ਜਲੰਧਰ : ਪਾਰਟੀ ਤੋਂ ਮੁਅੱਤਲ ਚੱਲ ਰਹੇ ਜੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੱਲ ਤੱਕ ਯਾਨੀ ਕਿ 25 ਜਨਵਰੀ ਨੂੰ ਬਹਾਲੀ ਹੋਣ ਦੀ ਸੰਭਾਵਨਾ ਹੈ। ਖਬਰਾਂ ਮਿਲ ਰਹੀਆਂ ਹਨ ਕਿ ਕੁਲਬੀਰ ਜ਼ੀਰਾ ਅੱਜਕਲ ਦਿੱਲੀ ਨੇ, ਜਿੱਥੇ ਉਨ੍ਹਾਂ ਵੱਲੋਂ ਦਿੱਲੀ ਦੀ ਲੀਡਰਸ਼ਿਪ ਪਾਸੋਂ ਵੀ ਸਿਫਾਰਿਸ਼ਾਂ ਲਗਵਾਈਆਂ ਜਾ ਰਹੀਆਂ ਹਨ। ਦੂਜੇ ਪਾਸੇ 26 ਜਨਵਰੀ ਦਾ ਸਮਾਗਮ ਆ ਰਿਹਾ ਹੈ ਜੋ ਕਿ ਹਰ ਜ਼ਿਲ੍ਹੇ 'ਚ ਮਨਾਇਆ ਜਾਣਾ ਹੈ। ਫਿਰੋਜ਼ਪੁਰ 'ਚ ਵੀ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚ ਰਹੇ ਹਨ। ਉਨ੍ਹਾਂ ਦੇ ਨਾਲ ਸ਼ਹਿਰੀ ਅਤੇ ਦਿਹਾਤੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸਤਕਾਰ ਕੌਰ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਹਨ।
ਸੰਭਾਵਨਾ ਹੈ ਕਿ ਪਾਰਟੀ 26 ਜਨਵਰੀ ਦੇ ਸਮਾਗਮ ਤੋਂ ਪਹਿਲਾਂ ਜ਼ੀਰਾ ਦੀ ਬਹਾਲੀ ਕਰ ਦੇਵੇਗੀ ਕਿਉਂਕਿ ਜੇਕਰ ਉਹ ਸਮਾਗਮ 'ਚ ਸ਼ਾਮਲ ਨਹੀਂ ਹੁੰਦੇ ਤਾਂ ਮਾਮਲਾ ਹੋਰ ਵੀ ਗੰਭੀਰ ਹੋਵੇਗਾ ਅਤੇ ਸਮਾਗਮ 'ਚ ਪਹੁੰਚੇ ਮੰਤਰੀ ਨੂੰ ਵੀ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਪਾਰਟੀ ਦੀ ਕੋਸ਼ਿਸ਼ ਹੈ ਕਿ ਕੱਲ ਤੱਕ ਜ਼ੀਰਾ ਦਾ ਮਾਮਲਾ ਸੁਲਝਾ ਲਿਆ ਜਾਵੇਗਾ। ਜ਼ੀਰਾ ਦਾ ਮਾਮਲਾ ਸੁਲਝਾਉਣ ਲਈ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਜੀਰਾ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਨਸ਼ਿਆਂ ਦੇ ਮਾਮਲੇ 'ਚ ਕਾਂਗਰਸ ਖਿਲਾਫ ਭੜਾਸ ਕੱਢਣ ਵਾਲੇ ਜ਼ੀਰਾ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ।
ਕਰਜ਼ ਮੁਆਫੀ ਦੇ ਤੀਜੇ ਪੜਾਅ ਤਹਿਤ ਕੈਪਟਨ ਨੇ ਵੰਡੇ ਸਰਟੀਫਿਕੇਟ
NEXT STORY