ਮੋਗਾ (ਗੋਪੀ ਰਾਊਕੇ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਿਸਾਨਾਂ ਨੂੰ ਫਸਲਾਂ ’ਤੇ ਬੇਲੋਡ਼ੀਆਂ ਕੀਟਨਾਸ਼ਕ ਦਵਾਈਆਂ ਅਤੇ ਸਪਰੇਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਇਹ ਪ੍ਰਗਟਾਵਾ ਮੁੱਖ ਖੇਤੀਬਾਡ਼ੀ ਅਫਸਰ ਡਾ. ਪਰਮਜੀਤ ਸਿੰਘ ਨੇ ਫਸਲਾਂ ਦੇ ਕੀਡ਼ੇ-ਮਕੌਡ਼ਿਆਂ ਦੇ ਸਰਵੇਲੈਂਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਾ. ਤਰਨਜੀਤ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ’ਚ ਖੇਤੀਬਾਡ਼ੀ ਵਿਭਾਗ ਦੀਆਂ ਟੀਮਾਂ ਵੱਲੋਂ ਫਸਲਾਂ ਦਾ ਨਿਰੰਤਰ ਦੌਰਾ ਕੀਤਾ ਜਾ ਰਿਹਾ ਹੈ ਅਤੇ ਅਜੇ ਤੱਕ ਕਿਤੇ ਵੀ ਚਿੱਟੀ ਮੱਖੀ ਜਾਂ ਤੇਲੇ ਦਾ ਹਮਲਾ ਵੇਖਣ ’ਚ ਨਹੀਂ ਆਇਆ। ਡਾ. ਕੁਲਦੀਪ ਸਿੰਘ ਬਲਾਕ ਖੇਤੀਬਾਡ਼ੀ ਅਫਸਰ, ਮੋਗਾ-1 ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਕਣਕ ਦੀ ਫਸਲ ’ਤੇ ਅਜੇ ਤੱਕ ਨਾ ਚੇਪੇ ਜਾਂ ਤੇਲੇ ਦਾ ਕੋਈ ਹਮਲਾ ਅਤੇ ਨਾ ਹੀ ਪੀਲੀ ਕੁੰਗੀ ਦਾ ਕੋਈ ਹਮਲਾ ਵੇਖਣ ’ਚ ਆਇਆ ਹੈ। ਡਾ. ਅਰਸ਼ਦੀਪ ਕੌਰ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਨੇ ਦੱਸਿਆ ਕਿ ਇਸ ਸਮੇਂ ਕਿਸੇ ਵੀ ਫਸਲ ’ਤੇ ਕੀਡ਼ੇ-ਮਕੌਡ਼ੇ ਜਾਂ ਬੀਮਾਰੀ ਦਾ ਹਮਲਾ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਫਸਲ ’ਤੇ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋਗ੍ਰਾਮ 100 ਲਿਟਰ ਪਾਣੀ ’ਚ ਘੋਲ ਕੇ ਪ੍ਰਤੀ ਏਕਡ਼ ਸਪਰੇਅ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਨੂੰ ਕਰਨਾਲ ਬੰਟ ਤੋਂ ਬਚਾਉਣ ਲਈ ਟਿਲਟ 200 ਮਿਲੀਲੀਟਰ ਪ੍ਰਤੀ ਏਕਡ਼ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ। ਇਸ ਮੌਕੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਦੀ ਫਸਲ ’ਤੇ ਲਾਲ ਭੂੰਡੀ ਨੂੰ ਵੇਖ ਕੇ ਉਸ ਉਪਰ ਕੋਈ ਸਪਰੇਅ ਨਾ ਕੀਤੀ ਜਾਵੇ, ਕਿਉਂਕਿ ਇਹ ਇਕ ਮਿੱਤਰ ਕੀਡ਼ਾ ਹੈ ਅਤੇ ਕਣਕ ਦੀ ਫਸਲ ਨੂੰ ਚੇਪੇ ਅਤੇ ਤੇਲੇ ਤੋਂ ਬਚਾਉਂਦਾ ਹੈ। ਡਾ. ਮਲਕੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਕਿੰਨੂ ਦੀ ਫਸਲ ’ਤੇ ਕਿਤੇ-ਕਿਤੇ ਟਿੱਡੇ ਦਾ ਹਮਲਾ ਹੈ, ਜਿਸ ਨਾਲ 3 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦਾ ਲਗਭਗ 3 ਪ੍ਰਤੀਸ਼ਤ ਰਕਬਾ ਤਣਾ ਛੇਦਕ ਸੁੰਡੀ ਅਤੇ ਝੁਲਸ ਰੋਗ ਨਾਲ ਪ੍ਰਭਾਵਿਤ ਹੋਇਆ ਹੈ। ਖੇਤੀ ਮਾਹਿਰਾਂ ਨੇ ਸਲਾਹ ਦਿੱਤੀ ਕਿ ਸਰੌਂ ਦੀ ਫਸਲ ’ਤੇ ਜੇਕਰ ਹਮਲਾ ਵੇਖਣ ’ਚ ਆਉਂਦਾ ਹੈ, ਤਾਂ ਕਿਸਾਨ ਵੀਰ ਪ੍ਰਤੀ ਏਕਡ਼ ਐਕਟਾਰਾ 40 ਗ੍ਰਾਮ, ਰੋਗਰ ਜਾਂ ਮੈਲਾਥੀਆਨ 400 ਮਿਲੀਲਿਟਰ ਜਾਂ 600 ਮਿਲੀਲਿਟਰ ਕਲੋਰੋਪੇਰੀਫਾਸ ਦੀ ਸਪਰੇਅ ਕਰਨ। ਮੀਟਿੰਗ ’ਚ ਹਾਜ਼ਰ ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਬਹੁਤ ਵਧੀਆ ਹੈ, ਪਰ ਭਾਰੀ ਮੀਂਹ ਕਾਰਨ ਆਲੂ ਦੀ ਫਸਲ ਦਾ ਕੁੱਝ ਨੁਕਸਾਨ ਹੋਇਆ ਹੈ। ਇਸ ਮੀਟਿੰਗ ’ਚ ਡਾ. ਕੁਲਦੀਪ ਸਿੰਘ ਬਲਾਕ ਖੇਤੀਬਾਡ਼ੀ ਅਫਸਰ, ਮੋਗਾ-1, ਡਾ. ਗੁਰਦੀਪ ਸਿੰਘ ਖੇਤੀਬਾਡ਼ੀ ਅਫਸਰ, ਡਾ. ਅਮਰਜੀਤ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ (ਪੀ. ਪੀ.), ਡਾ. ਤਰਨਜੀਤ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ ਨਿਹਾਲ ਸਿੰਘ ਵਾਲਾ, ਡਾ. ਸੁਖਰਾਜ ਕੌਰ ਖੇਤੀਬਾਡ਼ੀ ਵਿਕਾਸ ਅਫਸਰ (ਇਨ) ਮੋਗਾ, ਡਾ. ਬਲਜਿੰਦਰ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ, ਮੋਗਾ-2, ਡਾ. ਅਰਸ਼ਦੀਪ ਕੌਰ ਗਿੱਲ ਸਹਾਇਕ ਪ੍ਰੋਫੈਸਰ ਕੇ. ਵੀ. ਕੇ. ਮੋਗਾ, ਡਾ. ਮਲਕੀਤ ਸਿੰਘ ਬਾਗਬਾਨੀ ਵਿਕਾਸ ਅਫਸਰ, ਮੋਗਾ ਅਤੇ ਕਿਸਾਨ ਅੰਗਰੇਜ਼ ਸਿੰਘ ਪੁੱਤਰ ਹਾਕਮ ਸਿੰਘ ਪਿੰਡ ਖੋਸਾ ਕੋਟਲਾ ਆਦਿ ਹਾਜ਼ਰ ਸਨ।
ਨਗਰ ਕੌਂਸਲ ਨੇ 28 ਲੱਖ ਦੀ ਲਾਗਤ ਨਾਲ ਨਵਾਂ ਨਾਲਾ ਬਨਾਉਣ ਦੀ ਕੀਤੀ ਸ਼ੁਰੂਆਤ
NEXT STORY