ਰੂਪਨਗਰ, (ਕੈਲਾਸ਼)- ਰੱਖਡ਼ੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰ ਵਿਚ ਬਡ਼ੀ ਰੌਣਕ ਸੀ ਅਤੇ ਖਰੀਦਦਾਰਾਂ ਦੀ ਭਾਰੀ ਭੀਡ਼ ਨਾਲ ਟਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਪਰੰਤੂ ਇਸ ’ਤੇ ਕਾਬੂ ਪਾਉਣ ਲਈ ਟਰੈਫਿਕ ਪੁਲਸ ਦੁਆਰਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਨਾਲ ਜਿਥੇ ਸ਼ਹਿਰ ਨਿਵਾਸੀਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ, ਉਥੇ ਕੁਝ ਸਮਾਜਸੇਵੀ ਟਰੈਫਿਕ ਨੂੰ ਸੁਚਾਰੂ ਕਰਦੇ ਦੇਖੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਰੈਲੋਂ ਰੋਡ ਚੌਕ ਨਜ਼ਦੀਕ ਪੰਜਾਬ ਐਂਡ ਸਿੰਧ ਬੈਂਕ ਕੋਲ ਵਾਹਨ ਚਾਲਕਾਂ ਦੀ ਭੀਡ਼ ਨੇ ਚਾਰੇ ਪਾਸੇ ਟਰੈਫਿਕ ਜਾਮ ਕਰ ਦਿੱਤਾ ਪਰ ਉਥੇ ਕੋਈ ਟਰੈਫਿਕ ਮੁਲਾਜ਼ਮ ਮੌਜੂਦ ਨਹੀਂ ਸੀ। ਜਦੋਂ ਜਾਮ ਕਾਫੀ ਦੇਰ ਤੱਕ ਨਾ ਖੁੱਲ੍ਹਿਆ ਤਾਂ ਮੌਕੇ ’ਤੇ ਪਹੁੰਚੇ ਜੀ. ਜੀ. ਐੱਸ. ਐੱਸ. ਟੀ. ਪੀ. ਦੇ ਜੇ. ਈ. ਜਸਵੀਰ ਸਿੰਘ ਖੁਦ ਟਰੈਫਿਕ ਕੰਟਰੋਲ ਕਰਨ ਵਿਚ ਜੁਟ ਗਏ। ਉਨ੍ਹਾਂ ਟਰੈਫਿਕ ਦੇ ਅੱਗੇ ਖਡ਼੍ਹੇ ਹੋ ਕੇ ਇਕ ਪਾਸੇ ਦੀ ਟਰੈਫਿਕ ਨੂੰ ਰੋਕ ਦਿੱਤਾ ਤੇ ਦੂਸਰੇ ਪਾਸੇ ਦੀ ਟਰੈਫਿਕ ਨੂੰ ਸੁਚਾਰੂ ਬਣਾਇਆ। ਲਗਭਗ 40 ਮਿੰਟ ਇਹੀ ਸਿਲਸਿਲਾ ਚੱਲਦਾ ਰਿਹਾ ਅਤੇ ਟਰੈਫਿਕ ਪੁਲਸ ਮੂਕ ਦਰਸ਼ਕ ਬਣੀ ਰਹੀ। ਇਸੇ ਦੌਰਾਨ ਉਥੋਂ ਗੁਜ਼ਰ ਰਹੇ ਇਕ ਪੁਲਸ ਮੁਲਾਜ਼ਮ ਨੇ ਉਕਤ ਘਟਨਾ ਨੂੰ ਦੇਖਦੇ ਹੋਏ ਟਰੈਫਿਕ ਸੁਚਾਰੂ ਕਰਵਾਉਣ ਵਿਚ ਉਸ ਦੀ ਮਦਦ ਕੀਤੀ। ਇਸ ਸਬੰਧ ਵਿਚ ਭਾਜਯੁਮੋ ਮੰਡਲ ਰੂਪਨਗਰ ਦੇ ਜਨ. ਸਕੱਤਰ ਅਭਿਜੀਤ ਅਹੂਜਾ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਰੱਖਡ਼ੀ ਤੋਂ ਇਲਾਵਾ ਦੂਜੇ ਆਉਣ ਵਾਲੇ ਤਿਉਹਾਰਾਂ ਦੌਰਾਨ ਟਰੈਫਿਕ ਕੰਟਰੋਲ ਕਰਨ ਲਈ ਟਰੈਫਿਕ ਪੁਲਸ ਨੂੰ ਮੁਕੰਮਲ ਪ੍ਰਬੰਧ ਕਰਨੇ ਚਾਹੀਦੇ ਹਨ।
ਆਡ਼੍ਹਤੀ ਅੱਜ ਤੋਂ ਅਣਮਿੱਥੇ ਸਮੇਂ ਲਈ ਰੱਖਣਗੇ ਦੁਕਾਨਾਂ ਬੰਦ
NEXT STORY