ਚੰਡੀਗੜ੍ਹ (ਗੰਭੀਰ) : ਸੜਕ ਹਾਦਸੇ ’ਚ ਪਤਨੀ ਅਤੇ ਮਾਂ ਨੂੰ ਗੁਆਉਣ ਵਾਲੇ ਪਰਿਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਦੁਆਰਾ ਤੈਅ 9.80 ਲੱਖ ਰੁਪਏ ਦੇ ਮੁਆਵਜ਼ੇ ਨੂੰ ਵਧਾ ਕੇ 22.62 ਲੱਖ ਰੁਪਏ ਕਰ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਦੀ ਸਿਰਫ਼ ਨੌਕਰੀ ਤੋਂ ਮਿਲਣ ਵਾਲੀ ਆਮਦਨ ਨੂੰ ਆਧਾਰ ਬਣਾ ਕੇ ਮੁਆਵਜ਼ਾ ਤੈਅ ਨਹੀਂ ਕੀਤਾ ਜਾ ਸਕਦਾ। ਉਹ ਪਤਨੀ ਤੇ ਦੋ ਸਕੂਲ ਜਾਣ ਵਾਲੇ ਬੱਚਿਆਂ ਦੀ ਮਾਂ ਹੋਣ ਦੇ ਨਾਲ-ਨਾਲ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਸੀ। ਇਸ ਘਰੇਲੂ ਯੋਗਦਾਨ ਨੂੰ ਵੀ ਮੁਆਵਜ਼ੇ ਦੇ ਮੁਲਾਂਕਣ ਦੌਰਾਨ ਧਿਆਨ ’ਚ ਰੱਖਣਾ ਹੋਵੇਗਾ। ਨਾਲ ਹੀ ਅਦਾਲਤ ਨੇ ਬੱਸ ਡਰਾਈਵਰ ਕੋਲ ਭਾਰੀ ਵਾਹਨ ਚਲਾਉਣ ਦਾ ਲਾਈਸੈਂਸ ਨਾ ਮਿਲਣ ’ਤੇ ਬੀਮਾ ਕੰਪਨੀ ਨੂੰ ਡਰਾਈਵਰ ਅਤੇ ਵਾਹਨ ਮਾਲਕ ਤੋਂ ਮੁਆਵਜ਼ੇ ਦੀ ਰਕਮ ਵਸੂਲਣ ਦਾ ਅਧਿਕਾਰ ਦੇ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ਼! ਕਮਿਸ਼ਨਰ ਨੇ ਕੀਤਾ ਲਾਈਨ ਹਾਜ਼ਰ; ਜਾਣੋ ਵਜ੍ਹਾ
ਮਾਮਲਾ 20 ਅਕਤੂਬਰ, 2010 ਦਾ ਹੈ। ਰਾਕੇਸ਼ ਕੁਮਾਰ ਆਪਣੀ ਪਤਨੀ ਮੀਨਾ ਠਾਕੁਰ ਨਾਲ ਸਕੂਟਰ ’ਤੇ ਚੰਡੀਗੜ੍ਹ ਸੈਕਟਰ-35 ਸਥਿਤ ਘਰ ਜਾ ਰਿਹਾ ਸੀ। ਦੁਪਹਿਰ 3:15 ਵਜੇ ਦੇ ਕਰੀਬ ਕਿਸਾਨ ਭਵਨ ਚੌਕ ਨੇੜੇ ਪਿੱਛੇ ਤੋਂ ਆ ਰਹੀ ਬੱਸ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੀਨਾ ਠਾਕੁਰ ਸੜਕ ’ਤੇ ਡਿੱਗ ਪਈ ਅਤੇ ਬੱਸ ਦੇ ਅਗਲੇ ਖੱਬੇ ਪਹੀਏ ਹੇਠਾਂ ਆ ਗਈ। ਉਸ ਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸਮੇਂ ਮੀਨਾ ਠਾਕੁਰ ਦੀ ਉਮਰ 35 ਸਾਲ ਸੀ। ਉਹ ਪੰਚਕੂਲਾ ਦੇ ਉਦਯੋਗਿਕ ਖੇਤਰ ਸਥਿਤ ਇਕ ਕੰਪਨੀ ’ਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ ਅਤੇ ਨੌਂ ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਲੈ ਰਹੀ ਸੀ।
ਜਸਟਿਸ ਅਮਰਜੋਤ ਭੱਟੀ ਨੇ ਰਾਕੇਸ਼ ਕੁਮਾਰ ਅਤੇ ਹੋਰਨਾਂ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੀਆਂ ਅਪੀਲਾਂ ’ਤੇ ਫ਼ੈਸਲਾ ਸੁਣਾਇਆ। ਅਦਾਲਤ ਨੇ ਦੇਖਿਆ ਕਿ ਟ੍ਰਿਬਿਊਨਲ ਨੇ ਮ੍ਰਿਤਕਾ ਦੀ ਆਮਦਨ ਸਿਰਫ਼ ਨੌਂ ਹਜ਼ਾਰ ਰੁਪਏ ਮਾਸਿਕ ਮੰਨੀ ਸੀ ਜਦਕਿ ਉਹ ਪਤੀ ਤੇ 11 ਸਾਲ ਦੀ ਧੀ ਅਤੇ ਨੌਂ ਸਾਲ ਦੇ ਬੇਟੇ ਦੀ ਦੇਖਭਾਲ ਵੀ ਕਰ ਰਹੀ ਸੀ। ਹਾਈ ਕੋਰਟ ਨੇ ਉਸ ਦੀ ਆਮਦਨ ’ਚ ਘਰੇਲੂ ਜ਼ਿੰਮੇਵਾਰੀਆਂ ਲਈ ਤਿੰਨ ਹਜ਼ਾਰ ਰੁਪਏ ਜੋੜ ਕੇ ਮਾਸਿਕ ਆਮਦਨ 12 ਹਜ਼ਾਰ ਰੁਪਏ ਮੰਨੀ। ਇਸ ਤੋਂ ਬਾਅਦ ਭਵਿੱਖ ਦੀ ਆਮਦਨ ’ਚ 50 ਪ੍ਰਤੀਸ਼ਤ ਵਾਧਾ ਜੋੜਦਿਆਂ ਮਾਸਿਕ ਆਮਦਨ 16,500 ਰੁਪਏ ਤੈਅ ਕੀਤੀ। 35 ਸਾਲ ਦੀ ਉਮਰ ਦੇ ਆਧਾਰ ’ਤੇ 16 ਦਾ ਗੁਣਕ ਲਗਾ ਕੇ ਨਿਰਭਰਤਾ ਦੀ ਰਕਮ 21.12 ਲੱਖ ਰੁਪਏ ਤੈਅ ਕੀਤੀ ਗਈ। ਇਸ ਤੋਂ ਇਲਾਵਾ ਕੰਸੋਰਟੀਅਮ, ਜਾਇਦਾਦ ਦੇ ਨੁਕਸਾਨ ਤੇ ਅੰਤਮ ਸੰਸਕਾਰ ਦੇ ਖ਼ਰਚਿਆਂ ’ਚ ਰਕਮ ਜੋੜ ਕੇ ਕੁੱਲ ਮੁਆਵਜ਼ਾ 22.62 ਲੱਖ ਰੁਪਏ ਕੀਤਾ ਗਿਆ।
ਇਹ ਵੀ ਪੜ੍ਹੋ : ਟ੍ਰੇਨ ਹਾਦਸੇ 'ਚ ਮਾਰੇ ਗਏ ਯਾਤਰੀ ਕੋਲ ਟਿਕਟ ਨਾ ਹੋਣ 'ਤੇ ਵੀ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ
ਬੀਮਾ ਕੰਪਨੀ ਨੇ ਵੀ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਉਸ ਦਾ ਕਹਿਣਾ ਸੀ ਕਿ ਬੱਸ ਡਰਾਈਵਰ ਪੰਚਕ ਨਾਮਗਿਆਲ ਕੋਲ ਭਾਰੀ ਯਾਤਰੀ ਵਾਹਨ ਚਲਾਉਣ ਦਾ ਲਾਈਸੈਂਸ ਨਹੀਂ ਸੀ। ਮਾਮਲੇ ਦੀ ਜਾਂਚ ਦੌਰਾਨ ਲੇਹ ਦੇ ਏ.ਆਰ.ਟੀ.ਓ. ਦੀ ਗਵਾਹੀ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਡਰਾਈਵਰ ਦਾ ਲਾਈਸੈਂਸ ਹਲਕੇ ਆਵਾਜਾਈ ਵਾਹਨਾਂ ਅਤੇ ਜਨਤਕ ਸੇਵਾ ਵਾਹਨਾਂ ਲਈ ਤਸਦੀਕ ਸੀ ਪਰ ਭਾਰੀ ਵਾਹਨ ਚਲਾਉਣ ਲਈ ਨਹੀਂ ਸੀ। ਅਦਾਲਤ ਨੇ ਇਸ ਗਵਾਹੀ ਨੂੰ ਮਹੱਤਵਪੂਰਨ ਮੰਨਦਿਆਂ ਕਿਹਾ ਕਿ ਟ੍ਰਿਬਿਊਨਲ ਨੇ ਇਸ ਨੂੰ ਸਹੀ ਢੰਗ ਨਾਲ ਨਹੀਂ ਦੇਖਿਆ। ਹਾਈ ਕੋਰਟ ਨੇ ਬੀਮਾ ਕੰਪਨੀ ਦੀ ਅਪੀਲ ਵੀ ਸਵੀਕਾਰ ਕਰ ਲਈ। ਅਦਾਲਤ ਨੇ ਬੀਮਾ ਕੰਪਨੀ ਨੂੰ ਡਰਾਈਵਰ ਤੇ ਵਾਹਨ ਮਾਲਕ ਵਿਰੁੱਧ ਮੁਆਵਜ਼ੇ ਦੀ ਰਾਸ਼ੀ ਵਸੂਲੀ ਦਾ ਅਧਿਕਾਰ ਦਿੱਤਾ। ਇਸ ਤਰ੍ਹਾਂ ਮ੍ਰਿਤਕਾ ਦੇ ਪਰਿਵਾਰ ਦੇ ਹੱਕ ’ਚ ਮੁਆਵਜ਼ੇ ਵਜੋਂ ਲਗਭਗ 12.81 ਲੱਖ ਰੁਪਏ ਦੀ ਵਾਧੂ ਰਕਮ ਮਨਜ਼ੂਰ ਕੀਤੀ ਗਈ, ਜੋ ਕਿ ਅਪੀਲ ਦੀ ਮਿਤੀ ਤੋਂ ਭੁਗਤਾਨ ਤੱਕ ਟ੍ਰਿਬਿਊਨਲ ਦੁਆਰਾ ਤੈਅ ਵਿਆਜ ਸਮੇਤ ਦੇਣੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ
NEXT STORY