ਫਤਿਹਗੜ੍ਹ ਸਾਹਿਬ, (ਜ.ਬ)- ਅੱਜ ਆੜ੍ਹਤੀ ਐਸੋਸੀਏਸ਼ਨ ਸਬਜ਼ੀ ਮੰਡੀ ਸਰਹਿੰਦ ਦੇ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ’ਚ ਸਮੂਹ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਸਰਹਿੰਦ ਦੇ ਸੈਕਟਰੀ ਤੇ ਏ. ਆਰ. ’ਤੇ ਪੈਸੇ ਮੰਗਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖਿਲਾਫ ਰੋਸ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਉਕਤ ਦੋਵੇਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਜਾਂ ਬਦਲੀ ਕੀਤੇ ਜਾਣ ਤੱਕ ਸਬਜ਼ੀ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ। ਇਸ ਧਰਨੇ ’ਚ ਸੀਨੀਅਰ ਅਕਾਲੀ ਨੇਤਾ ਗੁਰਬਿੰਦਰ ਸਿੰਘ ਭੱਟੀ, ‘ਆਪ’ ਪਾਰਟੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਰਾਏ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਸ਼ੇਰ ਸਿੰਘ, ਜ਼ਿਲਾ ਵਪਾਰ ਮੰਡਲ ਦੇ ਪ੍ਰਧਾਨ ਵਰਿੰਦਰ ਤੇ ਭਾਜਪਾ ਆਗੂ ਸ਼ਸ਼ੀ ਭੂਸ਼ਣ ਗੁਪਤਾ ਨੇ ਵੀ ਸ਼ਿਰਕਤ ਕੀਤੀ।
ਕੀ ਕਹਿੰਦੇ ਹਨ ਆੜ੍ਹਤੀ
ਆੜ੍ਹਤੀ ਐਸੋਸੀਏਸ਼ਨ ਸਬਜ਼ੀ ਮੰਡੀ ਸਰਹਿੰਦ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਸਰਹਿੰਦ ਦੇ ਸੈਕਟਰੀ ਗਗਨਦੀਪ ਸਿੰਘ ਤੇ ਏ. ਆਰ. ਜੋਗਿੰਦਰ ਸਿੰਘ ਨੇ ਉਸ ਤੋਂ ਕਥਿਤ ਤੌਰ ’ਤੇ 84 ਹਜ਼ਾਰ ਰੁਪਏ ਸਮੂਹ ਆੜ੍ਹਤੀਆਂ ਤੋਂ ਇਕੱਠੇ ਕਰ ਕੇ ਦੇਣ ਦੀ ਮੰਗ ਕੀਤੀ ਸੀ, ਜਦੋਂ ਉਨ੍ਹਾਂ ਨੇ ਇੰਨੀ ਵੱਡੀ ਰਕਮ ਇਕੱਠੀ ਕਰ ਕੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਬੀਤੇ ਦਿਨ ਉਕਤ ਦੋਵੇਂ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਦੁਕਾਨ ਦੀਆਂ ਕਿਤਾਬਾਂ ਚੁੱਕ ਕੇ ਲੈ ਗਏ। ਉਨ੍ਹਾਂ ਕਿਹਾ ਕਿ ਬਾਹਰੋਂ ਆ ਕੇ ਟੈਂਪੂ-ਟਰਾਲੀਆਂ ਵਾਲੇ ਸ਼ਹਿਰ ’ਚ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕਰ ਕੇ ਸਾਮਾਨ ਵੇਚਦੇ ਹਨ। ਕਈ ਵਾਰ ਉਕਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ। ਮੰਡੀ ’ਚ ਸਫਾਈ ਵਿਵਸਥਾ ਵੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਧਰਨੇ ’ਚ ਦਵਿੰਦਰ, ਜੀਵਨ ਦਾਸ, ਮਦਨ ਲਾਲ, ਸ਼ਫੀਕ ਮੀਆਂ, ਗੋਪਾਲ ਪਾਂਡੇ, ਬਲਦੇਵ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ, ਦੀਪਕ ਸਰਹੰਦੀ, ਭਾਜਪਾ ਆਗੂ ਸ਼ਿਵਰਾਮ, ਨਰੇਸ਼ ਸਰੀਨ, ਅਸ਼ੋਕ ਧੀਮਾਨ, ਵਿਨੈ ਗੁਪਤਾ, ਹਰਵਿੰਦਰ ਬੱਬਲ, ਰਿੰਪੀ ਗਰੇਵਾਲ ਤੇ ਹੋਰ ਹਾਜ਼ਰ ਸਨ।
ਕੀ ਕਹਿੰਦੇ ਹਨ ਰਾਜਨੀਤਿਕ ਆਗੂ
ਸੀਨੀਅਰ ਅਕਾਲੀ ਨੇਤਾ ਗੁਰਬਿੰਦਰ ਸਿੰਘ ਭੱਟੀ, ‘ਆਪ’ ਪਾਰਟੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਰਾਏ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਸ਼ੇਰ ਸਿੰਘ, ਜ਼ਿਲਾ ਵਪਾਰ ਮੰਡਲ ਦੇ ਪ੍ਰਧਾਨ ਵਰਿੰਦਰ ਰਤਨ ਤੇ ਭਾਜਪਾ ਆਗੂ ਸ਼ਸ਼ੀ ਭੂਸ਼ਣ ਗੁਪਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਰੇਕ ਵਰਗ ਦੇ ਲੋਕ ਦੁਖੀ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਬਜ਼ੀ ਮੰਡੀ ਵਾਲੇ ਆੜ੍ਹਤੀਆਂ ਦੀ ਮੁਸ਼ਕਿਲ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
ਕੀ ਕਹਿਣਾ ਹੈ ਤਹਿਸੀਲਦਾਰ ਦਾ
ਇਸ ਮੌਕੇ ਤਹਿਸੀਲਦਾਰ ਗੁਰਜਿੰਦਰ ਸਿੰਘ ਨੇ ਸਬਜ਼ੀ ਮੰਡੀ ਸਰਹਿੰਦ ਪਹੁੰਚ ਕੇ ਆੜ੍ਹਤੀਆਂ ਤੋਂ ਮੰਗ-ਪੱਤਰ ਲਿਆ ਤੇ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੂਰਾ ਮਾਮਲਾ ਦੱਸ ਕੇ ਛੇਤੀ ਹੀ ਹੱਲ ਕਰਵਾਉਣਗੇ।
ਕੀ ਕਹਿੰਦੇ ਹਨ ਕਾਂਗਰਸੀ
ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਤੇ ਗੁਲਸ਼ਨ ਰਾਏ ਬੌਬੀ ਨੇ ਪਹੁੰਚ ਕੇ ਮੰਗ-ਪੱਤਰ ਲਿਆ ਤੇ ਭਰੋਸਾ ਦਿੱਤਾ ਕਿ ਉਹ ਵਿਧਾਇਕ ਕੁਲਜੀਤ ਨਾਗਰਾ ਤੱਕ ਉਨ੍ਹਾਂ ਦਾ ਮੰਗ-ਪੱਤਰ ਪਹੁੰਚਾ ਕੇ ਮਾਮਲੇ ਦਾ ਹੱਲ ਕਰਵਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕੋਈ ਅਫਸਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
ਕੀ ਕਹਿਣਾ ਹੈ ਸੈਕਟਰੀ ਦਾ
ਇਸ ਸਬੰਧੀ ਮਾਰਕੀਟ ਕਮੇਟੀ ਸਰਹਿੰਦ ਦੇ ਸੈਕਟਰੀ ਗਗਨਦੀਪ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹ ਤੇ ਜੋਗਿੰਦਰ ਸਿੰਘ ਏ. ਆਰ. ਬੀਤੇ ਦਿਨ ਸਬਜ਼ੀ ਮੰਡੀ ’ਚ ਗਏ ਤਾਂ ਉੱਥੇ ਇਕ ਆੜ੍ਹਤੀ ਦੇ ਮੁਲਾਜ਼ਮ ਨੇ ਕਿਤਾਬਾਂ ਨੂੰ ਲੁਕੋਇਆ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ। ਇਸ ਲਈ ਰਿਕਾਰਡ ਕਬਜ਼ੇ ’ਚ ਲੈ ਲਿਆ ਹੈ। ਇਸ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ, ਜੇਕਰ ਰਿਕਾਰਡ ਸਹੀ ਹੋਇਆ ਤਾਂ ਠੀਕ ਹੈ ਜੇ ਰਿਕਾਰਡ ’ਚ ਕੋਈ ਕਮੀ ਪਾਈ ਗਈ ਤਾਂ ਉਹ ਕਾਰਵਾਈ ਕਰਨਗੇ। ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕਰ ਕੇ ਸਾਮਾਨ ਵੇਚੇ ਜਾਣ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਰਿਟੇਲ ਦਾ ਸਾਮਾਨ ਵੇਚ ਸਕਦਾ ਹੈ, ਜੇਕਰ ਕੋਈ ਵਿਅਕਤੀ ਸ਼ਿਕਾਇਤ ਕਰਦਾ ਹੈ ਤਾਂ ਉਹ ਜ਼ਰੂਰ ਕਾਰਵਾਈ ਕਰਨਗੇ। ਉਕਤ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕਰ ਕੇ ਸਾਮਾਨ ਵੇਚਣ ਵਾਲੇ ਵੀ ਇਸੇ ਸਬਜ਼ੀ ਮੰਡੀ ਤੋਂ ਸਾਮਾਨ ਲੈ ਕੇ ਵੇਚਦੇ ਹਨ।
ਰਾਖਵਾਂਕਰਨ ਨੂੰ ਲੈ ਕੇ ਜਨਰਲ ਤੇ ਐੱਸ. ਸੀ. ਯੂਨੀਅਨਾਂ ਆਹਮੋ-ਸਾਹਮਣੇ
NEXT STORY