ਮੋਗਾ (ਗੋਪੀ)-ਇਕ ਪਾਸੇ ਜਿੱਥੇ ਵਧਣੇ ਪਈ ਕਣਕ ਦੀ ਫਸਲ ਨੂੰ ਦੇਖ ਕੇ ਕਿਸਾਨ ਵਰਗ ਇਸ ਦੇ ਚੋਖੇ ਝਾਡ਼ ਦੀ ਆਸ ਹੁਣ ਤੋਂ ਹੀ ਲਾਉਣ ਲੱਗਾ ਹੈ, ਉਥੇ ਹੀ ਦੂਜੇ ਪਾਸੇ ਕਣਕ ਦੀ ਫਸਲ ’ਚੋਂ ‘ਗੁੱਲੀ-ਡੰਡਾ’ ਖ਼ਤਮ ਨਾ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਪਲੱਤਣਾਂ ਆ ਗਈਆਂ ਹਨ। ਕਿਸਾਨ ਵਰਗ ‘ਦੇਖਾ-ਦੇਖੀ’ ਨਦੀਨ ਨਾਸ਼ਕ ਦਾ ਛਿਡ਼ਕਾਅ ਤਾਂ ਕਰ ਰਿਹਾ ਹੈ ਪਰ ਹਾਲੇ ਤੱਕ ਗੁੱਲੀ-ਡੰਡਾ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋ ਰਿਹਾ, ਜਿਸ ਕਰ ਕੇ ਕਿਸਾਨ ਵਰਗ ਦੀ ਪ੍ਰੇਸ਼ਾਨੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਤਿੰਨ-ਤਿੰਨ ਸਪ੍ਰੇਆਂ ਦਾ ਛਿਡ਼ਕਾਅ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਲੋਡ਼ ਅਨੁਸਾਰ ਦਵਾਈਆਂ ਦਾ ਅਸਰ ਘੱਟ ਦਿਸਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸਾਨ ਵਰਗ ਨੂੰ ਇਸ ਸਮੱਸਿਆ ਤੋਂ ਕੱਢਣ ਲਈ ਸਹੀ ਸਲਾਹ ਦੇਣ ਵੱਲ ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀ ਲੋਡ਼ੀਂਦਾ ਧਿਆਨ ਨਹੀਂ ਦੇ ਰਹੇ। ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਕਿਸਾਨ ਵਰਗ ਨੂੰ ਫਸਲ ਦਾ ਝਾਡ਼ ਘਟਣ ਦਾ ਖ਼ਦਸ਼ਾ ਹੁਣੇ ਤੋਂ ਹੀ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਮੌਸਮ ਦੀ ਖਰਾਬੀ ਕਾਰਨ ਕਿਸਾਨ ਵਰਗ ਨਦੀਨ ਨਾਸ਼ਕਾਂ ਦਾ ਛਿਡ਼ਕਾਅ ਕਰਨ ਵਿਚ ਵੀ ਲੇਟ ਹੋ ਰਿਹਾ ਹੈ। ਕਿਸਾਨ ਆਖਦੇ ਹਨ ਕਿ ਮੌਸਮ ਦੀ ਖਰਾਬੀ ਕਰ ਕੇ ਦੋਹਰੀ ਮਾਰ ਪੈ ਰਹੀ ਹੈ। ‘ਜਗ ਬਾਣੀ’ ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲੇ ਭਰ ਦੇ ਸਾਰੇ ਕਿਸਾਨ ਵੀ ਹਾਡ਼੍ਹੀ ਦੀ ਮੁੱਖ ਫ਼ਸਲ ਕਣਕ ’ਤੇ ਗੁੱਲੀ-ਡੰਡੇ ਦੇ ਹਮਲੇ ਤੋਂ ਪ੍ਰੇਸ਼ਾਨ ਹਨ। ਪਿੰਡ ਘੱਲ ਕਲਾਂ ਨੇਡ਼ੇ ਨਦੀਨ ਨਾਸ਼ਕਾਂ ਦਾ ਛਿਡ਼ਕਾਅ ਕਰ ਰਹੇ ਕਿਸਾਨ ਸੁਰਜੀਤ ਸਿੰਘ ਦਾ ਦੱਸਣਾ ਸੀ ਕਿ ਪਤਾ ਨਹੀਂ ਨਦੀਨ ਨਾਸ਼ਕ ਦਵਾਈਆਂ ਨੂੰ ਪਿਛਲੇ 5-7 ਸਾਲਾਂ ਤੋਂ ਕੀ ਹੋ ਗਿਆ, ਇਨ੍ਹਾਂ ਦਾ ਅਸਰ ਪੂਰਾ ਨਹੀਂ ਹੁੰਦਾ। ਫਸਲ ’ਤੇ ਕਈ ਦਫਾ ਸਪ੍ਰੇਅ ਕਰਨ ਨਾਲ ਕਿਸਾਨਾਂ ਦੇ ਲਾਗਤ ਖਰਚ ਵਧਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਸਲਾਂ ’ਤੇ ਖਰਚ ਵਧਣ ਕਰ ਕੇ ਹੀ ਕਿਸਾਨ ਵਰਗ ਦੀ ਆਰਥਿਕ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਪਿੰਡ ਲੋਪੋਂ ਦੇ ਕਿਸਾਨ ਸਤਿਨਾਮ ਸਿੰਘ ਬਾਵਾ ਦਾ ਕਹਿਣਾ ਸੀ ਕਿ ਹੁਣ ਤਾਂ ਸਮੱਸਿਆ ਇੰਨੀ ਵਧ ਗਈ ਹੈ ਕਿ ਕਣਕ ਤੋਂ ‘ਗੁੱਲੀ-ਡੰਡਾ’ ਵੱਡਾ ਹੋ ਗਿਆ ਹੈ। ਡੀਲਰ ਦੇ ਕਹਿਣ ’ਤੇ ਹੀ ਉਹ ਤਿੰਨ ਦਵਾਈਆਂ ਰਲਾ ਕੇ ਛਿਡ਼ਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਵੀ ਖ਼ੇਤੀਬਾਡ਼ੀ ਅਧਿਕਾਰੀ ਨੇ ਇਸ ਸਬੰਧੀ ਪਿੰਡਾਂ ’ਚ ਆ ਕੇ ਕਿਸਾਨਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਮਜਬੂਰੀਵੱਸ ਕਿਸਾਨ ਆਪਣੇ ਪੱਧਰ ’ਤੇ ਦਵਾਈਆਂ ਦਾ ਛਿਡ਼ਕਾਅ ਕਰਦੇ ਹਨ। ਇਕ ਹੋਰ ਕਿਸਾਨ ਰਾਜਵੀਰ ਅਤੇ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਫ਼ਸਲ ’ਤੇ ਇੰਨਾ ਗੁੱਲੀ ਡੰਡਾ ਪਹਿਲਾਂ ਕਦੇ ਨਹੀਂ ਦੇਖਿਆ। ਨਦੀਨ ਨਾਸ਼ਕ ਦਵਾਈਆਂ ਦਾ ਅਸਰ ਨਾ ਹੋਣ ਕਰ ਕੇ ਕਿਸਾਨ ਬੇਹੱਦ ਚਿੰਤਾ ’ਚ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਖ਼ੇਤੀਬਾਡ਼ੀ ਵਿਭਾਗ ਨੂੰ ਇਸ ਪਾਸੇ ਧਿਆਨ ਦੇਣ ਦੀ ਲੋਡ਼ ਹੈ।
ਮੋਗਾ ਐਵੇਨਿਊ ਓਵਰਸੀਜ਼ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ
NEXT STORY