ ’ਚ ਹਾਹਾਕਾਰ ਮਚ ਗਈ ਹੈ।ਉਤਪਾਦਨ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਬੇਕਾਰ ’ਚ ਬਿਠਾ ਕੇ ਉੱਦਮੀਆਂ ਨੂੰ ਜੇਬ ’ਚੋਂ ਪੈਸੇ ਦੇਣੇ ਪੈ ਰਹੇ ਹਨ।ਸਟੀਲ, ਪਲਾਸਟਿਕ, ਨਿਕਲ, ਜਿੰਕ, ਕਾਪਰ ਆਦਿ ਦੇ ਰੇਟਾਂ ’ਚ 50 ਤੋਂ 80 ਫੀਸਦੀ ਤੱਕ ਦਾ ਇਜ਼ਾਫਾ ਹੋ ਚੁੱਕਾ ਹੈ ਪਰ ਬਾਜ਼ਾਰ ’ਚ ਵਧੇ ਹੋਏ ਰੇਟਾਂ ’ਤੇ ਸਾਈਕਲ ਖਰੀਦਣ ਲਈ ਖਰੀਦਦਾਰ ਗਾਇਬ ਹੋ ਗਏ ਹਨ।
ਇਸ ਸਬੰਧੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਸਾਈਕਲ ਇੰਡਸਟਰੀ ਲਈ ਹੁਣ ਕਾਰੋਬਾਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਕੱਚੇ ਮਾਲੇ ਦੇ ਵਧੇ ਰੇਟਾਂ ਨੇ ਸਾਈਕਲ ਇੰਡਸਟਰੀ ਨੂੰ ਪੂਰੀ ਤਰ੍ਹਾਂ ਮੰਦੇ ਦੀ ਲਪੇਟ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਭਾਰਤ ਵਿਚ ਹਰ ਸਾਲ ਕਰੀਬ ਡੇਢ ਕਰੋੜ ਸਾਈਕਲ ਬਣਦੇ ਹਨ, ਜਿਨ੍ਹਾਂ ’ਚੋਂ 80 ਫੀਸਦੀ ਸਾਈਕਲਾਂ ਦਾ ਨਿਰਮਾਣ ਸਰਕਾਰੀ ਟੈਂਡਰਾਂ ਲਈ ਕੀਤਾ ਜਾਂਦਾ ਹੈ ਪਰ ਹੁਣ ਇਸ ਵਾਰ ਸਰਕਾਰੀ ਟੈਂਡਰ ਵੀ ਨਾ-ਮਾਤਰ ਹੀ ਆਏ ਹਨ।ਸਰਕਾਰੀ ਟੈਂਡਰਾਂ ਜ਼ਰੀਏ ਕਾਲੇ ਸਾਈਕਲ 3200 ਤੋਂ 3500 ਰੁਪਏ ਵਿਚ ਵੇਚੇ ਜਾਂਦੇ ਸਨ ਪਰ ਹੁਣ ਇਹ ਕੀਮਤ ਵਧ ਕੇ 4200 ਰੁਪਏ ਤੋਂ 4500 ਰੁਪਏ ਦੇ ਵਿਚ ਹੋ ਗਈ ਹੈ। ਜਿਸ ਕਾਰਨ ਸਰਕਾਰੀ ਤੰਤਰ ਇਸ ਕੀਮਤ ’ਤੇ ਸਾਈਕਲ ਖਰੀਦਣ ਲਈ ਤਿਆਰ ਨਹੀਂ ਹੈ। ਦੂਜੇ ਪਾਸੇ ਛੋਟੇ ਬੱਚਿਆਂ ਦੇ ਸਾਈਕਲ ਦੀ ਮਾਰਕੀਟ ਅਨਬ੍ਰ੍ਰਾਂਡਿਡ ਸਾਈਕਲ ਨਿਰਮਾਤਾਵਾਂ ਦੇ ਹੱਥ ’ਚ ਚਲੀ ਗਈ ਹੈ।
ਗਿੱਲ ਰੋਡ ਸਥਿਤ ਦੁਕਾਨਾਂ ’ਤੇ ਛੋਟਾ ਸਾਈਕਲ ਵਜ਼ਨ ਦੇ ਹਿਸਾਬ ਨਾਲ ਵਿਕਣਾ ਸ਼ੁਰੂ ਹੋ ਗਿਆ ਹੈ, ਮਤਲਬ ਹੁਣ ਕੋਈ ਵੀ ਗਾਹਕ 500 ਤੋਂ 600 ਰੁਪਏ ਵਿਚ ਅਨਬ੍ਰਾਂਡਿਡ ਛੋਟਾ ਸਾਈਕਲ ਖਰੀਦ ਸਕਦਾ ਹੈ। ਜਦੋਂਕਿ ਵੰਡੀਆਂ ਕੰਪਨੀਆ ਦੇ ਸਾਈਕਲ 1200 ਤੋਂ 1500 ਰੁਪਏ ਦੇ ਵਿਚ ਬਾਜ਼ਾਰ ’ਚ ਵਿਕਦੇ ਹਨ, ਜਿਸ ਨੂੰ ਗਾਹਕ ਖਰੀਦਣ ਲਈ ਤਿਆਰ ਨਹੀਂ ਹਨ। ਇਸੇ ਲਈ ਬ੍ਰਾਂਡਿਡ ਕੰਪਨੀਆਂ ਦੀ ਕਿਡਸ ਸਾਈਕਲ ਮਤਲਬ ਬੱਚਿਆਂ ਦੇ ਸਾਈਕਲ ਦੀ ਵੀ ਮਾਰਕੀਟ ਡਾਊਨ ਆ ਗਈ ਹੈ।
ਇਹ ਵੀ ਪੜੋ:-ਵਧਦੀ ਮਹਿੰਗਾਈ : ਨਾਸ਼ਤਾ-ਡਿਨਰ, ਘਰ ਤੋਂ ਲੈ ਕੇ ਆਫਿਸ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ 100 ਫੀਸਦੀ ਤੱਕ ਵਧੀਆਂ
ਕਿਹੜੇ ਕੱਚੇ ਮਾਲ ਦੀ ਕਿੰਨੀ ਵੱਡੀ ਕੀਮਤ
ਵਿਸ਼ਵਕਰਮਾ ਮੁਤਾਬਕ ਹਰ ਤਰ੍ਹਾਂ ਦੇ ਸਟੀਲ ਦੇ ਰੇਟਾਂ ਵਿਚ 70 ਤੋਂ 80 ਫੀਸਦੀ ਤੱਕ ਦਾ ਇਜ਼ਾਫਾ ਹੋ ਚੁੱਕਾ ਹੈ। ਜਨਵਰੀ ਵਿਚ ਜੋ ਸਟੀਲ 53 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਵਿਕਦਾ ਸੀ, ਉਹ ਅੱਜ 70 ਹਜ਼ਾਰ ਰੁਪਏ ਟਨ ’ਤੇ ਪੁੱਜ ਗਿਆ ਹੈ। ਇਸੇ ਤਰ੍ਹਾਂ ਲਿਕਲ 1400 ਰੁਪਏ ਤੋਂ 2500 ਰੁਪਏ ਪ੍ਰਤੀ ਕਿਲੋ, ਕਾਪਰ 495 ਤੋਂ 595 ਰੁਪਏ ਪ੍ਰਤੀ ਕਿਲੋ, ਜਿੰਕ 285 ਤੋਂ ਸਿੱਧਾ 385 ਰੁਪਏ ਪ੍ਰਤੀ ਕਿਲੋ ’ਤੇ ਪੁੱਜ ਗਿਆ ਹੈ। ਇਸ ਤੋਂ ਇਲਾਵਾ ਪੈਕਿੰਗ ਮਟੀਰੀਅਲ ’ਚ ਵੀ 40 ਫੀਸਦੀ ਦਾ ਵਧਾ ਹੋ ਚੁੱਕਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਰੇਟ ਵਧਣ ਨਾਲ ਹੀ ਸਾਈਕਲ ਇੰਡਸਟਰੀ ਪੂਰੀ ਤਰ੍ਹਾਂ ਲੜਖੜਾ ਗਈ ਹੈ ਕਿ ਆਖਿਰ ਕਿਸ ਕੀਮਤ ’ਤੇ ਸਾਈਕਲ ਅਤੇ ਸਾਈਕਲ ਪਾਰਟਸ ਤਿਆਰ ਕੀਤਾ ਜਾਵੇ ਅਤੇ ਉਸ ਨੂੰ ਬਾਜ਼ਾਰ ’ਚ ਵੇਚਿਆ ਜਾਵੇ।
ਇਹ ਵੀ ਪੜੋ :-ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ
ਕਿਵੇਂ ਨਿਕਲੇਗਾ ਸਾਈਕਲ ਇੰਡਸਟਰੀ ਦਾ ਹੱਲ
ਸਾਬਕਾ ਪ੍ਰਧਾਨ ਚਰਨਜੀਤ ਵਿਸ਼ਵਕਰਮਾ ਕਹਿੰਦੇ ਹਨ ਕਿ ਜੇਕਰ ਕੱਚੇ ਮਾਲ ਦੇ ਰੇਟਾਂ ’ਚ ਗਿਰਾਵਟ ਨਹੀਂ ਆਈ ਤਾਂ ਅਗਲੇ ਮਹੀਨੇ ਤੋਂ ਕਾਰੋਬਾਰ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਅਜੇ ਉਤਪਾਦਨ 12 ਘੰਟੇ ਤੋਂ ਘਟਾ ਕੇ 8 ਘੰਟੇ ਕੀਤਾ ਗਿਆ ਹੈ। ਹੁਣ ਜੇਕਰ ਅਜਿਹੀ ਹਾਲਾਤ ਰਹੀ ਤਾਂ ਇਹ ਉਤਪਾਦਨ ਸਿਰਫ 3 ਤੋਂ 4 ਘੰਟੇ ’ਤੇ ਲਿਆਉਣ ਲਈ ਕਾਰੋਬਾਰੀਆਂ ਨੂੰ ਮਜ਼ਬੂਰ ਹੋਣਾ ਪਵੇਗਾ। ਬਹੁਤ ਸਾਰੀਆਂ ਅਜਿਹੀਆਂ ਇੰਡਸਟਰੀਜ਼ ਹਨ ਜਿਨ੍ਹਾਂ ਨੇ ਹੁਣ ਹਫ਼ਤੇ ਵਿਚ 2 ਦਿਨ ਛੁੱਟੀ ਕਰਨੀ ਸ਼ੁਰੂ ਕਰ ਦਿੱਤੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਸਟੀਲ ਦੇ ਰੇਟਾਂ ’ਤੇ ਕੰਟਰੋਲ ਰੱਖਣ ਲਈ ਸਟੀਲ ਰੈਗੂਲੇਟਰੀ ਕਮਿਸ਼ਨ ਦਾ ਗਠਨ ਕਰੇ ਤਾਂ ਕਿ ਸਟੀਲ ਦੀਆਂ ਬਿਨਾਂ ਕਾਰਨ ਵਧਦੀਆਂ ਕੀਮਤਾਂ ’ਤੇ ਪਾਬੰਦੀ ਲਗਾਈ ਜਾ ਸਕੇ। ਨਿੱਕਲ, ਕਾਪਰ, ਜਿੰਕ ਜੋ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਜਾਦੇ ਹਨ, ਉਨ੍ਹਾਂ ’ਤੇ ਸਰਕਾਰ ਨੂੰ ਆਯਾਤ ਡਿਊਟੀ ਨੂੰ ਹਟਾ ਦੇਣਾ ਚਾਹੀਦਾ ਹੈ। ਜਿਸ ਨਾਲ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਕੁਝ ਘੱਟ ਹੋਣਗੀਆਂ ਅਤੇ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ। ਜੇਕਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਬਣਦੇ ਕਦਮ ਨਾ ਚੁੱਕੇ ਤਾਂ ਸਾਈਕਲ ਇੰਡਸਟਰੀ ਲਈ ਮੰਦੇ ਦੀ ਲਪੇਟ ਤੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਾਊਦੀ ਅਰਬ 'ਚ ਫਸੇ ਨੌਜਵਾਨ ਦਾ ਸਿਰ ਕਲਮ ਹੋਣ ਨੂੰ ਰਹਿ ਗਏ 72 ਘੰਟੇ, ਦੁਖ਼ੀ ਪਰਿਵਾਰ ਦੀ ਪੰਜਾਬੀਆਂ ਨੂੰ ਅਪੀਲ
NEXT STORY