ਚੰਡੀਗੜ੍ਹ (ਬਰਜਿੰਦਰ) : ਬਿਨਾਂ ਐੱਫ. ਆਈ. ਆਰ. ਪੁਲਸ ਵਲੋਂ ਘਰ ਵਿਚ ਟ੍ਰੈਸਪਾਸਿੰਗ ਕਰ ਕੇ ਮੋਗਾ ਦੇ ਬੇਅੰਤ ਸਿੰਘ (25) ਨੂੰ ਕਥਿਤ ਤੌਰ 'ਤੇ ਤਿੰਨ ਦਿਨ ਪੁਲਸ ਹਿਰਾਸਤ 'ਚ ਰੱਖਣ ਅਤੇ ਤਸ਼ੱਦਦ ਕਰਨ ਦੇ ਦੋਸ਼ਾਂ ਵਾਲੀ ਪਟੀਸ਼ਨ 'ਚ ਹਾਈਕੋਰਟ ਦੇ ਹੁਕਮਾਂ 'ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਪਣਾ ਐਫੀਡੇਵਿਟ ਪੇਸ਼ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪੁਲਸ ਪਾਰਟੀ ਖੇਤਰ ਦੇ ਸਨਮਾਨਯੋਗ ਲੋਕਾਂ ਨਾਲ ਬੇਅੰਤ ਸਿੰਘ ਦੇ ਘਰ ਗਈ ਸੀ, ਅਜਿਹੇ ਵਿਚ ਟ੍ਰੈਸਪਾਸਿੰਗ ਨਹੀਂ ਬਣਦਾ।
ਇਸ ਦਲੀਲ ਦਾ ਪਟੀਸ਼ਨਰ ਧਿਰ ਦੇ ਵਕੀਲ ਪ੍ਰਦੀਪ ਵਿਰਕ ਨੇ ਵਿਰੋਧ ਕਰਦਿਆਂ ਕਿਹਾ ਹੈ ਕਿ ਬਿਨਾਂ ਤਲਾਸ਼ੀ ਵਾਰੰਟ ਦੇ ਕਿਸੇ ਦੇ ਵੀ ਘਰ ਕੁੱਝ ਲੋਕਾਂ ਨਾਲ ਦਾਖਲ ਹੋਣਾ ਕਿਵੇਂ ਟ੍ਰੈਸਪਾਸਿੰਗ ਨਹੀਂ ਹੈ। ਡੀ. ਜੀ. ਪੀ. (ਇੰਟੈਲੀਜੈਂਸ) ਵਲੋਂ ਮਿਲੀ ਰਿਪੋਰਟ ਦੇ ਆਧਾਰ 'ਤੇ ਅੱਗੇ ਡੀ. ਜੀ. ਪੀ. ਅਰੋੜਾ ਨੇ ਕਿਹਾ ਹੈ ਕਿ ਬੇਅੰਤ ਸਿੰਘ ਬਰਾੜ ਖੂੰਖਾਰ ਗੈਂਗਸਟਰ ਗਰੁੱਪ ਸ਼ੇਰਾ ਖੁੱਬਣ ਗਰੁੱਪ ਨਾਲ ਜੁੜਿਆ ਹੈ। ਉਹ ਆਪਣੀ ਫੇਸਬੁਕ ਅਕਾਊਂਟ 'ਤੇ ਬਰਾੜ ਮੋਗੇ ਵਾਲਾ (ਦਿ ਗੈਂਗਸਟਰ) ਦੇ ਨਾਂ ਨਾਲ ਲਗਾਤਾਰ ਫੋਟੋਆਂ ਅਪਲੋਡ ਕਰ ਰਿਹਾ ਹੈ।
ਇਸ ਤੋਂ ਇਲਾਵਾ ਤਿੰਨ ਪੁਲਸ ਅਫਸਰਾਂ ਵਿਚੋਂ ਸਿਰਫ ਇਕ ਖਿਲਾਫ ਹੀ ਕਾਰਵਾਈ 'ਤੇ ਵੀ ਅਰੋੜਾ ਨੇ ਸਫਾਈ ਪੇਸ਼ ਕੀਤੀ। ਐੱਸ. ਐੱਚ. ਓ. ਸਮਾਲਸਾਰ ਲਵਦੀਪ ਸਿੰਘ ਦੇ ਰੋਲ ਬਾਰੇ ਐੱਸ. ਪੀ. (ਇਨਵੈਸਟੀਗੇਸ਼ਨ) ਮੋਗਾ ਵਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਪਾਇਆ ਗਿਆ ਕਿ ਨਾ ਤਾਂ ਬੇਅੰਤ ਸਿੰਘ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਨਾ ਹੀ ਉਸ ਨੇ ਬੇਅੰਤ ਨੂੰ ਟਾਰਚਰ ਕੀਤਾ ਤੇ ਨਾ ਹੀ ਧਮਕਾਇਆ। ਉਥੇ ਹੀ ਸੀ.ਆਈ.ਏ.-2 ਪਟਿਆਲਾ ਬਿਕਰਮਜੀਤ ਸਿੰਘ ਬਰਾੜ ਦੇ ਰੋਲ 'ਤੇ ਡੀ. ਜੀ. ਪੀ. ਨੇ ਕਿਹਾ ਹੈ ਕਿ ਉਸ ਖਿਲਾਫ ਲਾਏ ਦੋਸ਼ਾਂ ਨੇ ਵੀ ਮੇਲ ਨਹੀਂ ਖਾਧਾ। ਬੇਅੰਤ ਸਿੰਘ ਦੀ ਪਤਨੀ ਸਮਨਜੀਤ ਕੌਰ ਨੇ ਪੰਜਾਬ ਸਰਕਾਰ, ਡੀ. ਜੀ. ਪੀ. ਅਰੋੜਾ, ਐੱਸ. ਪੀ. ਮੋਗਾ ਤੇ ਐੱਸ.ਐੱਚ.ਓ. ਬਾਘਾਪੁਰਾਣਾ ਨੂੰ ਪਾਰਟੀ ਬਣਾਉਂਦਿਆਂ ਪਟੀਸ਼ਨ ਦਰਜ ਕੀਤੀ ਸੀ। ਕੇਸ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ।
ਦੁਕਾਨਦਾਰ ਨੂੰ ਕੁਝ ਸੁੰਘਾ ਕੇ ਕਾਰ ਸਵਾਰ 25 ਹਜ਼ਾਰ ਲੈ ਕੇ ਫਰਾਰ
NEXT STORY