ਫਿਰੋਜ਼ਪੁਰ, (ਕੁਮਾਰ, ਮਨਦੀਪ)— ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮਕਾਨ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ, ਜੋ ਕਿ ਕੱਚੇ ਮਕਾਨਾਂ ਨੂੰ ਪੱਕਾ ਕਰਨ ਅਤੇ ਬੇਸਹਾਰਾ ਲੋਕਾਂ ਨੂੰ ਸਿਰ ਢੱਕਣ ਲਈ ਘਰ ਦੇਣ ਦੀ ਯੋਜਨਾ ਹੈ ਪਰ ਪ੍ਰਧਾਨ ਮੰਤਰੀ ਯੋਜਨਾ ਸਕੀਮ ਦਮ ਤੋੜਦੀ ਨਜ਼ਰ ਆ ਰਹੀ ਹੈ। ਇਸ ਸਕੀਮ ਨੇ ਗਰੀਬ ਬੇਸਹਾਰਾ ਲੋਕਾਂ ਦੇ ਸਿਰਾਂ ਤੋਂ ਛੱਤਾਂ ਉਜਾੜ ਦਿੱਤੀਆਂ ਹਨ ਤੇ ਹੁਣ ਮਜਬੂਰਨ ਗਰੀਬ ਲੋਕਾਂ ਨੂੰ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਬਿਨਾਂ ਛੱਤਾਂ ਦੇ ਖੁੱਲ੍ਹੇ ਆਸਮਾਨ ਹੇਠ ਸੋਣਾ ਪੈ ਰਿਹਾ ਹੈ।
ਘਰ ਦੀ ਨੀਂਹ ਭਰ ਕੇ ਦੂਜੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਨੇ ਜ਼ਰੂਰਤਮੰਦ
'ਪ੍ਰਧਾਨ ਮੰਤਰੀ ਆਵਾਸ ਯੋਜਨਾ' ਤਹਿਤ ਗਰੀਬ ਲੋਕਾਂ ਦੇ ਕੱਚੇ ਮਕਾਨਾਂ ਨੂੰ ਤੋੜ ਕੇ ਉਨ੍ਹਾਂ ਨੂੰ ਪੱਕੇ ਮਕਾਨ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਖਾਤਿਆਂ ਵਿਚ ਤਿੰਨ ਕਿਸ਼ਤਾਂ ਵਿਚ ਡੇਢ ਲੱਖ ਰੁਪਏ ਪਾਇਆ ਜਾਣਾ ਸੀ ਪਰ ਇਕ ਕਿਸ਼ਤ 30 ਹਜ਼ਾਰ ਦੀ ਮਿਲਣ ਤੋਂ ਬਾਅਦ ਅੱਜ ਤੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਦੂਸਰੀ ਕਿਸ਼ਤ ਲਾਭਪਾਤਰੀਆਂ ਨੂੰ ਨਹੀਂ ਦਿੱਤੀ ਗਈ, ਜਿਸ ਕਾਰਨ ਇਨ੍ਹਾਂ ਗਰੀਬ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਭਪਾਤਰੀਆਂ ਨੇ ਪਹਿਲੀ ਕਿਸ਼ਤ ਨਾਲ ਘਰਾਂ ਦੀਆਂ ਨੀਂਹਾਂ ਭਰ ਲਈਆਂ ਹਨ ਤੇ ਹੁਣ ਦੂਸਰੀ ਕਿਸ਼ਤ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਪਰ ਕਿਸ਼ਤ ਜਾਰੀ ਨਾ ਹੋਣ ਕਾਰਨ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਇਹ ਸਕੀਮ ਵਿਚਕਾਰ ਹੀ ਦਮ ਤੋੜ ਰਹੀ ਹੈ ਤੇ ਉਨ੍ਹਾਂ ਆਪਣੇ ਕੱਚੇ ਮਕਾਨ ਵੀ ਹੱਥੋਂ ਗਵਾ ਲਏ ਹਨ।
ਗੁਆਂਢੀਆਂ ਦੇ ਘਰਾਂ ਤੇ ਝੌਂਪੜੀਆਂ 'ਚ ਰਹਿ ਰਹੇ ਕਈ ਪਰਿਵਾਰ
ਸਰਹੱਦੀ ਪਿੰਡ ਨਿਵਾਸੀ ਔਰਤ ਕ੍ਰਿਸ਼ਨਾ ਰਾਣੀ, ਲੀਲਾ ਦੇਵੀ, ਰਤੀ ਰਾਮ ਦਾ ਕਹਿਣਾ ਹੈ ਕਿ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਨੇ ਸਾਡੇ ਘਰਾਂ ਦੀਆਂ ਛੱਤਾਂ ਉਜਾੜ ਦਿੱਤੀਆਂ ਹਨ। ਜ਼ਿਲਾ ਫਿਰੋਜ਼ਪੁਰ ਦੇ ਪਿੰਡ ਹੁਸੈਨੀਵਾਲਾ ਤੇ ਬਾਰੇ ਕੇ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਡੇਢ ਲੱਖ ਰੁਪਏ ਤਿੰਨ ਕਿਸ਼ਤਾਂ ਵਿਚ ਦੇਣ ਦੀ ਗੱਲ ਕਹੀ ਗਈ ਸੀ, ਜਿਸ ਦੀ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਨਾਲ ਮਕਾਨ ਦੀ ਨੀਂਹ ਭਰਨੀ ਜਾਰੀ ਕੀਤੀ ਸੀ, ਜਿਸ ਨਾਲ ਅਸੀਂ ਆਪਣੇ ਕੱਚੇ ਘਰਾਂ ਨੂੰ ਢਾਹ ਕੇ ਆਪਣੇ ਸਿਰ ਤੋਂ ਛੱਤ ਗਵਾ ਲਈ ਤੇ ਹੁਣ ਕਰੀਬ 2 ਮਹੀਨਿਆਂ ਤੋਂ ਆਂਢ-ਗੁਆਂਢ ਦੇ ਘਰਾਂ ਵਿਚ ਅਤੇ ਝੌਂਪੜੀਆਂ ਦਾ ਸਹਾਰਾ ਲੈ ਕੇ ਰਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਾਂ ਪਰ ਮਕਾਨ ਬਣਾਉਣ ਲਈ ਬਾਕੀ ਪੈਸੇ ਹੁਣ ਤੱਕ ਸਾਡੇ ਖਾਤਿਆਂ ਵਿਚ ਨਹੀਂ ਪਾਏ ਗਏ।
2 ਕਿਸ਼ਤਾਂ ਹੋ ਚੁੱਕੀਆਂ ਹਨ ਜਾਰੀ, ਸਰਹੱਦੀ ਇਲਾਕਿਆਂ 'ਚ ਹੋਵੇਗੀ ਜਾਂਚ
ਇਸ ਮਾਮਲੇ ਸਬੰਧੀ ਜਦ ਏ. ਡੀ. ਸੀ. ਫਿਰੋਜ਼ਪੁਰ ਮੈਡਮ ਡਾ. ਰਿਚਾ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦੇ ਸਾਰੇ ਲਾਭਪਾਤਰੀਆਂ ਨੂੰ ਪਹਿਲੀ ਅਤੇ ਦੂਸਰੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਤੀਸਰੀ ਕਿਸ਼ਤ ਵੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿਹੜੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਗੱਲ ਕਰ ਰਹੇ ਹੋ, ਇਸ ਮਾਮਲੇ ਦੀ ਜਾਂਚ ਕਰਵਾ ਕੇ ਜਲਦ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
ਮੋਬਾਇਲ ਚੋਰੀ ਕਰਨ ਵਾਲੇ ਕਾਬੂ
NEXT STORY