ਲੁਧਿਆਣਾ,(ਨਰਿੰਦਰ/ਵਿਜੇ): ਸ਼ਨੀਵਾਰ ਨੂੰ ਦੇਰ ਸ਼ਾਮ ਸ਼ਹਿਰ ਦੇ ਗਿਆਸਪੁਰਾ ਫਾਟਕ 'ਤੇ ਹੋਏ ਰੇਲ ਹਾਦਸੇ 'ਚ ਫਾਟਕ ਕਰਾਸ ਕਰ ਰਹੇ 3 ਲੋਕਾਂ ਦੀ ਮੌਤ ਹੋ ਗਈ ਪਰ ਪੁਲਸ ਵੱਲੋਂ 2 ਮੌਤਾਂ ਦੀ ਹੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਹਾਦਸਾ ਸ਼ਾਮ ਨੂੰ ਕਰੀਬ 8 ਵਜ ਕੇ 5 ਮਿੰਟ 'ਤੇ ਹੋਇਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਅੱਪ ਅਤੇ ਡਾਊਨ ਲਾਈਨਾਂ 'ਤੇ ਟਰੇਨਾਂ ਲੰਘ ਰਹੀਆਂ ਸਨ। ਇਕ ਲਾਈਨ 'ਤੇ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਟਰੇਨ ਲੰਘ ਸੀ ਅਤੇ ਦੂਜੀ ਲਾਈਨ 'ਤੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਆ ਰਹੀ ਸੀ। ਸ਼ਾਰਟ ਕੱਟ ਦੇ ਚੱਕਰ 'ਚ ਮੋਟਰਸਾਈਕਲ, ਸਾਈਕਲ ਅਤੇ ਐਕਟਿਵਾ ਸਵਾਰ ਲੋਕ ਅੱਪ ਲਾਈਨ 'ਤੇ ਆ ਰਹੀ ਸ਼ਤਾਬਦੀ ਐਕਸਪ੍ਰੈੱਸ ਦੀ ਲਪੇਟ 'ਚ ਆ ਗਏ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਇੰਨਾ ਦਰਦਨਾਕ ਸੀ ਕਿ ਐਕਸੀਡੈਂਟ ਕਾਰਣ ਲੋਕਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ, ਜੋ ਕਿ ਕਾਫੀ ਦੂਰ ਤੱਕ ਜਾ ਕੇ ਡਿੱਗੇ ਅਤੇ ਵਾਹਨਾਂ ਦੇ ਵੀ ਪਰਖੱਚੇ ਉੱਡ ਗਏ। ਇਸ ਕਾਰਣ ਟਰੇਨ ਹਾਦਸੇ ਵਾਲੀ ਥਾਂ 'ਤੇ ਕਰੀਬ ਅੱਧਾ ਘੰਟਾ ਖੜ੍ਹੀ ਰਹੀ। ਪਤਾ ਚੱਲਦੇ ਹੀ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ, ਏ. ਡੀ. ਸੀ. ਪੀ. ਹਰੀਸ਼ ਦਿਆਮਾ, ਏ. ਸੀ. ਪੀ. ਸੰਦੀਪ ਵਢੇਰਾ, ਜੀ. ਆਰ. ਪੀ. ਦੇ ਡੀ. ਐੱਸ. ਪੀ. ਪ੍ਰਦੀਪ ਸੰਧੂ, ਇੰਸਪੈਕਟਰ ਬਲਵੀਰ ਸਿੰਘ, ਇੰਸਪੈਕਟਰ ਅਨਿਲ ਕੁਮਾਰ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਪੁਲਸ ਨੇ ਸ਼ੁਰੂਆਤੀ ਜਾਂਚ 'ਚ ਮਰਨ ਵਾਲਿਆਂ ਦੀ ਪਛਾਣ ਮੁੰਡੀਆਂ ਨਿਵਾਸੀ ਗੁਰਪ੍ਰੀਤ ਕੌਰ, ਰਤਨਜੀਤ ਸਿੰਘ ਦੇ ਰੂਪ 'ਚ ਕੀਤੀ ਹੈ, ਜਦੋਂਕਿ ਜ਼ਖਮੀਆਂ 'ਚ ਫੋਕਲ ਪੁਆਇੰਟ ਦੇ ਅਰਜੁਨ, ਗੋਬਿੰਦਾ, ਸੰਨੀ, ਲਾਲ ਜੀ ਅਤੇ ਵਿਕਾਸ ਸ਼ਾਮਲ ਹਨ। 2 ਹੋਰ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਦੋਂਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ। ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਗੁਰਪ੍ਰੀਤ ਕੌਰ ਸੂਆ ਰੋਡ 'ਤੇ ਕਿਸੇ ਸਾਈਕਲ ਫੈਕਟਰੀ 'ਚ ਕੰਮ ਕਰਦੀ ਸੀ, ਜਦੋਂਕਿ ਰਤਨਜੀਤ ਸਿੰਘ ਕੋਕਾ ਕੋਲਾ ਫੈਕਟਰੀ 'ਚ ਸੁਪਰਵਾਈਜ਼ਰ ਸੀ। ਮੌਕੇ ਤੋਂ ਲੋਕਾਂ ਦੇ ਟੁੱਟੇ ਹੋਏ ਵਾਹਨ ਵੀ ਕਬਜ਼ੇ 'ਚ ਲੈ ਲਏ ਗਏ ਹਨ। ਐਤਵਾਰ ਨੂੰ ਸਵੇਰੇ ਜ਼ਖਮੀਆਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਾਦਸੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਪਾਸੇ ਫਾਟਕ ਲੱਗੇ ਹੋਏ ਸਨ। ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਟਰੇਨ ਨਿਕਲੀ ਤਾਂ ਜਲਦਬਾਜ਼ੀ 'ਚ ਕਈ ਲੋਕ ਆਪਣੇ ਵਾਹਨ ਲੈ ਕੇ ਨਿਕਲ ਗਏ। ਕੁਝ ਹੀ ਮਿੰਟ ਾਂ ਬਾਅਦ ਨਵੀਂ ਦਿੱਲੀ ਵੱਲੋਂ ਸ਼ਤਾਬਦੀ ਐਕਸਪ੍ਰੈੱਸ ਆ ਰਹੀ ਸੀ, ਜਿਸ ਦੀ ਸਪੀਡ ਕਾਫੀ ਤੇਜ਼ ਸੀ। ਵਾਹਨ ਸਵਾਰ ਲੋਕ ਇਕਦਮ ਵਾਪਸ ਨਾ ਹੋ ਸਕੇ ਕਿਉਂਕਿ ਉਨ੍ਹਾਂ ਦੇ ਪਿੱਛੇ ਵੀ ਵਾਹਨ ਸਨ। ਇਸ ਜਲਦਬਾਜ਼ੀ 'ਚ ਉਹ ਜਾਨ ਗੁਆ ਬੈਠੇ।
ਸੀ. ਟੀ. ਵਜਾ ਕੇ ਲੋਕਾਂ ਨੂੰ ਰੋਕਦਾ ਰਿਹਾ : ਹਨੀ
ਡਿਊਟੀ 'ਤੇ ਤਾਇਨਾਤ ਗੇਟਮੈਨ ਨੇ ਦੱਸਿਆ ਕਿ ਰਾਤ ਨੂੰ ਫੈਕਟਰੀਆਂ 'ਚ ਛੁੱਟੀ ਹੋਣ ਕਾਰਣ ਫਾਟਕ 'ਤੇ ਰਸ਼ ਰਹਿੰਦਾ ਹੈ। ਸ਼ਨੀਵਾਰ ਨੂੰ ਵੀ ਪਹਿਲਾਂ ਚੰਡੀਗੜ੍ਹ ਵਾਲੀ ਟਰੇਨ ਨਿਕਲੀ ਤਾਂ ਲੋਕਾਂ ਨੇ ਇਕ ਦਮ ਨਿਕਲਣਾ ਸ਼ੁਰੂ ਕਰ ਦਿੱਤਾ ਪਰ ਦੂਜੀ ਸ਼ਤਾਬਦੀ ਆਉਣ ਕਾਰਣ ਫਾਟਕ ਬੰਦ ਰੱਖਣਾ ਸੀ। ਟਰੈਕ ਨਜ਼ਦੀਕ ਖੜ੍ਹੇ ਲੋਕਾਂ ਨੂੰ ਉਹ ਸੀ. ਟੀ. ਵਜਾ ਕੇ ਪਿੱਛੇ ਹੋਣ ਲਈ ਕਹਿੰਦਾ ਰਿਹਾ ਪਰ ਕਿਸੇ ਨੇ ਜਲਦਬਾਜ਼ੀ ਕਾਰਣ ਉਸ ਦੀ ਪ੍ਰਵਾਹ ਨਹੀਂ ਕੀਤੀ ਅਤੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਜਿਸ ਕਾਰਣ ਜਲਦਬਾਜ਼ੀ ਕਾਰਣ ਹਾਦਸਾ ਹੋ ਗਿਆ।
ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਸੰਘਰ 'ਚ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
NEXT STORY