ਮੋਗਾ (ਗੋਪੀ ਰਾਊਕੇ)-ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲੇ ’ਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ ਅਤੇ ਜ਼ਿਲੇ ਨਾਲ ਸਬੰਧਤ ਸਮੂਹ ਰਾਜਨੀਤਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਪ੍ਰਸ਼ਾਸਨ ਨੂੰ ਪੂਰਣ ਸਹਿਯੋਗ ਦੇਣ। ਜ਼ਿਲਾ ਪ੍ਰਸ਼ਾਸਨ ਵੱਲੋਂ ਰਾਜਸੀ ਪਾਰਟੀਆਂ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾਡ਼੍ਹਿਆ ਜਾਵੇਗਾ ਅਤੇ ਚੋਣਾਂ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ ਵੀ ਮੌਜੂਦ ਸਨ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ 19 ਮਈ ਨੂੰ ਪੈਣਗੀਆਂ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਹਰੇਕ ਈ. ਵੀ. ਐੱਮ. ਮਸ਼ੀਨ ਨਾਲ ਵੀ. ਵੀ. ਪੈਟ ਜੋਡ਼ਿਆ ਗਿਆ ਹੈ, ਜਿਸ ਦੀ ਸਕਰੀਨ ’ਤੇ ਮਤਦਾਤਾ ਆਪਣੀ ਵੋਟ ਪਾਉਣ ਤੋਂ ਬਾਅਦ 7 ਸਕਿੰਟ ਲਈ ਇਹ ਜਾਣਕਾਰੀ ਦੇਖ ਸਕੇਗਾ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕੋਈ ਵੀ ਰਾਜਸੀ ਪਾਰਟੀ ਧਾਰਮਿਕ ਸਥਾਨਾਂ ਨੂੰ ਚੋਣ ਪ੍ਰਚਾਰ ਲਈ ਨਹੀਂ ਵਰਤ ਸਕੇਗੀ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਜਨਤਕ ਇਮਾਰਤਾਂ ’ਤੇ ਕਿਸੇ ਵੀ ਕਿਸਮ ਦੀ ਸਿਆਸੀ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿੱਜੀ ਥਾਵਾਂ ’ਤੇ ਵੀ ਆਪਣੀ ਪਾਰਟੀ ਜਾਂ ਉਮੀਦਵਾਰ ਦਾ ਬੈਨਰ ਜਾਂ ਪੋਸਟਰ ਲਾਉਣ ਤੋਂ ਪਹਿਲਾਂ ਜਗ੍ਹਾ ਦੇ ਮਾਲਕਾਂ ਨੂੰ ਭਰੋਸੇ ’ਚ ਲੈਣਾ ਪਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਉਹ ਚੋਣ ਜਾਬਤੇ ਦੀ ਉਲੰਘਣਾ ਹੋਵੇਗੀ ਅਤੇ ਉਸ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇਗੀ।ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕਿਸੇ ਵੀ ਰਾਜਸੀ ਪਾਰਟੀ ਜਾਂ ਚੋਣ ਲਡ਼ਨ ਵਾਲੇ ਉਮੀਦਵਾਰ ਨੂੰ ਰੈਲੀਆਂ ਅਤੇ ਮੀਟਿੰਗਾਂ ਕਰਨ ਤੋਂ ਪਹਿਲਾਂ ਇਜਾਜ਼ਤ ਲੈਣੀ ਜਰੂਰੀ ਹੋਵੇਗੀ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਚੋਣਾਂ ਸਮੇਂ ਕੋਈ ਵੀ ਵਿਅਕਤੀ ਜੇਕਰ ਵੋਟਰਾਂ ਨੂੰ ਗਲਤ ਤਰੀਕੇ ਨਾਲ ਭਰਮਾਉਂਦਾ ਹੈ, ਤਾਂ ਉਸ ਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਤੱਕ ਪੁੱਜਦੀ ਕੀਤੀ ਜਾਵੇ। ਇਸ ਤੋਂ ਇਲਾਵਾ ਸੀ-ਵਿਜ਼ਲ ਮੋਬਾਇਲ ਐਪ ਰਾਹੀਂ ਵੀ ਨਜ਼ਰ ਰੱਖੀ ਜਾ ਸਕਦੀ ਹੈ। ਚੋਣਾਂ ਸਬੰਧੀ ਕੋਈ ਵੀ ਜਾਣਕਾਰੀ ਜਾਂ ਸ਼ਿਕਾਇਤ ਟੋਲ ਫਰੀ ਨੰ. 1950 ’ਤੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਲਾਊਡ ਸਪੀਕਰਾਂ ਦੀ ਵਰਤੋਂ ਲਈ ਵੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ ਅਤੇ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਚਲਾਉਣ ’ਤੇ ਮਨਾਹੀਂ ਹੋਵੇਗੀ। ਜ਼ਿਲਾ ਪੁਲਸ ਮੁਖੀ ਸ੍ਰੀ ਅਮਰਜੀਤ ਸਿੰਘ ਬਾਜਵਾ ਨੇ ਇਸ ਮੌਕੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲੇ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਆਪਣੇ ਹਥਿਆਰ ਤੁਰੰਤ ਨੇਡ਼ਲੇ ਪੁਲਸ ਸਟੇਸ਼ਨ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕਰਨ, ਤਾਂ ਜੋ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਚੋਣਾਂ ਸ਼ਾਂਤੀ ਪੂਰਵਕ ਸੰਪੰਨ ਹੋ ਸਕਣ। ਮੀਟਿੰਗ ’ਚ ਕਾਂਗਰਸ ਦੇ ਨੁਮਾਇੰਦੇ ਦਰਬਾਰਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਤੀਰਥ ਸਿੰਘ ਮਾਹਲਾ, ਜ਼ਿਲਾ ਸਕੱਤਰ ਸੀ. ਪੀ. ਐੱਮ. ਕਾਮਰੇਡ ਸੁਰਜੀਤ ਸਿੰਘ ਗਗਡ਼ਾ, ਜ਼ਿਲਾ ਸਕੱਤਰ ਸੀ. ਪੀ. ਆਈ. ਕਾਮਰੇਡ ਕੁਲਦੀਪ ਸਿੰਘ ਭੋਲਾ, ਜ਼ਿਲਾ ਪ੍ਰਧਾਨ ਭਾਜਪਾ ਵਿਨੈ ਸ਼ਰਮਾ, ਬਹੁਜਨ ਸਮਾਜ ਪਾਰਟੀ ਦੇ ਗੁਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਜ) ਲਾਲ ਵਿਸ਼ਵਾਸ ਬੈਂਸ, ਐੱਸ. ਡੀ. ਐੱਮ. ਮੋਗਾ ਗੁਰਵਿੰਦਰ ਸਿੰਘ ਜੌਹਲ, ਐੱਸ. ਡੀ. ਐੱਮ. ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਮਨਦੀਪ ਕੌਰ, ਐੱਸ. ਡੀ. ਐੱਮ. ਬਾਘਾਪੁਰਾਣਾ ਸਵਰਨਜੀਤ ਕੌਰ, ਜਗਜੀਤ ਸਿੰਘ ਜੌਡ਼ਾ, ਤਹਿਸੀਲਦਾਰ ਚੋਣਾਂ ਬਲਵਿੰਦਰ ਸਿੰਘ ਵੀ ਮੌਜੂਦ ਸਨ।
ਵਾਤਾਵਰਣ ਦੀ ਸ਼ੁੱਧਤਾ ਲਈ ਸੰਗਤਾਂ ਤ੍ਰਿਵੈਣੀ ਮੁਹਿੰਮ ਤਹਿਤ ਬੂਟੇ ਲਾਉਣ : ਸੰਤ ਲੋਪੋਂ
NEXT STORY