ਤਲਵੰਡੀ ਸਾਬੋ (ਮੁਨੀਸ਼) - ਇਕ ਪਾਸੇ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਜ਼ਾਦੀ ਜਾਂ ਗਣਤੰਤਰ ਦਿਵਸ ਮੌਕੇ ਸਰਕਾਰਾਂ ਵਲੋਂ ਸਨਮਾਨ ਕੀਤੇ ਜਾਣ ਦੀਆਂ ਗੱਲਾਂ ਗਲੇ ਹੇਠੋਂ ਨਹੀਂ ਉੱਤਰਦੀਆਂ ਪਰ ਦੂਜੇ ਪਾਸੇ 23 ਦਸੰਬਰ, 2017 ਨੂੰ ਸ਼ਹੀਦ ਹੋਏ ਪਿੰਡ ਕੌਰੇਆਣਾ ਦੇ ਜਵਾਨ ਲਾਂਸ ਨਾਇਕ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਗਣਤੰਤਰ ਦਿਵਸ ਮੌਕੇ ਸਰਕਾਰ ਜਾਂ ਪ੍ਰਧਾਨ ਵਲੋਂ ਸਨਮਾਨਿਤ ਤਾਂ ਕੀ ਕਰਨਾ ਸੀ, ਗਣਤੰਤਰ ਦਿਵਸ ਸਮਾਗਮ ਦਾ ਸੱਦਾ-ਪੱਤਰ ਵੀ ਨਹੀਂ ਭੇਜਿਆ ਗਿਆ ਜਿਸ ਕਰ ਕੇ ਸ਼ਹੀਦ ਦੇ ਪਰਿਵਾਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਕੌਰੇਆਣਾ ਦੀ ਬਿਰਧ ਮਾਤਾ ਰਾਣੀ ਕੌਰ ਅਤੇ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਸਮਾਗਮਾਂ 'ਚ ਬੁਲਾ ਕੇ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਮਾਣ-ਸਨਮਾਨ ਤਾਂ ਦੂਰ ਦੀ ਗੱਲ ਉਨ੍ਹਾਂ ਦੇ ਪਰਿਵਾਰ ਨੂੰ ਗਣਤੰਤਰ ਦਿਵਸ ਸਮਾਗਮ 'ਚ ਸ਼ਾਮਲ ਹੋਣ ਲਈ ਵੀ ਕੋਈ ਸੱਦਾ-ਪੱਤਰ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਭੋਗ ਤੱਕ ਤਾਂ ਮੰਤਰੀ, ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਘਰ ਆ ਕੇ ਵੱਡੇ-ਵੱਡੇ ਵਾਅਦੇ, ਦਿਲਾਸੇ ਅਤੇ ਐਲਾਨ ਕਰਦੇ ਰਹੇ ਪਰ ਸ਼ਹੀਦ ਦੇ ਭੋਗ ਤੋਂ ਬਾਅਦ ਕਿਸੇ ਨੇ ਪਰਿਵਾਰ ਦੀ ਸਾਰ ਨਹੀਂ ਲਈ।
ਸ਼ਹੀਦੀ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲੇ ਫੰਡ ਲੈਣ ਲਈ ਵੀ ਉਨ੍ਹਾਂ ਨੂੰ ਦਫਤਰਾਂ 'ਚ ਜਾ ਕੇ ਧੱਕੇ ਖਾਣੇ ਪੈ ਰਹੇ ਸਨ ਜਦ ਕਿ ਉਨ੍ਹਾਂ ਦੇ ਪਰਿਵਾਰ ਵਿਚ ਪੈਰਵੀ ਕਰਨ ਵਾਲਾ ਕੋਈ ਵੀ ਮਰਦ ਮੈਂਬਰ ਨਹੀਂ ਹੈ। ਸ਼ਹੀਦ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਸ਼ਹੀਦ ਦੇ ਭੋਗ ਸਮੇਂ ਸਰਕਾਰੀ ਨੌਕਰੀ ਦੇਣ ਜਾਂ ਹੋਰ ਐਲਾਨ ਸਰਕਾਰੀ ਨੁਮਾਇੰਦਿਆਂ ਵਲੋਂ ਕੀਤੇ ਗਏ ਸਨ ਪਰ ਅਜੇ ਤੱਕ ਪੂਰੇ ਨਹੀਂ ਹੋਏ। ਉਸ ਨੇ ਕਿਹਾ ਕਿ ਸ਼ਹੀਦ ਉਨ੍ਹਾਂ ਦਾ ਬੰਦਾ ਹੋਇਆ ਅਤੇ ਉਨ੍ਹਾਂ ਨੂੰ ਹੀ ਦੁੱਖ ਹੈ। ਹੋਰ ਕਿਸੇ ਨੂੰ ਕੀ ਦੁੱਖ। ਮਾਤਾ ਰਾਣੀ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਵੱਡਾ ਦੁੱਖ ਹੈ। ਦੂਜੇ ਪਾਸੇ ਜਦ ਐੱਸ. ਡੀ. ਐੱਮ. ਤਲਵੰਡੀ ਸਾਬੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਂ ਉਹ ਅਜਿਹੇ ਸਮਾਗਮਾਂ 'ਤੇ ਅੱਗੇ ਰੱਖਦੇ ਹਨ। ਹੁਣ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਇਸ ਦੀ ਜਾਂਚ ਕਰਨਗੇ ਕਿ ਗਲਤੀ ਕਿੱਥੇ ਹੋਈ ਹੈ।
ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਨੂੰ ਸੁੰਦਰ ਬਣਾਉਣ ਦਾ ਕੰਮ ਹੋਇਆ ਬੰਦ
NEXT STORY