ਜਲੰਧਰ (ਖੁਰਾਣਾ)-ਅਮਿਤ ਕੁਕਰੇਜਾ ਨੂੰ ਐਤਵਾਰ ਦੇਰ ਸ਼ਾਮ ਸ਼ਹਿਰ ਦੇ ਵੱਕਾਰੀ ਜਲੰਧਰ ਜਿਮਖਾਨਾ ਕਲੱਬ ਦਾ ਨਵਾਂ ਸੈਕਟਰੀ ਚੁਣ ਲਿਆ ਗਿਆ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਵਿਜੇ ਸਹਿਦੇਵ ਨੂੰ ਰਿਕਾਰਡ 1720 ਵੋਟਾਂ ਨਾਲ ਹਰਾਇਆ। ਅਮਿਤ ਕੁਕਰੇਜਾ ਨੂੰ 2074 ਵੋਟਾਂ ਪਈਆਂ, ਜਦਕਿ ਵਿਜੇ ਸਹਿਦੇਵ 354 ਵੋਟਾਂ ਹੀ ਪ੍ਰਾਪਤ ਕਰ ਸਕੇ। ਤਿਕੋਣੇ ਮੁਕਾਬਲੇ ਵਿਚ ਉਤਰੇ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਨੂੰ ਸਿਰਫ਼ 196 ਵੋਟਾਂ ਪਈਆਂ।
ਅਮਿਤ ਕੁਕਰੇਜਾ ਨੇ ਜਿਮਖਾਨਾ ਕਲੱਬ ਦੇ ਇਤਿਹਾਸ ਵਿਚ ਅੱਜ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਧੀਰਜ ਸੇਠ ਨੂੰ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੌਰਭ ਖੁੱਲਰ ਨੂੰ ਜਿਮਖਾਨਾ ਕਲੱਬ ਦਾ ਕੈਸ਼ੀਅਰ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਗੋਲਡੀ ਜਿਮਖਾਨਾ ਦੇ ਜੁਆਇੰਟ ਸੈਕਟਰੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਦੇਰ ਸ਼ਾਮ ਜਦੋਂ ਜਿਮਖਾਨਾ ਕਲੱਬ ਦੇ ਉਕਤ ਅਹੁਦਿਆਂ ਲਈ ਨਤੀਜਿਆਂ ਦਾ ਐਲਾਨ ਹੋਇਆ, ਤਾਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਦੀ ਖ਼ੁਸ਼ੀ ਨਾਲ ਜਿਮਖਾਨਾ ਕਲੱਬ ਦਾ ਮਾਹੌਲ ਖ਼ੁਸ਼ਗਵਾਰ ਹੋ ਗਿਆ ਅਤੇ ਸਮਰਥਕਾਂ ਨੇ ਆਪਣੇ ਜੇਤੂ ਉਮੀਦਵਾਰਾਂ ਦੀ ਜਿੱਤ ਦੀਆਂ ਖ਼ੁਸ਼ੀਆਂ ਮਨਾਈਆਂ।

Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 3 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ
ਸੌਰਭ ਖੁੱਲਰ ਨੇ ਗੁਰਦਰਸ਼ਨ ਸਿੰਘ ਕੋਚਰ ਨੂੰ 507 ਵੋਟਾਂ ਦੇ ਫ਼ਰਕ ਨਾਲ ਹਰਾਇਆ
ਜਿਮਖਾਨਾ ਕਲੱਬ ਚੋਣਾਂ ਵਿਚ ਅਚੀਵਰਜ਼ ਗਰੁੱਪ ਵੱਲੋਂ ਕੈਸ਼ੀਅਰ ਅਹੁਦੇ ਦੇ ਉਮੀਦਵਾਰ ਸੌਰਭ ਖੁੱਲਰ ਨੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਕੋਚਰ ਨੂੰ ਆਸਾਨੀ ਨਾਲ ਹਰਾ ਦਿੱਤਾ। ਖੁੱਲਰ ਨੇ ਕੋਚਰ ਨੂੰ 507 ਵੋਟਾਂ ਦੇ ਫ਼ਰਕ ਨਾਲ ਪਛਾੜਿਆ। ਜ਼ਿਕਰਯੋਗ ਹੈ ਕਿ ਸੌਰਭ ਖੁੱਲਰ ਇਸ ਤੋਂ ਪਹਿਲਾਂ ਵੀ ਜਿਮਖਾਨਾ ਕਲੱਬ ਵਿਚ ਐਗਜ਼ੀਕਿਊਟਿਵ ਮੈਂਬਰ, ਜੁਆਇੰਟ ਸੈਕਟਰੀ ਅਤੇ ਕੈਸ਼ੀਅਰ ਅਹੁਦੇ ’ਤੇ ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਗੁਰਦਰਸ਼ਨ ਸਿੰਘ ਕੋਚਰ ਨਾਲ ਫਸਵਾਂ ਮੰਨਿਆ ਜਾ ਰਿਹਾ ਸੀ। ਕੋਚਰ ਸਾਬਕਾ ਕੈਸ਼ੀਅਰ ਮੇਜਰ ਕੋਚਰ ਦੇ ਭਤੀਜੇ ਹਨ ਅਤੇ ਉਨ੍ਹਾਂ ਨੇ ਵੀ ਚੋਣ ਪ੍ਰਚਾਰ ਵਿਚ ਕਾਫ਼ੀ ਜ਼ੋਰ ਲਾਇਆ ਸੀ। ਹਾਲਾਂਕਿ, ਵੋਟਾਂ ਦੀ ਗਿਣਤੀ ਦੌਰਾਨ ਇਕ-ਦੋ ਰਾਊਂਡ ਛੱਡ ਕੇ ਸੌਰਭ ਖੁੱਲਰ ਲਗਭਗ ਸਾਰੇ ਰਾਊਂਡਾਂ ਵਿਚ ਅੱਗੇ ਰਹੇ ਅਤੇ ਅੰਤ ਵਿਚ ਉਨ੍ਹਾਂ 507 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਖੁੱਲਰ ਨੂੰ ਕੁੱਲ 1568 ਵੋਟਾਂ ਮਿਲੀਆਂ। ਸੌਰਭ ਖੁੱਲਰ ਦੀ ਜਿੱਤ ਦੇ ਨਾਲ ਹੀ ਅਚੀਵਰਜ਼ ਗਰੁੱਪ ਨੇ ਜਿਮਖਾਨਾ ਕਲੱਬ ਦੀਆਂ ਸਾਰੀਆਂ ਮੁੱਖ ਪੋਸਟਾਂ ’ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਨੂੰਹ-ਪੁੱਤ ਨੇ ਪਿਓ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ
ਪਹਿਲਾਂ ਹੀ ਜੁਆਇੰਟ ਸੈਕਟਰੀ ਚੁਣੇ ਜਾ ਚੁੱਕੇ ਹਨ ਹਰਪ੍ਰੀਤ ਸਿੰਘ ਗੋਲਡੀ
ਕਲੱਬ ਚੋਣਾਂ ਵਿਚ ਹਰਪ੍ਰੀਤ ਸਿੰਘ ਗੋਲਡੀ ਨੂੰ ਪਹਿਲਾਂ ਹੀ ਜਿਮਖਾਨਾ ਕਲੱਬ ਦਾ ਜੁਆਇੰਟ ਸੈਕਟਰੀ ਬਿਨਾਂ ਮੁਕਾਬਲਾ ਚੁਣਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਕਾਗਜ਼ ਭਰਨ ਦੀ ਅੰਤਿਮ ਤਰੀਕ ਤੋਂ ਬਾਅਦ ਹਰਪ੍ਰੀਤ ਗੋਲਡੀ ਦਾ ਸਿੱਧਾ ਮੁਕਾਬਲਾ ਅਨੂ ਮਾਟਾ ਨਾਲ ਸੀ। ਪਰ ਅਚਾਨਕ ਮੈਡੀਕਲ ਰਿਪੋਰਟ ਵਿਚ ਅਨੂ ਮਾਟਾ ਨੂੰ ਇਕ ਨਾਮੁਰਾਦ ਬੀਮਾਰੀ ਨੇ ਘੇਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਇਲਾਜ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ, ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਗੋਲਡੀ ਬਿਨਾਂ ਮੁਕਾਬਲਾ ਹੀ ਚੁਣੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਪ੍ਰੀਤ ਗੋਲਡੀ ਕਲੱਬ ਵਿਚ ਦੋ ਵਾਰ ਐਗਜ਼ੀਕਿਊਟਿਵ ਪੋਸਟ ’ਤੇ ਰਹਿ ਚੁੱਕੇ ਹਨ ਅਤੇ ਕਲੱਬ ਮੈਨੇਜਮੈਂਟ ਦਾ ਉਨ੍ਹਾਂ ਨੂੰ ਚੰਗਾ ਤਜਰਬਾ ਵੀ ਹੈ।

ਅਨੂ ਮਾਟਾ ਲਈ ਨਿਰਾਸ਼ਾਜਨਕ ਰਹੀਆਂ ਇਹ ਚੋਣਾਂ
ਅਨੂ ਮਾਟਾ ਇਕ ਅਜਿਹੀ ਔਰਤ ਹਨ, ਜਿਨ੍ਹਾਂ ਨੇ ਜਿਮਖਾਨਾ ਕਲੱਬ ਚੋਣਾਂ ਵਿਚ ਮਰਦਾਂ ਦਾ ਦਬਦਬਾ ਤੋੜਿਆ। ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਉਨ੍ਹਾਂ ਐਗਜ਼ੀਕਿਊਟਿਵ ਵਿਚ ਐਂਟਰੀ ਕੀਤੀ, ਉਦੋਂ ਕੋਈ ਵੀ ਔਰਤ ਉਮੀਦਵਾਰ ਜਿਮਖਾਨਾ ਮੈਨੇਜਮੈਂਟ ਵਿਚ ਨਹੀਂ ਹੁੰਦੀ ਸੀ। ਉਸ ਤੋਂ ਬਾਅਦ ਅਨੂ ਮਾਟਾ ਨੇ ਕਈ ਵਾਰ ਐਗਜ਼ੀਕਿਊਟਿਵ ਰਹਿ ਕੇ ਲੰਘੀ ਟੀਮ ਵਿਚ ਜੁਆਇੰਟ ਸੈਕਟਰੀ ਪੋਸਟ ਵੀ ਸੰਭਾਲੀ। ਇਸ ਵਾਰ ਵੀ ਉਨ੍ਹਾਂ ਜਿਮਖਾਨਾ ਕਲੱਬ ਚੋਣਾਂ ਲਈ ਸਭ ਤੋਂ ਪਹਿਲਾਂ ਤਿਆਰੀ ਕੀਤੀ ਅਤੇ ਐਲਾਨ ਕੀਤਾ ਹੋਇਆ ਸੀ ਕਿ ਉਹ ਜੁਆਇੰਟ ਸੈਕਟਰੀ ਪੋਸਟ ’ਤੇ ਹੀ ਲੜਨਗੇ। ਉਨ੍ਹਾਂ ਚੋਣ ਪ੍ਰਚਾਰ ਦਾ ਪਹਿਲਾ ਪੜਾਅ ਵੀ ਪੂਰਾ ਕਰ ਲਿਆ ਸੀ ਅਤੇ ਨਾਮਜ਼ਦਗੀ ਕਾਗਜ਼ ਵੀ ਭਰ ਦਿੱਤਾ, ਪਰ ਐਨ ਮੌਕੇ ’ਤੇ ਉਨ੍ਹਾਂ ਨੂੰ ਗੰਭੀਰ ਬੀਮਾਰੀ ਡਿਟੈਕਟ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਸ਼ੁੱਭਚਿੰਤਕਾਂ ਦੇ ਦਬਾਅ ਵਿਚ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈਣਾ ਪਿਆ, ਨਹੀਂ ਤਾਂ ਉਹ ਹਰਪ੍ਰੀਤ ਸਿੰਘ ਗੋਲਡੀ ਨੂੰ ਪੂਰੀ ਟੱਕਰ ਦੇ ਰਹੇ ਸਨ। ਇਸ ਤਰ੍ਹਾਂ ਅਨੂ ਮਾਟਾ ਭਾਵੇਂ ਜ਼ੇਰੇ-ਇਲਾਜ ਹਨ, ਪਰ ਇਹ ਚੋਣਾਂ ਉਨ੍ਹਾਂ ਲਈ ਕਾਫ਼ੀ ਨਿਰਾਸ਼ਾਜਨਕ ਸਾਬਤ ਹੋਈਆਂ।
ਇਹ ਵੀ ਪੜ੍ਹੋ: ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ ਖੁੱਲ੍ਹਿਆ ਭੇਤ ਤਾਂ...
ਧੀਰਜ ਸੇਠ ਨੇ ਦਲਜੀਤ ਸਿੰਘ ਛਾਬੜਾ ਨੂੰ 485 ਵੋਟਾਂ ਨਾਲ ਹਰਾਇਆ
ਅਚੀਵਰਜ਼ ਗਰੁੱਪ ਵੱਲੋਂ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਧੀਰਜ ਸੇਠ ਨੇ ਅੱਜ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਦਲਜੀਤ ਸਿੰਘ ਛਾਬੜਾ ਨੂੰ 485 ਵੋਟਾਂ ਨਾਲ ਹਰਾ ਦਿੱਤਾ। ਇਕ-ਦੋ ਰਾਊਂਡਾਂ ਨੂੰ ਛੱਡ ਕੇ ਬਾਕੀ ਸਾਰੇ ਰਾਊਂਡਾਂ ਵਿਚ ਧੀਰਜ ਸੇਠ ਦਲਜੀਤ ਸਿੰਘ ਛਾਬੜਾ ਤੋਂ ਅੱਗੇ ਰਹੇ।
ਜ਼ਿਕਰਯੋਗ ਹੈ ਕਿ ਧੀਰਜ ਸੇਠ ਪਹਿਲਾਂ ਵੀ ਜਿਮਖਾਨਾ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਅਤੇ ਕੈਸ਼ੀਅਰ ਰਹਿ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਨੂੰ ਅਚੀਵਰਜ਼ ਗਰੁੱਪ ਨੇ ਮੈਦਾਨ ਵਿਚ ਉਤਾਰਿਆ ਸੀ। ਉਨ੍ਹਾਂ ਦਾ ਦਲਜੀਤ ਸਿੰਘ ਛਾਬੜਾ ਨਾਲ ਤਕੜਾ ਮੁਕਾਬਲਾ ਮੰਨਿਆ ਜਾ ਰਿਹਾ ਸੀ, ਪਰ ਅੰਤ ਵਿਚ ਜਿੱਤ ਧੀਰਜ ਸੇਠ ਦੀ ਹੋਈ।

ਭਾਰੀ ਗਰਮੀ ਨੇ ਫ਼ਿੱਕਾ ਕੀਤਾ ਕਲੱਬ ਚੋਣਾਂ ਦਾ ਉਤਸ਼ਾਹ, ਸੀਨੀਅਰ ਮੈਂਬਰਾਂ ਨੂੰ ਵੀ ਧੁੱਪ ’ਚ ਲਾਈਨਾਂ ਵਿਚ ਲੱਗਣਾ ਪਿਆ
4078 ਵੋਟਰਾਂ ਵਿਚੋਂ 2652 ਨੇ ਹੀ ਪਾਈ ਵੋਟ
ਜਿਮਖਾਨਾ ਕਲੱਬ ਦੀਆਂ ਐਤਵਾਰ ਨੇਪਰੇ ਚੜ੍ਹੀਆਂ ਚੋਣਾਂ ਦੌਰਾਨ ਭਾਰੀ ਗਰਮੀ ਅਤੇ ਹੁੰਮਸ ਨੇ ਵੋਟਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਾਰਾ ਦਿਨ ਪ੍ਰੇਸ਼ਾਨ ਕਰੀ ਰੱਖਿਆ। ਗਰਮੀ ਦਾ ਅਸਰ ਵੋਟਿੰਗ ’ਤੇ ਵੀ ਸਾਫ ਦਿਖਾਈ ਦਿੱਤਾ ਅਤੇ ਇਸ ਵਾਰ ਵੋਟਿੰਗ ਪਿਛਲੀ ਵਾਰ ਦੇ ਮੁਕਾਬਲੇ ਕਾਫੀ ਘੱਟ ਰਹੀ।
ਪਿਛਲੀਆਂ ਚੋਣਾਂ ਵਿਚ ਜਿੱਥੇ 2900 ਤੋਂ ਜ਼ਿਆਦਾ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ, ਉੱਥੇ ਹੀ ਇਸ ਵਾਰ 2652 ਵੋਟਾਂ ਹੀ ਪਈਆਂ। ਇਸ ਵਾਰ ਜਿਮਖਾਨਾ ਕਲੱਬ ਦੇ ਰਿਕਾਰਡ 4078 ਮੈਂਬਰ ਵੋਟਰ ਬਣੇ ਸਨ। ਚੋਣਾਂ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਮੌਸਮ ਅਨੁਕੂਲ ਰਿਹਾ ਤਾਂ ਵੋਟਿੰਗ ਦਾ ਅੰਕੜਾ 3000 ਦੇ ਪਾਰ ਜਾ ਸਕਦਾ ਹੈ, ਪਰ ਭਾਰੀ ਗਰਮੀ ਕਾਰਨ ਅਜਿਹਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼
ਚੋਣਾਂ ਦੌਰਾਨ ਸੀਨੀਅਰ ਸਿਟੀਜ਼ਨ ਮੈਂਬਰਾਂ ਨੂੰ ਵੀ ਲੰਬੀਆਂ ਲਾਈਨਾਂ ਵਿਚ ਧੁੱਪ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਉਨ੍ਹਾਂ ਲਈ ਵੱਖਰਾ ਪ੍ਰਬੰਧ ਨਾ ਹੋਣ ’ਤੇ ਵਾਈਬ੍ਰੈਂਟ ਸੀਨੀਅਰਜ਼ ਨੇ ਨਾਰਾਜ਼ਗੀ ਪ੍ਰਗਟਾਈ ਹੈ। ਵਾਈਬ੍ਰੈਂਟ ਸੀਨੀਅਰਜ਼ ਦੇ ਚੇਅਰਮੈਨ ਪੀ. ਪੀ. ਸਿੰਘ ਆਹਲੂਵਾਲੀਆ ਐਡਵੋਕੇਟ ਨੇ ਕਿਹਾ ਕਿ ਚੋਣਾਂ ਦੌਰਾਨ ਸੀਨੀਅਰ ਮੈਂਬਰਾਂ ਲਈ ਯੋਗ ਸਹੂਲਤਾਂ ਦੀ ਘਾਟ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗ ਮੈਂਬਰਾਂ ਨੇ ਸਾਲਾਂ ਤੱਕ ਜਿਮਖਾਨਾ ਕਲੱਬ ਦੀ ਨੀਂਹ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ, ਉਨ੍ਹਾਂ ਨੂੰ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਭਾਰੀ ਗਰਮੀ ਵਿਚ ਲਾਈਨਾਂ ਵਿਚ ਖੜ੍ਹਨਾ ਪਿਆ।

ਉਨ੍ਹਾਂ ਕਿਹਾ ਕਿ ਸੀਨੀਅਰ ਮੈਂਬਰਾਂ ਲਈ ਨਾ ਤਾਂ ਵੱਖਰੀਆਂ ਲਾਈਨਾਂ ਦਾ ਪ੍ਰਬੰਧ ਸੀ ਅਤੇ ਨਾ ਹੀ ਕੋਈ ਪ੍ਰਾਇਰਟੀ (ਪਹਿਲ) ਬੂਥ ਬਣਾਇਆ ਗਿਆ ਸੀ। ਤੇਜ਼ ਧੁੱਪ ਅਤੇ ਹੁੰਮਸ ਵਿਚ ਬਜ਼ੁਰਗ ਮੈਂਬਰਾਂ ਨੂੰ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ, ਜੋ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਸੀ।
ਆਹਲੂਵਾਲੀਆ ਨੇ ਕਿਹਾ ਕਿ ਸੀਨੀਅਰ ਮੈਂਬਰ ਕਲੱਬ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਚੋਣਾਂ ਵਰਗੇ ਮੌਕੇ ’ਤੇ ਉਨ੍ਹਾਂ ਲਈ ਸਨਮਾਨਜਨਕ ਅਤੇ ਸੁਵਿਧਾਜਨਕ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿਚ ਕਲੱਬ ਚੋਣਾਂ ਦੌਰਾਨ ਸੀਨੀਅਰ ਮੈਂਬਰਾਂ ਲਈ ਵੱਖਰੀ ਲਾਈਨ, ਬੈਠਣ ਦਾ ਪ੍ਰਬੰਧ, ਛਾਂਦਾਰ ਜਗ੍ਹਾ ਅਤੇ ਪਹਿਲ ਦੇ ਆਧਾਰ ’ਤੇ ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।
ਐਗਜ਼ੀਕਿਊਟਿਵ ’ਚ ਇਨ੍ਹਾਂ ਨੂੰ ਨਸੀਬ ਹੋਈ ਜਿੱਤ
ਪ੍ਰੋ. ਵਿਪਨ ਝਾਂਜੀ- 1306 ਵੋਟ
ਸ਼ਾਲਿਨੀ ਕਾਲੜਾ- 1189 ਵੋਟ
ਨਿਤਿਨ ਬਹਿਲ- 1082 ਵੋਟ
ਜੁਬਿਨ ਸ਼ੰਗਾਰੀ- 1068 ਵੋਟੋ
ਸ਼ਾਲਿਨ ਜੋਸ਼ੀ- 1029 ਵੋਟ
ਮਹਿੰਦਰ ਸਿੰਘ- 1024 ਵੋਟ
ਅਤੁਲ ਤਲਵਾੜ- 999 ਵੋਟ
ਵਿੰਨੀ ਸ਼ਰਮਾ ਧਵਨ- 998 ਵੋਟ
ਐੱਮ. ਬੀ. ਬਾਲੀ- 947 ਵੋਟ
ਸੀ. ਏ. ਰਾਜੀਵ ਬੰਸਲ

ਕੈਂਡੀਡੇਟ ਮਨਿੰਦਰ ਬੇਦੀ ਆਪਣੀ ਵੋਟ ਹੀ ਨਹੀਂ ਪਾ ਸਕੇ
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਕਲੱਬ ਚੋਣਾਂ ਵਿਚ ਐਗਜ਼ੀਕਿਊਟਿਵ ਪੋਸਟ ਲਈ ਖੜ੍ਹੇ ਉਮੀਦਵਾਰ ਮਨਿੰਦਰ ਬੇਦੀ ਆਪਣੀ ਵੋਟ ਹੀ ਨਹੀਂ ਪਾ ਸਕੇ। ਪਤਾ ਲੱਗਾ ਹੈ ਕਿ ਮਨਿੰਦਰ ਬੇਦੀ ਨੇ ਵੋਟਿੰਗ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਯਾਨੀ 5 ਵਜੇ ਤੋਂ ਪਹਿਲਾਂ ਹੀ ਆਪਣੀ ਵੋਟਿੰਗ ਸਲਿੱਪ ਕਟਵਾ ਲਈ ਸੀ ਅਤੇ ਜਦੋਂ ਉਹ ਵੋਟਿੰਗ ਕੇਂਦਰ ਵਿਚ ਆਪਣੀ ਵੋਟ ਪਾਉਣ ਲਈ ਗਏ ਤਾਂ 5 ਵੱਜ ਕੇ 1 ਮਿੰਟ ਹੋਇਆ ਸੀ, ਪਰ ਉਦੋਂ ਹੀ ਵੋਟਿੰਗ ਕੇਂਦਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਮਨਿੰਦਰ ਬੇਦੀ ਨੂੰ ਐਗਜ਼ੀਕਿਊਟਿਵ ਚੋਣ ਵਿਚ 310 ਵੋਟਾਂ ਹੀ ਮਿਲੀਆਂ।
ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੋਟਿੰਗ ਸਲਿੱਪ ਕੱਟੀ ਜਾਂਦੀ ਹੈ ਤਾਂ ਉਸ ਕੰਪਲੈਕਸ ਵਿਚ ਜਿੰਨੇ ਵੋਟਰ ਰਹਿ ਜਾਂਦੇ ਹਨ, ਉਨ੍ਹਾਂ ਦੀ ਵੋਟ ਪੁਆ ਲਈ ਜਾਂਦੀ ਹੈ। ਪਰ ਅੱਜ ਕਲੱਬ ਚੋਣਾਂ ਵਿਚ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਕਈ ਹੋਰ ਮੈਂਬਰਾਂ ਵਿਚ ਵੀ ਰੋਸ ਹੈ, ਜੋ ਵੋਟ ਪਾਉਣ ਤੋਂ ਵਾਂਝੇ ਰਹਿ ਗਏ।
ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ 30 ਵਿਧਾਨ ਸਭਾ ਹਲਕਿਆਂ ਲਈ ਪਹਿਲੀ ਸੂਚੀ ਜਾਰੀ
NEXT STORY