ਜਲੰਧਰ, (ਮ੍ਰਿਦੁਲ)- ਉਜਾਲਾ ਨਗਰ ਵਿਚ ਸਵੇਰੇ 7 ਵਜੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 35 ਸਾਲ ਦੇ ਇਕ ਨੌਜਵਾਨ ਦੀ ਲਾਸ਼ ਘਰ ਤੋਂ ਕਰੀਬ 60 ਕਦਮ ਦੂਰੀ 'ਤੇ ਮਿਲੀ। ਲਾਸ਼ ਦਾ ਮੂੰਹ ਬੁਰੀ ਤਰ੍ਹਾਂ ਪਿਚਕਿਆ ਹੋਇਆ ਸੀ। ਪੁਲਸ ਨੇ ਜਦੋਂ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਕਤਲ ਦਾ ਨਿਕਲਿਆ। ਕਤਲ ਮੁਲਜ਼ਮਾਂ ਨੇ ਇਸ ਲਈ ਕੀਤਾ ਕਿਉਂਕਿ ਮ੍ਰਿਤਕ ਨੇ ਨੌਜਵਾਨਾਂ ਕੋਲੋਂ ਤੈਅ ਪੈਸਿਆਂ ਨਾਲੋਂ ਸਿਰਫ 50 ਰੁਪਏ ਜ਼ਿਆਦਾ ਮੰਗ ਲਏ, ਜਿਸ ਤੋਂ ਭੜਕੇ ਸ਼ਰਾਬੀ ਨੌਜਵਾਨਾਂ ਨੇ ਕੋਲ ਪਏ ਭਾਰੀ ਪੱਥਰ ਨਾਲ 3 ਵਾਰ ਕਰ ਕੇ ਕਤਲ ਕਰ ਦਿੱਤਾ। ਮਾਮਲੇ ਨੂੰ ਪੁਲਸ ਨੇ ਕਰੀਬ 12 ਘੰਟਿਆਂ ਵਿਚ ਅੰਦਰ ਟ੍ਰੇਸ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅਸ਼ੋਕ ਕੁਮਾਰ ਨੇ ਪੁਲਸ ਸਟੇਟਮੈਂਟ ਵਿਚ ਕਿਹਾ ਕਿ ਉਨ੍ਹਾਂ ਨੂੰ ਉਜਾਲਾ ਨਗਰ ਵਿਚ ਹੋਮਗਾਰਡ ਕੁਲਵੰਤ ਸਿੰਘ ਦੇ ਕੁਆਰਟਰ ਵਿਚ ਕਿਰਾਏ 'ਤੇ ਰਹਿੰਦਿਆਂ 4 ਸਾਲ ਹੋ ਗਏ ਹਨ। ਉਸ ਦਾ ਛੋਟਾ ਭਰਾ ਦੀਪਕ ਸੋਮਵਾਰ ਰਾਤ ਕਰੀਬ 8.30 ਵਜੇ ਮਾਂ ਨੂੰ ਦੱਸ ਕੇ ਗਿਆ ਕਿ ਉਹ ਦੋਸਤਾਂ ਨਾਲ ਜਾ ਰਿਹਾ ਹੈ। ਜਦੋਂ ਰਾਤ ਨੂੰ ਵਾਪਸ ਨਾ ਆਇਆ ਤਾਂ ਉਹ ਕਾਫੀ ਪ੍ਰੇਸ਼ਾਨ ਹੋਏ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਹ ਕਿਸੇ ਦੋਸਤ ਦੇ ਘਰ ਰੁਕ ਗਿਆ ਹੋਵੇਗਾ ਕਿਉਂਕਿ ਅਕਸਰ ਹੀ ਉਹ ਦੋਸਤਾਂ ਦੇ ਘਰ ਰਹਿੰਦਾ ਸੀ ਪਰ ਜਦੋਂ ਸਵੇਰੇ ਕਰੀਬ 6.30 ਵਜੇ ਮਾਂ ਕੂੜਾ ਸੁੱਟਣ ਲਈ ਘਰ ਦੇ ਪਿੱਛੇ ਸਥਿਤ ਪਲਾਟ ਵਿਚ ਗਈ ਤਾਂ ਵੇਖਿਆ ਕਿ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਕੋਲ ਜਾ ਕੇ ਵੇਖਿਆ ਤਾਂ ਉਹ ਉਸ ਦਾ ਹੀ ਮੁੰਡਾ ਨਿਕਲਿਆ, ਜਿਸ ਤੋਂ ਬਾਅਦ ਉਸ ਨੇ ਮਕਾਨ ਮਾਲਕ ਹੋਮਗਾਰਡ ਕੁਲਵੰਤ ਨੂੰ ਫੋਨ ਕੀਤਾ, ਜਿਸ ਨੇ ਥਾਣਾ ਨੰ. 5 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਆ ਕੇ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਲਾਸ਼ ਕੋਲੋਂ ਇਕ ਪਰਸ ਮਿਲਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ।
ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਰਸ ਵਿਚੋਂ ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਮਿਲਿਆ।
ਡਰਾਈਵਿੰਗ ਲਾਇਸੈਂਸ ਦੀਪਕ ਕੁਮਾਰ ਉਰਫ ਦੀਪੀ ਦੇ ਨਾਂ 'ਤੇ ਸੀ। ਦੂਜੇ ਪਾਸੇ ਆਰ. ਸੀ. ਮੋਟਰਸਾਈਕਲ ਦੀ ਸੀ, ਜੋ ਕਿਸੇ ਔਰਤ ਦੇ ਨਾਂ 'ਤੇ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਨੌਜਵਾਨ ਮੋਤਾ ਸਿੰਘ ਨਗਰ ਵਾਸੀ ਦੀਪਕ ਉਰਫ ਦੀਪੀ, ਜਦੋਂਕਿ ਦੂਜਾ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਕਰੇਸ ਹੈ। ਦੀਪੀ ਅਤੇ ਕਰੇਸ ਨੂੰ ਕਾਬੂ ਕਰਨ ਤੋਂ ਬਾਅਦ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਉਹ ਰਾਤ ਨੂੰ ਇਕੱਠੇ ਸ਼ਰਾਬ ਪੀਣ ਲਈ ਨਿਕਲੇ ਸਨ, ਜਿਸ ਤੋਂ ਬਾਅਦ ਉਹ 10 ਵਜੇ ਬੱਸ ਸਟੈਂਡ ਪਹੁੰਚੇ ਤਾਂ ਉਥੇ ਦੀਪਕ ਲੜਕੀਆਂ ਦੇ ਕੱਪੜੇ ਪਾ ਕੇ ਖੜ੍ਹਾ ਸੀ। ਕਰੀਬ 10.30 ਵਜੇ ਜਦੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਬਦਲੇ 200 ਰੁਪਏ ਵਿਚ ਗੱਲ ਪੱਕੀ ਹੋਈ ਤਾਂ ਜਗ੍ਹਾ ਲੱਭਣ ਦਾ ਮਸਲਾ ਖੜ੍ਹਾ ਹੋਇਆ, ਜਿਸ ਤੋਂ ਬਾਅਦ ਦੀਪਕ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਘਰ ਵੱਲ ਪਲਾਟ ਵਿਚ ਲਿਜਾਵੇਗਾ, ਜਿਥੇ ਉਹ ਰਾਤ ਕਰੀਬ 12 ਵਜੇ ਪਹੁੰਚੇ।
ਮੁਲਜ਼ਮ ਦੀਪਕ ਨੇ ਦੱਸਿਆ ਕਿ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਸ ਨੇ ਮ੍ਰਿਤਕ ਨੂੰ 200 ਰੁਪਏ ਦਿੱਤੇ ਤਾਂ ਉਹ 50 ਰੁਪਏ ਹੋਰ ਲੈਣ 'ਤੇ ਅੜ ਗਿਆ। ਮ੍ਰਿਤਕ ਨੇ ਮੁਲਜ਼ਮਾਂ ਨਾਲ ਬਹਿਸ ਦੌਰਾਨ ਉਨ੍ਹਾਂ ਦੀ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਕਹਿਣ ਲੱਗਾ ਕਿ 50 ਰੁਪਏ ਲੈਣ ਤੋਂ ਬਾਅਦ ਹੀ ਚਾਬੀ ਦੇਵੇਗਾ। ਮੁਲਜ਼ਮ ਦੀਪਕ ਨੇ ਗੁੱਸੇ ਵਿਚ ਆ ਕੇ ਕੋਲ ਪਏ ਪੱਥਰ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੱਥੋਪਾਈ ਦੌਰਾਨ ਕਦੋਂ ਉਨ੍ਹਾਂ ਦਾ ਪਰਸ ਹੇਠਾਂ ਡਿੱਗ ਪਿਆ।
ਹੱਥੋਪਾਈ ਦੌਰਾਨ ਮੁਲਜ਼ਮ ਦੀ ਜੇਬ 'ਚੋਂ ਦੀਪਕ ਨੇ ਕੱਢ ਲਿਆ ਸੀ ਪਰਸ : ਏ. ਸੀ. ਪੀ.
ਏ. ਸੀ. ਪੀ. ਵੈਸਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਦੀਪਕ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਜਦੋਂ ਸ਼ਰਾਬ ਦਾ ਨਸ਼ਾ ਥੋੜ੍ਹਾ ਉਤਰਿਆ ਤਾਂ ਉਸ ਨੂੰ ਯਾਦ ਆਇਆ ਕਿ ਉਸ ਦੀ ਪੈਂਟ ਦੀ ਪਿਛਲੀ ਜੇਬ ਵਿਚ ਕਿਸੇ ਨੇ ਹੱਥ ਪਾਇਆ ਸੀ ਪਰ ਜਲਦਬਾਜ਼ੀ ਵਿਚ ਪਤਾ ਨਹੀਂ ਲੱਗਾ। ਪਰਸ ਡਿੱਗਣ ਤੋਂ ਬਾਅਦ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਟ੍ਰੇਸ ਕਰ ਲਿਆ।
ਆਰ. ਸੀ. ਤੇ ਲਾਇਸੈਂਸ 'ਤੇ ਜੋ ਪਤਾ ਸੀ ਉਥੇ ਦੀਪਕ ਰਹਿੰਦਾ ਹੀ ਨਹੀਂ ਸੀ : ਐੱਸ. ਐੱਚ. ਓ.
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀਪਕ ਦੇ ਲਾਇਸੈਂਸ ਅਤੇ ਆਰ. ਸੀ. 'ਤੇ ਗੁਰਜੈਪਾਲ ਨਗਰ ਦਾ ਐਡਰੈੱਸ ਨਿਕਲਿਆ। ਉਥੇ ਜਾ ਕੇ ਪਤਾ ਲੱਗਾ ਕਿ ਕਈ ਸਾਲ ਪਹਿਲਾਂ ਦੀਪਕ ਦਾ ਪਰਿਵਾਰ ਉਥੋਂ ਮੂਵ ਕਰ ਕੇ ਮੋਤਾ ਸਿੰਘ ਨਗਰ ਰਹਿਣ ਲੱਗ ਪਿਆ ਹੈ।
ਇਸ ਤਰ੍ਹਾਂ ਪਹੁੰਚੀ ਪੁਲਸ ਫੜੇ ਗਏ ਮੁਲਜ਼ਮਾਂ ਤੱਕ
ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਮੁਲਜ਼ਮ ਦੀਪਕ ਨੂੰ ਫੜਨ ਲਈ ਜਾਂਚ ਕੀਤੀ ਤਾਂ ਪਹਿਲਾਂ ਮੋਟਰਸਾਈਕਲ ਦਾ ਨੰਬਰ ਟ੍ਰੇਸ ਕਰਨ ਤੋਂ ਪਤਾ ਲੱਗਾ ਕਿ ਉਹ ਫਾਈਨਾਂਸ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਅਲੀ ਮੁਹੱਲਾ ਸਥਿਤ ਇਕ ਫਾਈਨਾਂਸਰ ਕੋਲ ਪਹੁੰਚੀ, ਜਿਨ੍ਹਾਂ ਨੇ ਫੋਟੋ ਦੇਖ ਕੇ ਦੱਸਿਆ ਕਿ ਉਕਤ ਮੁਲਜ਼ਮ ਦੀਪਕ ਪੀ. ਏ. ਪੀ. ਚੌਕ ਕੋਲ ਸਥਿਤ ਸ਼ੋਅਰੂਮ ਵਿਚ ਕੰਮ ਕਰਦਾ ਹੈ। ਦੀਪਕ ਸ਼ੋਅਰੂਮ ਵਿਚ ਖਾਣਾ ਬਣਾਉਣ ਅਤੇ ਸਾਫ-ਸਫਾਈ ਦਾ ਕੰਮ ਕਰਦਾ ਹੈ। ਜਿਥੇ ਪੁੱਛਗਿੱਛ ਕਰਨ ਤੋਂ ਬਾਅਦ ਮੋਤਾ ਸਿੰਘ ਨਗਰ ਵਿਚ ਉਸ ਦੇ ਘਰ ਵਿਚੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਜਾਣ ਤੋਂ ਬਾਅਦ ਉਸ ਨੇ ਆਪਣੇ ਸਾਥੀ ਕਰੇਸ ਦੇ ਸ਼ਾਸਤਰੀ ਮਾਰਕੀਟ ਸਥਿਤ ਟਿਕਾਣੇ ਦਾ ਪਤਾ ਦੱਸ ਦਿੱਤਾ, ਜਿਥੋਂ ਪੁਲਸ ਨੇ ਉਸ ਨੂੰ ਫੜ ਲਿਆ।
ਮੂੰਹ ਤੇ ਜਬਾੜੇ ਦੇ ਨਾਲ-ਨਾਲ ਮੋਢਾ ਤੇ ਮਣਕਾ ਟੁੱਟਿਆ
ਸਿਵਲ ਹਸਪਤਾਲ ਵਿਚ ਮ੍ਰਿਤਕ ਦੀਪਕ ਦਾ ਪੋਸਟਮਾਰਟਮ ਪੈਨਲ ਬੋਰਡ ਨੇ ਕੀਤਾ, ਜਿਸ ਵਿਚ ਡਾ. ਸਤਿੰਦਰ, ਡਾ. ਰਮੇਸ਼ ਸ਼ਾਮਲ ਸਨ।
ਪੋਸਟਮਾਰਟਮ ਵਿਚ ਆਇਆ ਕਿ ਜਿਥੇ ਉਸ ਦੇ ਮੂੰਹ 'ਤੇ ਵਾਰ ਕਰਨ ਨਾਲ ਜਬਾੜਾ ਟੁੱਟ ਗਿਆ ਅਤੇ ਉਸ ਦਾ ਸੱਜਾ ਮੋਢਾ ਤੇ ਮਣਕਾ ਟੁੱਟ ਗਿਆ ਸੀ, ਉਥੇ ਹੀ ਉਸ ਦੇ ਫੇਫੜੇ ਵੀ ਬੁਰੀ ਤਰ੍ਹਾਂ ਡੈਮੇਜ ਹੋ ਗਏ ਸਨ। ਸ਼ੰਕਾ ਹੈ ਕਿ ਉਸ ਦੀ ਛਾਤੀ 'ਤੇ ਵੀ ਕਾਫੀ ਵਾਰ ਕੀਤੇ ਗਏ ਹਨ।
ਸੱਜੀ ਬਾਂਹ ਐਕਸੀਡੈਂਟ ਕਾਰਨ ਕੱਟ ਗਈ ਸੀ : ਭਰਾ ਅਸ਼ੋਕ
ਮ੍ਰਿਤਕ ਦੇ ਭਰਾ ਅਸ਼ੋਕ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਛੋਟੇ ਭਰਾ ਦੀਪਕ ਦੀ ਬਾਂਹ ਕੱਟ ਗਈ ਸੀ, ਜਿਸ ਕਾਰਨ ਆਪ੍ਰੇਸ਼ਨ ਤੋਂ ਬਾਅਦ ਉਸ ਦੀ ਅੱਧੀ ਬਾਂਹ ਕੱਟ ਦਿੱਤੀ ਗਈ ਸੀ।
ਬੁੱਢੇ ਨਾਲੇ ਕਿਨਾਰੇ ਸਥਿਤ ਕੂਡ਼ਾ ਘਰਾਂ ਦੀ ਜਗ੍ਹਾ ਬਣੇਗੀ ਗ੍ਰੀਨ ਬੈਲਟ
NEXT STORY