ਮੋਹਾਲੀ (ਜੱਸੀ) : ਤਿੰਨ ਸਾਲ ਪਹਿਲਾਂ ਯੂ. ਪੀ. ਦੇ ਦਲੀਪ ਕੁਮਾਰ ਦੇ ਕਤਲ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ’ਚ ਹੋਈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਪਿਲ ਪਾਸਵਾਨ ਨਿਵਾਸੀ ਬਿਹਾਰ ਹਾਲ ਨਿਵਾਸੀ ਬਲੌਂਗੀ ਨੂੰ ਧਾਰਾ-302 ’ਚ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਜਦੋਂ ਕਿ ਜੁਰਮਾਨਾ ਅਦਾ ਨਾ ਕਰਨ ’ਤੇ 6 ਮਹੀਨੇ ਦੇ ਹੋਰ ਕੈਦ ਕੱਟਣੀ ਪਵੇਗੀ। ਸਰਕਾਰੀ ਧਿਰ ਵਜੋਂ ਕੇਸ ਦੀ ਪੈਰਵਾਈ ਹਰਦੀਪ ਸਿੰਘ ਰਮਾਣਾ ਉਪ-ਜ਼ਿਲ੍ਹਾ ਅਟਾਰਨੀ ਨੇ ਕੀਤੀ। ਹਰਦੀਪ ਸਿੰਘ ਰਮਾਣਾ ਨੇ ਦੱਸਿਆ ਕਿ ਪੁਲਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਦਲੀਪ ਕੁਮਾਰ ਦੀ ਸਾਲੀ ਨਾਲ ਮੁਲਜ਼ਮ ਕਪਿਲ ਪਾਸਵਾਨ ਦੇ ਨਾਜਾਇਜ਼ ਸਬੰਧ ਸਨ। ਪਾਸਵਾਨ ਨੂੰ ਲੱਗਿਆ ਕਿ ਦਲੀਪ ਦੇ ਵੀ ਉਸੇ ਔਰਤ ਨਾਲ ਸਬੰਧ ਹਨ, ਜੋ ਕਿ ਉਸ ਨੂੰ ਮਨਜ਼ੂਰ ਨਹੀਂ ਸੀ।
ਕਪਿਲ ਨੇ ਮਾਰਚ ’ਚ ਇਸੇ ਔਰਤ ’ਤੇ ਵੀ ਕਾਤਲਾਨਾ ਹਮਲਾ ਕੀਤਾ ਸੀ ਤਾਂ ਜੋ ਔਰਤ ਸਿਰਫ਼ ਉਸ ਦੀ ਬਣ ਕੇ ਰਹੇ। ਇਸ ਸਬੰਧੀ ਕਪਿਲ ਖ਼ਿਲਾਫ਼ ਬਲੌਂਗੀ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ ਦਲੀਪ ਕੁਮਾਰ ਬਲੌਂਗੀ ਵਿਖੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਤੇ ਵਿਆਹਿਆ ਹੋਇਆ ਸੀ ਜਦਕਿ ਕਪਿਲ ਵੀ ਵਿਆਹਿਆ ਹੋਇਆ ਹੈ ਤੇ ਵਿਹਲਾ ਹੈ। ਬਲੌਂਗੀ ਪੁਲਸ ਨੇ ਮਾਮਲੇ ’ਚ ਕਪਿਲ ਨੂੰ ਗ੍ਰਿਫ਼ਤਾਰ ਕਰਕੇ ਕਮਰੇ ’ਚ ਛੁਪਾਇਆ ਚਾਕੂ ਤੇ ਖ਼ੂਨ ਨਾਲ ਲੱਥਪੱਥ ਕੱਪੜੇ ਬਰਾਮਦ ਕੀਤੇ ਸਨ।
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕੇਂਦਰ ਦਾ ਵੱਡਾ ਕਦਮ, ਮੁਫ਼ਤ ਲਗ ਰਿਹਾ 4000 ਰੁਪਏ ਵਾਲਾ HPV ਟੀਕਾ
NEXT STORY