ਸ਼ੇਰਪੁਰ(ਸਿੰਗਲਾ)-‘ਜਗ ਬਾਣੀ’ ਵਿਚ 1 ਅਗਸਤ ਨੂੰ ਦਲਿਤ ਪਰਿਵਾਰ ਨਾਲ ਸਬੰਧਤ ਹਰੀ ਸਿੰਘ ਬਾਰੇ ‘ਲੋਕਾਂ ਦੀ ਗੰਦਗੀ ਸਾਫ ਕਰਨ ਵਾਲਾ ਖੁਦ ਗੰਦਗੀ ਦੇ ਢੇਰਾਂ ’ਤੇ’ ਸਿਰਲੇਖ ਹੇਠ ਛਪੀ ਖਬਰ ਦਾ ਅਸਰ ਸਵੇਰ ਹੁੰਦਿਆਂ ਹੀ ਦਿਖਾਈ ਦਿੱਤਾ। ਸਵੇਰੇ ਹੀ ਸਮਾਜਸੇਵੀ ਯਾਦਵਿੰਦਰ ਸਿੰਘ ਮਾਹੀ, ਗੁਰਨਾਮ ਸਿੰਘ ਸ਼ੇਰਪੁਰ, ਐਡਵੋਕੇਟ ਹਰਪ੍ਰੀਤ ਸਿੰਘ ਖੀਪਲ, ਰਣਜੀਤ ਸਿੰਘ ਰਾਣਾ ਬਾਜਵਾ, ਕੁਲਵਿੰਦਰ ਕੁਮਾਰ ਕਾਲਾ ਵਰਮਾ, ਕਾਕਾ ਸਿੰਘ ਢੰਡਾ, ਕਾਲਾ ਜਵੰਧਾਂ, ਮਨੀ ਖੇਡ਼ੀ ਅਤੇ ਵਿੰਦਰ ਖੇਡ਼ੀ ਆਦਿ ਆਗੂ ਹਰੀ ਸਿੰਘ ਦੀ ਕੁੱਲੀ ਅੱਗੇ ਲੱਗੇ ਗੰਦਗੀ ਦੀ ਢੇਰਾਂ ਦੀ ਸਫਾਈ ਕਰਨ ਲਈ ਪੁੱਜੇ ਅਤੇ ਦੋ ਟਰੈਕਟਰਾਂ ਦੀ ਮਦਦ ਨਾਲ ਗੰਦਗੀ ਦੇ ਢੇਰਾਂ ਨੂੰ ਚੁੱਕਣ ਦੇ ਯਤਨ ਸ਼ੁਰੂ ਕੀਤੇ ਗਏ। ਬੇਸ਼ੱਕ ਕੁਝ ਗੰਦਗੀ ਚੁਕਵਾ ਦਿੱਤੀ ਗਈ ਪਰ ਗੰਦਗੀ ਦੇ ਢੇਰ ਜ਼ਿਆਦਾ ਹੋਣ ਕਰਕੇ ਬਾਕੀ ਕੰਮ ਨੂੰ ਨੇਪਰੇ ਚਾਡ਼੍ਹਨ ਲਈ ਜੇ. ਸੀ. ਬੀ. ਮਸ਼ੀਨ ਨਾਲ ਕੰਮ ਕਰਵਾਇਆ ਜਾਵੇਗਾ। ਇਨ੍ਹਾਂ ਸਮਾਜਸੇਵੀ ਲੋਕਾਂ ਨੇ ‘ਜਗ ਬਾਣੀ’ ਦਾ ਇਸ ਵਿਸ਼ੇਸ਼ ਰਿਪੋਰਟ ਨੂੰ ਛਾਪਣ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ‘ਜਗ ਬਾਣੀ’ ਗਰੀਬ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਰਿਹਾ ਹੈ।
ਮੌਕੇ ’ਤੇ ਪੁੱਜੇ ਪਟਵਾਰੀ
ਸਬ-ਡਵੀਜ਼ਨ ਧੂਰੀ ਦੇ ਐੱਸ. ਡੀ. ਐੱਮ. ਦੀਪਕ ਰਹੇਲਾ ਨੇ ‘ਜਗ ਬਾਣੀ’ ਵਿਚ ਛਪੀ ਹਰੀ ਸਿੰਘ ਸਬੰਧੀ ਖਬਰ ਦਾ ਨੋਟਿਸ ਲੈਂਦੇ ਹੋਏ ਨਾਇਬ ਤਹਿਸੀਲਦਾਰ ਸ਼ੇਰਪੁਰ ਕਰਮਜੀਤ ਸਿੰਘ ਨੂੰ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਭੇਜਣ ਲਈ ਕਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਟਵਾਰੀ ਰਾਜਵਿੰਦਰ ਸਿੰਘ ਅਤੇ ਸੁਖਚੈਨ ਸਿੰਘ ਮੌਕੇ ’ਤੇ ਪੁੱਜੇ ਅਤੇ ਇਸ ਬਾਰੇ ਲਿਖਤੀ ਰਿਪਰੋਟ ਭੇਜਣ ਦੀ ਗੱਲ ਕੀਤੀ। ਨਾਇਬ ਤਹਿਸੀਲਦਾਰ ਸ਼ੇਰਪੁਰ ਕਰਮਜੀਤ ਸਿੰਘ ਨੇ ਕਿਹਾ ਕਿ ਜੋ ਐੱਸ. ਡੀ. ਐੱਮ. ਧੂਰੀ ਨੇ ਇਸ ਬਾਰੇ ਜਾਣਕਾਰੀ ਇਕੱਤਰ ਕਰ ਕੇ ਦੇਣ ਨੂੰ ਕਿਹਾ ਹੈ, ਉਹ ਭੇਜ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਨੂੰ ਲਾਗੂ ਕਰਵਾਉਣ ਲਈ ਯਤਨ ਕੀਤਾ ਜਾਵੇਗਾ।
ਗੈਸ-ਚੁੱਲ੍ਹੇ, ਸਿਲੰਡਰ ਅਤੇ ਰਾਸ਼ਨ ਦਾ ਹੋਇਆ ਪ੍ਰਬੰਧ
ਨੌਜਵਾਨ ਸਮਾਜਸੇਵੀ ਯਾਦਵਿੰਦਰ ਸਿੰਘ ਮਾਹੀ ਨੇ ਆਪਣੇ ਦੋਸਤ ਆਸ਼ਿਮਾ ਗੈਸ ਏਜੰਸੀ ਦੇ ਮਾਲਕ ਗੁਰਵਿੰਦਰ ਸਿੰਘ ਗੁਰੀ ਨੂੰ ਜਦੋਂ ਹਰੀ ਸਿੰਘ ਦੀ ਹਾਲਤ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਤੁਰੰਤ ਇਕ ਗੈਸ ਸਿਲੰਡਰ, ਚੁੱਲ੍ਹਾ ਤੇ ਹੋਰ ਸਾਮਾਨ ਮੌਕੇ ’ਤੇ ਹੀ ਦੇ ਦਿੱਤਾ। ਪਿੰਡ ਗੋਬਿੰਦਰਪੁਰਾ ਦੇ ਸਮਾਜਸੇਵੀ ਨਰਿੰਦਰ ਸਿੰਘ ਅੱਤਰੀ ਨੇ ਹਰੀ ਸਿੰਘ ਦੀ ਮਦਦ ਕਰਨ ਲਈ ਦੋ ਥੈਲੀਆਂ ਆਟਾ ਅਤੇ ਪਿੰਡ ਕਾਲਾਬੂਲਾ ਦੇ ਨੌਜਵਾਨ ਨੇ ਹੋਰ ਸਾਮਾਨ ਦਿੰਦੇ ਹੋਏ ਪਰਿਵਾਰ ਲਈ ਇਕ ਮਹੀਨੇ ਦੇ ਰਾਸ਼ਨ ਦਾ ਮੌਕੇ ’ਤੇ ਪ੍ਰਬੰਧ ਕਰ ਕੇ ਦਿੱਤਾ। ਹਰੀ ਸਿੰਘ ਦੇ ਪਰਿਵਾਰ ਦੀ ਹਾਲਤ ਇਹ ਸੀ ਕਿ ਰਾਤ ਨੂੰ ਸੌਣ ਲਈ ਪਰਿਵਾਰ ਕੋਲ ਪੂਰੇ ਮੰਜੇ ਤੱਕ ਨਹੀਂ ਸਨ, ਜਿਸ ਕਰਕੇ ਉਸ ਦੇ ਪਰਿਵਾਰ ਦੇ ਮੈਂਬਰ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਲਈ ਬਣਾਈ ਰੇਹਡ਼ੀ ’ਤੇ ਹੀ ਕੱਪਡ਼ਾ ਵਿਛਾ ਕੇ ਸੌਂਦੇ ਸਨ। ਨੌਜਵਾਨ ਆਗੂ ਕਾਲਾ ਵਰਮਾ ਨੇ ਮੰਜੇ ਦਾ ਪ੍ਰਬੰਧ ਕਰ ਕੇ ਦਿੱਤਾ ਅਤੇ ਗੁਰਨਾਮ ਸਿੰਘ ਸ਼ੇਰਪੁਰ ਨੇ ਪੂਰੇ ਪਰਿਵਾਰ ਲਈ 5 ਮੱਛਰਦਾਨੀਆਂ ਅਤੇ ਬਾਂਸ ਦੀਆਂ ਸੋਟੀਆਂ ਲੈ ਕੇ ਦਿੱਤੀਆਂ।
ਨਸ਼ੇ ਵਾਲੀਅਾਂ ਦਵਾਈਆਂ ਤੇ ਸ਼ਰਾਬ ਸਣੇ 1 ਅੌਰਤ ਕਾਬੂ, ਦੂਜੀ ਫਰਾਰ
NEXT STORY