ਚੰਡੀਗੜ੍ਹ, (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਦੇ ਅੰਤ ਤੱਕ 2015-16 ਲਈ ਪੋਸਟ ਮੈਟ੍ਰਿਕ ਐੱਸ. ਸੀ. ਸਕਾਲਰਸ਼ਿਪ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਾਲ ਦੇ ਅੰਤ ਤੱਕ ਸਕਾਲਰਸ਼ਿਪ ਦੇ ਵਿਤਰਣ ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਨ ਦੇ ਵੀ ਸਖ਼ਤ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਵਜ਼ੀਫੇ ਦਾ ਭੁਗਤਾਨ ਨਾ ਹੋਣ ਦੀ ਸੂਰਤ 'ਚ ਐੱਸ. ਸੀ. ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਨਾਂਹ ਕਰਨ ਵਾਲੀਆਂ ਨਿੱਜੀ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਹੁਕਮ ਸਾਲ 2016-17 ਦੇ ਵਾਸਤੇ ਸਕਾਲਰਸ਼ਿਪ ਦੇ ਵਿਤਰਣ ਦਾ ਆਡਿਟ ਮੁਕੰਮਲ ਹੋਣ ਤੋਂ ਬਾਅਦ ਇਕ ਮੀਟਿੰਗ ਦੌਰਾਨ ਜਾਰੀ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਕਰਨ ਵਾਸਤੇ ਐੱਸ. ਸੀ./ਬੀ. ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਖਿਆ ਹੈ ਅਤੇ ਕਿਹਾ ਹੈ ਕਿ ਨਿੱਜੀ ਸੰਸਥਾਵਾਂ ਨੂੰ ਇਹ ਵੀ ਆਖਿਆ ਜਾਵੇ ਕਿ ਸੂਬਾ ਸਰਕਾਰ ਦੇ ਚੱਲ ਰਹੇ ਵਿੱਤੀ ਆਡਿਟ ਦੇ ਕਾਰਨ ਸਕਾਲਰਸ਼ਿਪ ਦੇ ਭੁਗਤਾਨ 'ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਕਿਸੇ ਵੀ ਵਿਦਿਆਰਥੀ ਨੂੰ ਅਸੁਵਿਧਾ ਨਾ ਹੋਣ ਦਿੱਤੀ ਜਾਵੇ। ਸੂਬਾ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਵਿਤਰਣ ਨੂੰ ਦਰੁਸਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ।
ਬੁਲਾਰੇ ਦੇ ਮੁਤਾਬਕ ਮੁੱਖ ਮੰਤਰੀ ਨੇ ਅਕਤੂਬਰ ਦੇ ਅਖੀਰ ਤੱਕ ਨਿੱਜੀ ਸੰਸਥਾਵਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਸਾਲ 2015-16 ਲਈ ਲੰਬਿਤ ਪਈ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ। ਉਨ੍ਹਾਂ ਨੇ 31 ਦਸੰਬਰ, 2018 ਤੱਕ ਵਜ਼ੀਫੇ ਦੇ ਵਿਤਰਣ ਦੀ ਪ੍ਰਕਿਰਿਆ ਮੁਕੰਮਲ ਕਰਨ ਵਾਸਤੇ ਭਲਾਈ ਵਿਭਾਗ ਨੂੰ ਕਿਹਾ ਹੈ ਤਾਂ ਜੋ ਇਸ ਸਕੀਮ ਦੇ ਵਾਸਤੇ ਕੇਂਦਰ ਦੇ ਹਿੱਸੇ ਦੇ ਸਮੇਂ ਸਿਰ ਭੁਗਤਾਨ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਅਗਲੇ ਮਹੀਨੇ ਦੇ ਅੰਤ ਤੱਕ 2016-17 ਲਈ ਐੱਸ. ਸੀ. ਸਕਾਲਰਸ਼ਿਪ ਦੀ ਲੰਬਿਤ ਪਈ ਰਾਸ਼ੀ ਵੀ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਹੁਕਮ ਦਿੱਤੇ ਹਨ। ਮੀਟਿੰਗ 'ਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ. ਸੀ. ਐੱਸ. ਉਚ ਸਿੱਖਿਆ ਐੱਸ. ਕੇ. ਸੰਧੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਏ. ਸੀ. ਐੱਸ. ਭਲਾਈ ਡਾ. ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।
ਵਾਅਦੇ ਮੁਤਾਬਿਕ ਚੁਣੇ ਨੁੰਮਾਇਦਿਆਂ ਦਾ ਡੋਪ ਟੈਸਟ ਕਰਵਾਏ ਸਰਕਾਰ : ਅਕਾਲੀ ਦਲ
NEXT STORY