ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਕਰੈਸ਼ਰ ਜ਼ੋਨ ਵਿਚੋਂ ਲੰਘਦੇ ਕਾਹਨਪੁਰ ਖੂਹੀ-ਭੰਗਲ ਮਾਰਗ 'ਤੇ ਕਈ ਮਹੀਨਿਆਂ ਤੋਂ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਲਗਾਈ ਗਈ ਪਾਬੰਦੀ ਕਾਰਨ ਤਬਾਹ ਹੋ ਰਹੇ ਕਰੈਸ਼ਰ ਅਤੇ ਟਰਾਂਸਪੋਰਟ ਕਾਰੋਬਾਰ ਨੂੰ ਲੈ ਕੇ ਅੱਡਾ ਕਾਹਨਪੁਰ ਖੂਹੀ ਵਿਖੇ ਕਰੈਸ਼ਰ ਮਾਲਕਾਂ ਅਤੇ ਟਰਾਂਸਪੋਰਟਰਾਂ/ਟਿੱਪਰ ਚਾਲਕਾਂ ਦੀ ਮੀਟਿੰਗ ਆਲ ਪੰਜਾਬ ਕ੍ਰੈਸ਼ਰ ਐਸੋਸੀਏਸ਼ਨ ਅਤੇ ਟਿੱਪਰ ਐਸੋਸੀਏਸ਼ਨ ਦੀ ਸਾਂਝੀ ਅਹਿਮ ਬੈਠਕ ਹੋਈ। ਮੀਟਿੰਗ ਵਿਚ ਖੇਤਰ ਵਾਸੀਆਂ, ਕਰੈਸ਼ਰ ਇੰਡਸਟਰੀ ਅਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਵਿਅਕਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰ-ਵਟਾਂਦਰਾ ਕਰਦੇ ਪ੍ਰਸ਼ਾਸਨ ਵੱਲੋਂ ਨੋ ਐਂਟਰੀ ਦਾ ਮਾਮਲਾ ਲੰਬੇ ਸਮੇਂ ਬਾਅਦ ਵੀ ਨਾ ਸੁਲਝਾਏ ਜਾਣ ਤੋਂ ਪ੍ਰਭਾਵਿਤ ਅਤੇ ਖ਼ਫ਼ਾ ਹੋਏ ਕਰੈਸ਼ਰ ਮਾਲਕਾਂ ਅਤੇ ਟਿੱਪਰ ਚਾਲਕਾਂ ਵੱਲੋਂ ਪ੍ਰਸ਼ਾਸਨ ਨੂੰ ਇਕ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਅਣਮਿੱਥੇ ਸਮੇਂ ਲਈ ਸ਼ਾਂਤਮਈ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ, ਜਿਸ ’ਤੇ ਉਕਤ ਮਾਮਲਾ ਮੁੜ ਭਖ ਗਿਆ ਹੈ।
ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
ਇਸ ਮੌਕੇ ਕਰੈਸ਼ਰ ਯੂਨੀਅਨ ਦੇ ਸੂਬਾ ਪ੍ਰਧਾਨ ਮਨੀ ਗਿੱਲ ਅਤੇ ਦੀਪਕ ਰਾਣਾ ਖੇੜਾ ਕਲਮੋਟ ਨੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਸਮੇਂ ’ਤੇ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਵੱਖ-ਵੱਖ ਹੁਕਮ ਜਾਰੀ ਕੀਤੇ ਜਾ ਰਹੇ ਹਨ, ਜਿਸ ਕਾਰਨ ਇਹ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਦੀ ਦਿਨ ਸਮੇਂ ਆਵਾਜਾਈ ’ਤੇ ਪਾਬੰਦੀ ਕਾਰਨ ਕਰੈਸ਼ਰ ਇੰਡਸਟਰੀ ਨਾਲ ਜੁੜੇ ਹਜ਼ਾਰਾਂ ਨੌਜਵਾਨਾਂ ਦੇ ਰੋਜ਼ਗਾਰ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਮਨੀ ਗਿੱਲ ਨੇ ਕਿਹਾ ਕਿ ਸਕੂਲ ਸਮੇਂ ਅਤੇ ਸ਼ਾਮ ਵੇਲੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਹ ਇਨ੍ਹਾਂ ਸਮਿਆਂ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਪ੍ਰਹੇਜ਼ ਕਰਨ ਲਈ ਤਿਆਰ ਹਨ।
ਲੱਖਾਂ ਰੁਪਏ ਲਗਾ ਕੇ ਸਥਾਪਤ ਕੀਤਾ ਕਾਰੋਬਾਰ ਬਰਬਾਦੀ ਦੇ ਕੰਢੇ ’ਤੇ ਪੁੱਜਾ : ਮਨੀ ਗਿੱਲ
ਟਰਾਂਸਪੋਰਟਰਾਂ ਅਤੇ ਕਰੈਸ਼ਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਲੱਖਾਂ ਰੁਪਏ ਦਾ ਨਿਵੇਸ਼ ਕਰਕੇ ਕਰੈਸ਼ਰ ਇੰਡਸਟਰੀ ਅਤੇ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਪਰ ਮੌਜੂਦਾ ਹਾਲਾਤ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਪ੍ਰਸ਼ਾਸਨ ਤੋਂ ਪਹਿਲਾਂ ਵੀ ਕਈ ਵਾਰ ਮੰਗ ਕਰ ਚੁੱਕੇ ਹਨ ਕਿ ਲੋਕਾਂ ਦੀ ਸੁਰੱਖਿਆ, ਸਕੂਲੀ ਬੱਚਿਆਂ ਦੀ ਸਹੂਲਤ ਅਤੇ ਟਰਾਂਸਪੋਰਟਰਾਂ ਦੇ ਕਾਰੋਬਾਰ ਨੂੰ ਧਿਆਨ ਵਿਚ ਰੱਖਦਿਆਂ ਤਿੰਨਾਂ ਪੱਖਾਂ ਲਈ ਸਾਂਝਾ ਅਤੇ ਪੱਕਾ ਹੱਲ ਕੱਢਿਆ ਜਾਵੇ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਮੰਗ ਨੂੰ ਹੁਣ ਤੱਕ ਅਣਦੇਖਾ ਕਰ ਕੇ ਰੱਖਿਆ ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਧਰਨਾ ਲਗਾਉਣ ਦਾ ਫ਼ੈਸਲਾ ਲੈਣਾ ਪਿਆ। ਜਥੇਬੰਦੀ ਦੇ ਪ੍ਰਧਾਨ ਮਨੀ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਰੇ ਪੱਖਾਂ ਨੂੰ ਇੱਕੋ ਮੇਜ਼ ’ਤੇ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਾਹਨਪੁਰ ਖੂਹੀ-ਭੰਗਲ ਸੜਕ ’ਤੇ ਆਵਾਜਾਈ ਲਈ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਨਾ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ, ਨਾ ਸਕੂਲੀ ਬੱਚਿਆਂ ਨੂੰ ਮੁਸ਼ਕਲ ਆਵੇ ਅਤੇ ਨਾ ਹੀ ਟਰਾਂਸਪੋਰਟਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ
ਡੀ. ਸੀ. ਨੂੰ ਭੇਜਿਆ ਮੰਗ ਪੱਤਰ, 7 ਨੂੰ ਧਰਨੇ ’ਤੇ ਬੈਠਣਗੇ ਕਰੈਸ਼ਰ ਤੇ ਟਿੱਪਰ ਐਸੋਸੀਏਸ਼ਨ ਦੇ ਨੁਮਾਇੰਦੇ
ਮੀਟਿੰਗ ਦੌਰਾਨ ਕਰੈਸ਼ਰ ਯੂਨੀਅਨ ਅਤੇ ਟਿੱਪਰ ਯੂਨੀਅਨ ਦੇ ਨੁਮਾਇੰਦਿਆਂ ’ਚ ਸ਼ਾਮਲ ਕਰੈਸ਼ਰ ਯੂਨੀਅਨ ਦੇ ਪ੍ਰਧਾਨ ਮਨੀ ਗਿੱਲ, ਦੀਪਕ ਰਾਣਾ, ਜਸਵੀਰ ਸਿੰਘ, ਬਿੰਦਰ, ਹਰਪ੍ਰੀਤ, ਬੰਤ, ਮਨੀਸ਼ ਜਸਵੀਰ, ਬਿਪਨ, ਮੋਹਨ ਸਿੰਘ ਪਲਾਟਾ, ਬਿੰਦਰੂ ਸਾਬਕਾ ਸਰਪੰਚ ਭਨੂਹਾਂ, ਕਾਲਾ, ਇੰਦਰਜੀਤ, ਜੋਗਰਾਜ, ਰਾਹੁਲ ਪਲਾਟਾ, ਸੰਜੂ ਖੂਹੀ, ਹੈਪੀ ਖੂਹੀ, ਜੱਸਾ ਖੂਹੀ ਅਤੇ ਕੁਲਵਿੰਦਰ ਸਿੰਘ ਆਦਿ ਨੇ ਪ੍ਰਸ਼ਾਸਨ ਦੇ ਧਿਆਨ ਹਿੱਤ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਭੇਜੇ ਮੰਗ ਪੱਤਰ ਰਾਹੀਂ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਆਖਿਆ ਕਿ ਜੇ 6 ਅਕਤੂਬਰ ਤੱਕ ਨੋ ਐਂਟਰੀ ਦੇ ਮਾਮਲੇ ਨੂੰ ਨਾ ਸੁਲਝਾਇਆ ਗਿਆ ਤਾਂ ਉਹ 7 ਅਕਤੂਬਰ ਨੂੰ ਕਾਹਨਪੁਰ ਖੂਹੀ ਵਿਖੇ ਸ਼ਾਂਤਮਈ ਢੰਗ ਨਾਲ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਕਰਨਗੇ ਜਿਸ ਦੌਰਾਨ ਪੈਦਾ ਹੋਣ ਵਾਲੇ ਸਮੁੱਚੇ ਹਾਲਾਤ ਲਈ ਜ਼ਿਲ੍ਹਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
ਸਬ-ਡਿਵੀਜ਼ਨ ਪੱਧਰ ਦੇ ਅਧਿਕਾਰੀ ਪਹਿਲਾਂ ਵੀ ਕਰ ਚੁੱਕੇ ਹਨ ਕਈ ਮੀਟਿੰਗਾਂ
ਜ਼ਿਕਰਯੋਗ ਹੈ ਕਿ ਉਕਤ ਮਾਰਗ ਤੋਂ ਲੰਘਣ ਵਾਲੇ ਭਾਰੀ ਵਾਹਨਾਂ ਕਾਰਨ ਉੱਡਦੀ ਧੂੜ ਨਾਲ ਪ੍ਰਭਾਵਿਤ ਹੋ ਰਹੇ ਸੜਕ ਦੇ ਆਸ-ਪਾਸ ਸਥਿਤ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਵੇਖਦਿਆਂ ਸਬ-ਡਿਵੀਜ਼ਨ ਪੱਧਰ ਦੇ ਅਧਿਕਾਰੀ ਪਹਿਲਾਂ ਵੀ ਕਈ ਵਾਰ ਇਸ ਮਾਮਲੇ ’ਤੇ ਵਿਚਾਰ-ਵਟਾਂਦਰਾ ਕਰ ਚੁੱਕੇ ਹਨ ਪਰ ਕੋਈ ਢੁੱਕਵਾਂ ਹੱਲ ਨਾ ਨਿਕਲਣ ਕਾਰਨ ਪ੍ਰਸ਼ਾਸਨ ਵੱਲੋਂ ਉਕਤ ਮਾਰਗ ’ਤੇ ਪੱਕੇ ਤੌਰ ’ਤੇ ‘ਨੋ ਐਂਟਰੀ’ ਲਗਾ ਦਿੱਤੀ ਗਈ ਸੀ। ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਦੋਵੇਂ ਪੱਖਾਂ ਨੂੰ ਇੱਕੋ ਥਾਂ ਬਿਠਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਰੁਜ਼ਗਾਰ ਵੀ ਬਚਿਆ ਰਹੇ ਅਤੇ ਧੂੜ ਤੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪ੍ਰਭਾਵਿਤ ਹੋ ਰਹੇ ਪਿੰਡਾਂ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਵੀ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ: ਧਾਰਮਿਕ ਡੇਰੇ 'ਚ ਦਫ਼ਨਾ 'ਤੀ ਲਾਸ਼! ਭਖਿਆ ਮਾਹੌਲ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ ਭਲਕੇ ਸੌਂਪੇਗੀ ਮੁੱਢਲੀ ਰਿਪੋਰਟ
NEXT STORY