ਹੁਸ਼ਿਆਰਪੁਰ, (ਘੁੰਮਣ)- ਬੀਤੀ ਰਾਤ ਕਰੀਬ 11 ਵਜੇ ਅਚਾਨਕ ਤੇਜ਼ ਹਨੇਰੀ ਤੇ ਮੋਹਲੇਧਾਰ ਬਾਰਿਸ਼ ਨਾਲ ਜਿਥੇ ਤਾਪਮਾਨ 'ਚ ਭਾਰੀ ਗਿਰਾਵਟ ਆਈ, ਉਥੇ ਹਨੇਰੀ ਤੇ ਝੱਖੜ ਕਾਰਨ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਤੇ ਦਰੱਖ਼ਤ ਡਿੱਗ ਪਏ ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਬੰਦ ਹੋ ਗਈ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ ਅਚਾਨਕ ਤੇਜ਼ ਬਾਰਿਸ਼ ਤੇ ਹਨੇਰੀ ਸ਼ੁਰੂ ਹੋ ਗਈ, ਜਿਸ ਨਾਲ ਕਈ ਹੋਟਲਾਂ ਤੇ ਰੈਸਟੋਰੈਂਟਾਂ 'ਚ ਪਾਰਟੀਆਂ ਵਿਚ ਹਿੱਸਾ ਲਉਂ ਰਹੇ ਲੋਕਾਂ ਨੂੰ ਘਰ ਜਾਣ ਲਈ ਕਰੀਬ ਇਕ ਘੰਟੇ ਦਾ ਇੰਤਜ਼ਾਰ ਕਰਨਾ ਪਿਆ ਕਿਉਂਕਿ ਤੇਜ਼ ਹਨੇਰੀ-ਝੱਖੜ ਕਾਰਨ ਕੋਈ ਵੀ ਵਾਹਨ ਚਾਲਕ ਰਿਸਕ ਲੈਣ ਨੂੰ ਤਿਆਰ ਨਹੀਂ ਸੀ।
ਕੱਲ ਦਿਨ ਸਮੇਂ ਜਿਥੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਇਸ ਬਾਰਿਸ਼ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਫ਼ਸਲਾਂ ਲਈ ਵੀ ਕਾਰਗਰ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕ ਦਿਸੀ। ਅੱਜ ਸਵੇਰ ਦਾ ਤਾਪਮਾਨ ਘੱਟੋ-ਘੱਟ 26 ਡਿਗਰੀ ਰਿਕਾਰਡ ਕੀਤਾ ਗਿਆ, ਜਦਕਿ ਬਾਅਦ ਦੁਪਹਿਰ ਤਾਪਮਾਨ 39 ਡਿਗਰੀ ਤੱਕ ਪਹੁੰਚ ਗਿਆ ਸੀ।
ਕਿਸਾਨਾਂ ਲਈ ਵਰਦਾਨ ਹੈ ਮੀਂਹ : ਬੀਤੀ ਰਾਤ ਹੋਈ ਬਾਰਿਸ਼ ਨੂੰ ਲੈ ਕੇ ਕਿਸਾਨਾਂ 'ਚ ਕਾਫੀ ਉਤਸ਼ਾਹ ਦਿੱਸਿਆ। ਪਿੰਡ ਕਸਬਾ ਦੇ ਵਾਸੀ ਪ੍ਰਿਥੀਪਾਲ ਸਿੰਘ, ਦਵਿੰਦਰ ਸਿੰਘ ਮਾਣਕਢੇਰੀ, ਪਿੰਡ ਕਾਲੂਵਾਹਰ ਦੇ ਸਰਪੰਚ ਨਵਰੂਪ ਸਿੰਘ ਤੇ ਗੁਰਕੰਵਲ ਸਿੰਘ ਮੁਰਾਦਪੁਰ ਨਰਿਆਲ ਨੇ ਕਿਹਾ ਕਿ ਇਹ ਬਾਰਿਸ਼ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਗੰਨੇ, ਮੱਕੀ ਤੇ ਚਾਰੇ ਦੀ ਮੌਜੂਦਾ ਫ਼ਸਲ ਨੂੰ ਪਾਣੀ ਦੀ ਲੋੜ ਸੀ, ਜਿਸ ਨਾਲ ਕਿਸਾਨ ਕਾਫੀ ਖੁਸ਼ ਹਨ।
ਝੋਨੇ ਦੀ ਬਿਜਾਈ ਲਈ ਤਿਆਰ ਹੋਏ
ਖੇਤ : ਜ਼ਿਲੇ ਵਿਚ ਝੋਨੇ ਦੀ ਬਿਜਾਈ 15 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸਬੰਧੀ ਸੁੱਖਾ ਮਾਣਕਢੇਰੀ, ਬੁੱਲ੍ਹੋਵਾਲ ਦੇ ਬਿਕਰਮ ਸਿੰਘ, ਸਾਂਧਰਾ ਦੇ ਸੁਰਜੀਤ ਕੁਮਾਰ ਤੇ ਪੁਰਾਣੀ ਬੱਸੀ ਦੇ ਦਵਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਜ਼ਮੀਨ ਠੰਡੀ ਕਰਨੀ ਪੈਂਦੀ ਹੈ। ਕੁਦਰਤੀ ਤੌਰ 'ਤੇ ਹੋਈ ਇਸ ਬਾਰਿਸ਼ ਨਾਲ ਖੇਤਾਂ ਵਿਚ ਕਾਫੀ ਨਮੀ ਆ ਗਈ ਹੈ ਤੇ ਖੇਤ ਝੋਨੇ ਦੀ ਬਿਜਾਈ ਲਈ ਤਿਆਰ ਹੋ ਗਏ ਹਨ।
ਅਗਲੇ 7 ਦਿਨ ਕਿਸ ਤਰ੍ਹਾਂ ਰਹੇਗਾ
ਮੌਸਮ : ਮੌਸਮ ਵਿਭਾਗ ਅਨੁਸਾਰ 8 ਜੂਨ ਨੂੰ ਅਸਮਾਨ 'ਚ ਬੱਦਲ ਛਾਏ ਰਹਿਣਗੇ ਤੇ ਤਾਪਮਾਨ ਘੱਟੋ-ਘੱਟ 26 ਡਿਗਰੀ ਤੇ ਵੱਧ ਤੋਂ ਵੱਧ 35 ਡਿਗਰੀ ਰਹੇਗਾ। 9 ਜੂਨ ਨੂੰ 26 ਡਿਗਰੀ ਤੋਂ 36 ਡਿਗਰੀ, 10 ਨੂੰ 25 ਤੋਂ 36 ਡਿਗਰੀ, 11 ਨੂੰ 25 ਤੋਂ 37 ਡਿਗਰੀ, 12 ਜੂਨ ਨੂੰ 26 ਤੋਂ 38 ਡਿਗਰੀ, 13 ਨੂੰ 27 ਤੋਂ 40 ਡਿਗਰੀ ਅਤੇ 14 ਜੂਨ ਨੂੰ ਘੱਟੋ-ਘੱਟ ਤਾਪਮਾਨ 28 ਡਿਗਰੀ ਤੇ ਵੱਧ ਤੋਂ ਵੱਧ 41 ਡਿਗਰੀ ਸੈਲਸੀਅਸ ਰਹੇਗਾ।
ਨੌਜਵਾਨ ਨੇ ਰੇਲ-ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY