ਹੋਸਟਲ ਦੀ ਛੱਤ ’ਤੇ ਕਪੜੇ ਸੁੱਕਣੇ ਪਾ ਰਿਹਾ ਬੱਲੀ ਦੂਰੋਂ ਹੀ ਪੰਮੀ ਨੂੰ ਵੇਖ ਕੇ ਅਵਾਜ਼ਾਂ ਮਾਰ ਰਿਹਾ ਸੀ, ਓਏ ਕੀ ਭੇਜਿਆ ਅੱਜ ਬੇਬੇ ਨੇ? ਪੰਮੀ ਉਸ ਨੂੰ ਅਣਸੁਣਾ ਕਰਦੇ ਹੋਏ ਬਾਪੂ ਦੇ ਬੋਲਾਂ ਨੂੰ ਯਾਦ ਕਰ ਰਿਹਾ ਸੀ "ਪੁੱਤ ਤੂੰ ਘਰ ਦਾ ਰਾਖਾ ਐ, ਤੇਰੇ ਤੋਂ ਛੋਟੀਆਂ ਤੇਰੀਆਂ ਦੋ ਭੈਣਾਂ ਨੇ, ਮੇਰੇ ਕੋਲ ਦੋ ਕਿੱਲੇ ਜ਼ਮੀਨ ਹੈ। ਉਸ ਨਾਲ ਆਪਣਾ ਗੁਜ਼ਾਰਾ ਨਹੀਂ ਚਲਣਾ, ਹੁਣ ਤੇਰੀ ਦਸਵੀਂ ਦੀ ਪੜ੍ਹਾਈ ਹੈ, ਜ਼ੋਰ ਲਾ ਕੇ ਪੜ੍ਹੀ ਮੇਰਾ ਪੁੱਤ! ਡਾਕਟਰੀ ਦੀ ਪੜ੍ਹਾਈ ’ਚ ਦਾਖ਼ਲਾ ਲੈਣਾ ਤੂੰ ਅਗਲੇ ਸਾਲ।
ਡਾਕਟਰ ਮਨਪ੍ਰੀਤ ਸਿੰਘ ਪੁਲਸ ਨਾਕੇ ਤੋਂ ਜਲਾਲਤ ਜੇਹੀ ਮਹਿਸੂਸ ਹੋਣ ’ਤੇ ਉਨ੍ਹਾਂ ਪਲਾਂ ਨੂੰ ਯਾਦ ਕਰ ਰਿਹਾ ਸੀ, ਜਦੋਂ ਬਾਪੂ ਨੇ ਉਸਦੇ ਡਾਕਟਰ ਬਣਨ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਸਨ।
ਹੌਲਦਾਰ ਨੇ ਦੂਰੋਂ ਹੀ ਮਨਪ੍ਰੀਤ ਨੂੰ ਡੰਡਾ ਦਿਖਾ ਕੇ ਰੋਕਣ ਦਾ ਇਸ਼ਾਰਾ ਕਰ ਦਿੱਤਾ ਸੀ, ਨੇੜੇ ਆਉਂਦੇ ਹੀ ਅੱਖਾਂ ਚਾੜ੍ਹ ਕੇ ਆਪਣੇ ਸਾਬ ਦਾ ਗੁੱਸਾ (ਜੋ ਹੁਣੇ ਹੁਣੇ ਹੌਲਦਾਰ ਨੂੰ ਤਾੜ ਕੇ ਗਿਆ ਸੀ), ਉਸ ’ਤੇ ਉਤਾਰ ਦਿੱਤਾ। ਕਿੱਧਰ ਨੂੰ ਮੂੰਹ ਚੁੱਕਿਆ ? ਘਰੇ ਨੀ ਬੈਠਿਆਂ ਜਾਂਦਾ? ਮੇਰੇ ਸਾਲੇ ਦੇ ਘਰੇ ਵੀ ਟਿਕ ਕੇ ਨੀ ਬੈਠ ਸਕਦੇ, ਅਸੀਂ ਤਾਂ ਇਥੇ ਮਰਨਾ ਹੀ ਹੈ ਸਾਲਾ...ਸਾਨੂੰ ਨੀ ਕੋਰੋਨਾ ਹੁੰਦਾ? ਝੱਖੜ ਆਵੇ, ਬੀਮਾਰੀ ਆਵੇ, ਵਿਆਹ ਹੋਵੇ, ਮਰਗ ਹੋਵੇ...ਸਾਨੂੰ ਹੀ ਟੰਗਣਾਂ ਹੁੰਦਾ ਸਰਕਾਰ ਨੇ।
ਹਾਂ ਦੱਸ ਕਿੱਧਰ ਚੱਲਿਆਂ ? ਹੌਲਦਾਰ ਨੇ ਮੋਟਰਸਾਈਕਲ ਦੇ ਮਗਰਾਟ ’ਤੇ ਡੰਡਾ ਮਾਰਦੇ ਹੋਏ ਪੁੱਛਿਆ, ਜਨਾਬ ਹੈਲਥ ਡਪਾਰਟਮੈਂਟ ’ਚ ਹਾਂ, ਡਿਸਪੈਂਸਰੀ ’ਚੋਂ ਆ ਰਿਹਾ। ਮਨਪ੍ਰੀਤ ਨੇ ਥੋੜਾ ਹੌਂਸਲਾ ਦਿਖਾਉਂਦੇ ਹੋਏ ਕਿਹਾ, ਮੈਨੂੰ ਕੀ ਪਤਾ ਕੌਣ ਐ ਤੂੰ, ਦੁਬਾਰਾ ਬਾਹਰ ਨਾ ਦਿੱਖੀ ਮੈਨੂੰ। ਹੌਲਦਾਰ ਆਪਣੀ ਹੋਲਦਾਰੀ ਝਾੜ ਰਿਹਾ ਸੀ, ਜਿਵੇਂ ਉਸਦਾ ਸਾਬ ਉਸਦੀ ਗੱਲ ਸੁਣੇ ਬਿਨਾਂ ਆਪਣੀ ਸਾਬਦਾਰੀ ਘੋਟ ਕੇ ਗਿਆ ਸੀ।
ਜਨਾਬ ਮੈਨੂੰ ਕੀ ਪਈ ਹੈ, ਐਸੀ ਬੀਮਾਰੀ ’ਚ ਆਪਣੀ ਜਾਨ ਗਵਾਉਣ ਦੀ, ਮੈਂ ਤਾਂ ਆਪ ਸਿਵਲ ਸਰਜਨ ਦਾ ਹੁਕਮ ਮੰਨ ਰਿਹਾ। ਇਹ ਸਭ ਕਹਿੰਦੇ ਹੋਏ ਮਨਪ੍ਰੀਤ ਨੇ ਕਿੱਕ ਮਾਰੀ, ਘਰ ਨੂੰ ਚੱਲ ਪਿਆ।
ਜਾਂਦਾ ਹੋਇਆ ਮਨਪ੍ਰੀਤ ਸੋਚ ਰਿਹਾ ਸੀ ਕਿ ਬਾਪੂ ਨੇ ਜੋ ਸੁਪਨਾ ਮੇਰੇ ਲਈ ਚੁਣਿਆ ਸੀ ਕੀ ਉਹ ਵਾਕੇ ਹੀ ਸਹੀ ਸੀ? ਮੇਰੇ ਨਾਲ ਦੇ ਕਈ ਸਰਕਾਰੀ ਮਾਸਟਰ ਲੱਗ ਗਏ, ਕੋਈ ਪੁਲਸ ’ਚ ਭਾਰਤੀ ਹੋ ਗਿਆ ਅਤੇ ਮੈਂ ਡਾਕਟਰ ਹੋ ਕੇ ਵੀ ਡਾਕਟਰ ਨਹੀਂ ਹਾਂ। ਬਾਰਾਂ ਸਾਲਾਂ ਤੋਂ ਡਿਸਪੈਂਸਰੀ ’ਚ 7500 ਰੁਪਏ ’ਤੇ ਠੇਕੇ ’ਤੇ ਲੱਗਿਆ ਹੋਇਆ ਹਾਂ। ਬਾਪੂ ਦੇ ਚਲੇ ਜਾਣ ਕਰਕੇ ਵਿਆਹ ਜਲਦੀ ਕਰਾਉਣ ਪੈ ਗਿਆ, ਭੈਣਾਂ ਦੇ ਵਿਆਹ ਕਰਨ ਦੇ ਲਈ ਇਕ ਕਿੱਲਾ ਵੇਚਣਾ ਪੈ ਗਿਆ। ਫਿਰ ਫਾਰਮੇਸੀ ਕੀਤੀ ਅਤੇ ਸਰਕਾਰ ਨੇ ਠੇਕੇ ’ਤੇ ਭਰਤੀ ਕਰ ਲਿਆ। ਘਰ ਵਾਲੀ ਖੁਸ਼, ਬੇਬੇ ਖੁਸ਼, ਕਹਿੰਦੀ " ਪੁੱਤ ਅੜਕਣਾ ਹੀ ਔਖਾ ਹੁੰਦਾ, ਹੌਲੀ ਹੌਲੀ ਪੱਕਾ ਹੋ ਜਾਵੇਗਾ। ਤੇਰਾ ਬਾਪੂ ਹੁੰਦਾ ਤਾਂ ਕਿੰਨਾ ਖੁਸ਼ ਹੁੰਦਾ। ਉਸ ਦਿਨ ਬੇਬੇ ਨੇ ਸਵੇਰੇ ਸਾਜਰੇ ਉੱਠ ਕੇ ਦੇਗ ਬਣਾਈ ਸੀ ਅਤੇ ਗੁਰਦੁਆਰੇ ਮੱਥਾ ਵੀ ਟੇਕ ਕੇ ਆਈ ਸੀ।
ਯਾਦਾਂ ਵਿਚ ਖੋਏ ਪਤਾ ਹੀ ਨਹੀਂ ਚੱਲਿਆ, ਮਨਪ੍ਰੀਤ ਕਦੋਂ ਪਿੰਡ ਦੇ ਕੋਲ ਪਹੁੰਚ ਗਿਆ। ਦੀਪੂ ਨੇ ਸਵੇਰੇ ਤੁਰਨ ਲੱਗੇ ਕਿਹਾ ਸੀ ਪਾਪਾ ਅੱਜ ਸਾਈਕਲ ਲੈ ਕੇ ਆਇਓਂ। ਉਸਨੂੰ ਵੀ ਹੁਣ ਕਰਫਿਊ ਬਾਰੇ ਸਮਝਾਉਣਾ ਪੈਣਾ... ਸੋਚਦਾ-ਸੋਚਦਾ ਘਰ ਦੀ ਗਲੀ ਵਿਚ ਪਹੁੰਚ ਗਿਆ, ਦੀਪੂ ਗੇਟ ’ਤੇ ਹੀ ਰਮਨ ਨਾਲ ਖੇਡ ਰਹੀ ਸੀ। ਸ਼ਾਇਦ ਆਪਣੇ ਨਵੇਂ ਸਾਈਕਲ ਦੀ ਉਡੀਕ ’ਚ ਸੀ। ਮਨਪ੍ਰੀਤ ਨੇ ਦੂਰ ਹੀ ਮੋਟਰਸਾਈਕਲ ਰੋਕ ਲਿਆ ਅਤੇ ਬੱਚਿਆਂ ਨੂੰ ਆਵਾਜ਼ ਮਾਰੀ "ਆਜੋ ਮੇਰੇ ਸ਼ੇਰੋ.....ਝੂਟਾ ਦੇਵਾਂ"। ਦੀਪੂ ਭੱਜ ਕੇ ਪਾਪਾ ਦੇ ਪਿੱਛੇ ਬੈਠ ਗਈ, ਰਮਨ ਨੂੰ ਮਨਪ੍ਰੀਤ ਨੇ ਚੁੱਕ ਕੇ ਅੱਗੇ ਬਿਠਾ ਲਿਆ।
ਰਮਨ ਨੇ ਮੋਟਰਸਾਈਕਲ ਦਾ ਹਾਰਨ ਮਾਰ-ਮਾਰ ਕੇ ਗੁਰਿੰਦਰ ਨੂੰ ਵੀ ਸੁਨੇਹਾ ਦੇ ਦਿੱਤਾ ਕਿ ਡਾਕਟਰ ਸਾਹਿਬ ਆ ਗਏ।
ਮਨਪ੍ਰੀਤ ਕਪੜੇ ਬਦਲ ਕੇ ਹੱਥ ਮੂੰਹ ਧੋ ਕੇ ਟੀ ਵੀ ਵਾਲੇ ਕਮਰੇ ਵਿਚ ਆ ਗਿਆ ਅਤੇ ਗੁਰਿੰਦਰ ਉਸ ਲਈ ਚਾਹ ਬਣਾ ਕੇ ਲੈ ਆਈ। ਅੱਜ ਸਵੇਰ ਦੀ ਖ਼ਬਰ ਚਲ ਰਹੀ ਹੈ, ਕਰਫਿਊ ਲਾਗੂ । ਕਿੰਨੇ ਦਿਨ ਦੀ ਕਹਿ ਰਹੀ ਹਾਂ ਤੁਹਾਨੂੰ, ਕਿ ਸੌਦਾ-ਪੱਤਾ ਖਤਮ ਹੋਇਆ ਪਿਆ ਹੈ। ਤੁਸੀਂ ਸੁਣਦੇ ਹੀ ਨਹੀਂ। ਚਾਹ ਮਨਪ੍ਰੀਤ ਦੇ ਸੰਗ ’ਚ ਹੀ ਖੜ੍ਹ ਗਈ, ਚਾਹ ਹੁਣ ਉਸਨੂੰ ਬੇਸੁਆਦੀ ਲੱਗਣ ਲਗੀ ਸੀ। ਇਕ ਤਾਂ ਪਹਿਲਾਂ ਹੀ ਨਗੂਣੀ ਜੇਹੀ ਤਨਖ਼ਾਹ ਮਿਲਦੀ ਹੈ, ਉਪਰੋਂ ਦੋ ਮਹੀਨੇ ਹੋ ਗਏ ਤਨਖਾਹ ਮਿਲੀ ਨੂੰ, "ਫਰੰਟਲਾਈਨ ਵਾਰੀਅਰ" ਮਜ਼ਾਕ ਬਣਾ ਕੇ ਰੱਖਿਆ ਹੋਇਆ ਸਾਲਿਆਂ ਨੇ! ਖਾਣ ਨੂੰ ਰੋਟੀ ਨੀ ਘਰੇ ... ਜੰਗ ਲੜਾਂਗੇ ਅਸੀਂ। ਗੁਰਿੰਦਰ ਦੇ ਸ਼ਬਦਾਂ ਨੇ ਮਨਪ੍ਰੀਤ ਦੇ ਦਿਲ-ਦਿਮਾਗ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਉਸ ਨੂੰ ਆਪਣੀ ਹੋਂਦ ’ਤੇ ਸ਼ਰਮ ਮਹਿਸੂਸ ਹੋ ਰਹੀ ਸੀ। ਅੱਜ ਟਾਈਮ ਨਹੀਂ ਲੱਗਿਆ ਯਾਰ.. ਮੀਟਿੰਗ ਸੀ ਸਿਵਲ ਹਸਪਤਾਲ ਵਿਚ, ਇਸ ਮਹਾਮਾਰੀ ਦੇ ਕਰਕੇ। ਕੱਲ ਲੈ ਆਊਂਗਾ ,ਪੈਸੇ ਬਾਅਦ ’ਚ ਦੇ ਦਿਆਂਗੇ, ਤਨਖਾਹ ਆਈ ’ਤੇ।
"ਨਾਕੇ ’ਤੇ ਆਮ ਲੋਕਾਂ ਵਲੋਂ ਪੁਲਸ ’ਤੇ ਹਮਲਾ" ਖ਼ਬਰ ਨੇ ਮਨਪ੍ਰੀਤ ਦਾ ਧਿਆਨ ਖਿੱਚਿਆ, ਚਾਹ ਦੀ ਚੂਸਕੀ ਲੈਂਦੇ ਹੋਏ ਮਨਪ੍ਰੀਤ ,ਗੁਰਿੰਦਰ ਨੂੰ ਕਿਹ ਰਿਹਾ ਸੀ, ਇਨ੍ਹਾਂ ਨੇ ਅੱਤ ਵੀ ਜ਼ਿਆਦਾ ਚੱਕੀ ਹੋਈ ਹੈ, ਆਹੀ ਕੁਛ ਹੋਣਾਂ ਫੇਰ।
ਹਾਂ ਨਾਲੇ ਸਵੇਰੇ ਫੋਨ ਆਇਆ ਸੀ ਬਲਵਿੰਦਰ ਵੀਰ ਜੀ ਦਾ, ਕਹਿੰਦੇ ਡਾਕਟਰ ਸਾਬ ਫ਼ੋਨ ਹੀ ਨੀ ਚੱਕਦੇ..ਕੀ ਹੋ ਗਿਆ ? ਗੁਰਿੰਦਰ ਨੇ ਮਨਪ੍ਰੀਤ ਦੇ ਕੋਲ ਪਿਆਰ ਨਾਲ ਬੈਠਦੇ ਹੋਏ ਕਿਹਾ। ਆਹੋ ਮੀਟਿੰਗ ਵਿਚ ਬੈਠਾ ਸੀ ਉਦੋਂ, ਕਰਦਾ ਗੱਲ। ਚੱਪਲਾਂ ਪਾ ਕੇ ਮਨਪ੍ਰੀਤ ਕੋਠੇ ’ਤੇ ਚੜ੍ਹਨ ਲੱਗਿਆ। ਚੌਲ ਬਣਾ ਲਈ ਅੱਜ, ਸਬਜ਼ੀ ਲੈਣੀ ਭੁੱਲ ਗਿਆ ਸੀ, ਪਰਨੇ ਦਾ ਲੜ ਬੰਨ੍ਹਦੇ ਹੋਏ ਉਸ ਨੇ ਕਿਹਾ।
9836...ਟਰਿੰਗ ਟਰਿੰਗ...ਹੈਲੋ...ਹਾਂ ਬਈ ਡਾਕਟਰ ਸਾਬ! ਕੀ ਹਾਲ ਨੇ। ਉਧਰੋਂ ਬੱਲੀ ਬੋਲ ਰਿਹਾ ਸੀ। ਵਧੀਆ ਮਾਸਟਰ ਜੀ, ਤੂੰ ਦੱਸ ਕੀ ਹਾਲ ਨੇ..ਬਸ ਹਾਲ ਦਾ ਕੀ ਹੈ, ਘਰੇ ਬੈਠੇ ਹਾਂ, ਜਵਾਕਾਂ ਨਾਲ ਖੇਡੀ ਜਾਨੇ ਹਾਂ, ਫੋਨ ਕੀਤਾ ਸੀ ਅੱਜ ! ਮੰਪੀ ਨੇ ਬੱਲੀ ਦੀ ਗੱਲ ਕੱਟਦੇ ਹੋਏ ਕਿਹਾ..ਹਾਂ ਯਾਰ ਤੇਰਾ ਛੋਟਾ ਭਤੀਜਾ ਥੋੜਾ ਜਿਹਾ ਢਿੱਲਾ ਹੋ ਗਿਆ ਸੀ...ਦਵਾਈ ਪੁੱਛਣੀ ਸੀ ਤੇਰੇ ਤੋਂ ਕੋਈ। ਬਾਕੀ ਭਰਾਵਾਂ ਹੁਣ ਤਾਂ ਥੋੜੀ ਹੀ ਪੁੱਛ ਹੈ ਚਾਰੇ ਪਾਸੇ....ਮੰਤਰੀ ਸੰਤਰੀ ਸਲੂਟ ਮਾਰ ਰਹੇ ਨੇ। ਬੱਲੀ ਨੇ ਮਨਪ੍ਰੀਤ ਨੂੰ ਛੇੜਦੇ ਹੋਏ ਕਿਹਾ।
ਆਹੋ ! ਜਦੋਂ ਪੱਕੇ ਹੋਣ ਲਈ ਧਰਨੇ ਲਾਉਂਦੇ ਸੀ, ਓਦੋਂ ਕੋਈ ਨੀ ਸੀ ਪੁੱਛਦਾ ਸਾਨੂੰ। ਮਨਪ੍ਰੀਤ ਖਿਝ ਕੇ ਬੋਲਿਆ। ਹੋਰ ਸੁਣਾ ਵੀਰ ਕਿਵੇਂ ਚਲਦੀ ਏ ਜ਼ਿੰਦਗੀ ?? ਬੁਝੇ ਜਹੇ ਚਿਹਰੇ ਨਾਲ ਬੱਲੀ ਨੂੰ ਪੁੱਛਿਆ। ਵਧੀਆ ਡਾਕਟਰਾਂ... ਬਸ ਹੁਣ ਘੁੰਮਣਾ ਔਖਾ ਹੋ ਗਿਆ ਬਾਹਰ...,ਨਹੀਂ ਤਾਂ ਫਿਲਮ-ਫੁਲਮ ਦੇਖ ਆਉਂਦੇ ਸੀ, ਬੱਚਿਆਂ ਨਾਲ। ਹੁਣ ਤਾਂ ਬੱਸ ਤੇਰੀ ਭਰਜਾਈ ਨਿੱਤ ਨਵੇਂ ਪਕਵਾਨ ਖਵਾ ਰਹੀ ਹੈ, ਬਣਾ ਬਣਾ ਕੇ। ਬੱਲੀ ਚੱਸਕੇ ਲੈਂਦਾ ਹੋਇਆ ਪੂਰੇ ਰੋਹ ’ਚ ਦੱਸ ਰਿਹਾ ਸੀ। ਫਿਰ ਤਾਂ ਨਜ਼ਾਰੇ ਨੇ ਬਾਈ.. ਉਪਰੋਂ ਉਪਰੋਂ ਹੱਸਦੇ ਹੋਏ ਮਨਪ੍ਰੀਤ ਨੇ ਕਿਹਾ। ਚੱਲ 'ਫ਼ਰੰਟਲਾਈਨ ਵਾਰੀਅਰ' ਮੈਸੇਜ ਕਰਦੀ ਮੈਨੂੰ ਦਵਾਈ ਲਈ।
ਸ਼ਾਮ ਨੂੰ ਬੈਠਣ ਲਈ ਖੀਰਾ-ਖੂਰਾ ਕੱਟ ਲਾਂ, ਘੁੱਟ ਲਾਏ ਬਿਨ੍ਹਾਂ ਨੀਂਦ ਕਿੱਥੇ ਆਉਂਦੀ ਹੈ ਯਾਰ..ਬਾਏ।
ਡਾਕਟਰ ਚਮਕੌਰ ਸਿੰਘ
ਹਿੰਦੀ ਵਿਭਾਗ
ਏ.ਐੱਸ.ਕਾਲਜ ਫਾਰ ਵੂਮੈਨ, ਖੰਨਾ
ਜਨਮ ਮਤੀ 30 ਜੂਨ 1986 (33 ਸਾਲ 10 ਮਹੀਨੇ)
'ਕੋਰੋਨਾ' ਦੇ ਕਹਿਰ ਵਿਚਾਲੇ ਕਾਲਾ ਬਾਜ਼ਾਰੀ ਨੇ ਮਚਾਈ ਹਾਹਾਕਾਰ
NEXT STORY