ਧੂਰੀ (ਸੰਜੀਵ ਜੈਨ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਮੁਫਤ ਦੇਣ ਲਈ ਭੇਜੀਆਂ ਕਿਤਾਬਾਂ ਵੇਚਣ ਲਈ ਲਿਜਾਂਦਾ ਟੈਂਪੂ ਫਡ਼ੇ ਜਾਣ ਦੀਆਂ ਚਰਚਾਵਾਂ ਇਲਾਕੇ ਅੰਦਰ ਜ਼ੋਰਾਂ ’ਤੇ ਹਨ। ਭਾਵੇਂ ਇਹ ਚਰਚਾਵਾਂ ਲੰਘੀ ਰਾਤ ਤੋਂ ਹੀ ਚੱਲ ਰਹੀਆਂ ਸਨ ਪਰ ਪੁਲਸ ਵੱਲੋਂ ਇਸ ਸਬੰਧੀ ਮੁਖਬਰ ਤੋਂ ਮਿਲੀ ਇਤਲਾਹ ਦੇ ਅਾਧਾਰ ’ਤੇ ਦਰਜ ਕੀਤੇ ਗਏ ਮਾਮਲੇ ਵਿਚ ਇਸ ਦੀ ਸੂਚਨਾ ਵੀਰਵਾਰ ਦੁਪਹਿਰ ਕਰੀਬ 2 ਵਜੇ ਮਿਲਣ ਦਾ ਜ਼ਿਕਰ ਕੀਤਾ ਗਿਆ ਹੈ। ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਭਾਵੇਂ ਕਿਤਾਬਾਂ ਦੀ ਬਰਾਮਦਗੀ ਅਤੇ ਦੋਸ਼ੀ ਦੀ ਗ੍ਰਿਫਤਾਰੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਪਰ ਉਕਤ ਟੈਂਪੂ ਦੀਆਂ ਤਸਵੀਰਾਂ ਅੱਜ ਸਵੇਰੇ ਥਾਣੇ ’ਚ ਖਿੱਚੀਆਂ ਗਈਆਂ। ਟੈਂਪੂ ਦੇ ਫੜੇ ਜਾਣ ਬਾਰੇ ਥਾਣਾ ਸਿਟੀ ਧੂਰੀ ਦੇ ਮੁਖੀ ਬਲਜਿੰਦਰ ਸਿੰਘ ਪੰਨੂੰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਲਦੀ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਦੀ ਗੱਲ ਕਹਿ ਕੇ ਹੋਰ ਕੁਝ ਵੀ ਸਪੱਸ਼ਟ ਨਹੀਂ ਕੀਤਾ।
ਦਰਜ ਕੀਤੇ ਗਏ ਮਾਮਲੇ ਅਨੁਸਾਰ ਪੁਲਸ ਨੂੰ ਇਨ੍ਹਾਂ ਕਿਤਾਬਾਂ ਨੂੰ ਵੇਚਣ ਲਿਜਾਣ ਦੀ ਇਤਲਾਹ ਵੀਰਵਾਰ ਦੁਪਹਿਰ ਕਰੀਬ 2.20 ’ਤੇ ਮਿਲੀ ਸੀ। ਕਥਿਤ ਦੋਸ਼ੀ ਦੱਸਿਆ ਜਾ ਰਿਹਾ ਅਮਨਜੀਤ ਸਿੰਘ ਉਰਫ ਬੱਬੂ ਪੁੱਤਰ ਜਸਵਿੰਦਰ ਸਿੰਘ ਵਾਸੀ ਸੋਹੀਆਂ ਰੋਡ ਸੰਗਰੂਰ, ਬੀ. ਪੀ. ਈ. ਓ ਦਫਤਰ ਧੂਰੀ ਵਿਖੇ ਬਤੌਰ ਕੰਪਿਊਟਰ ਆਪ੍ਰੇਟਰ ਵਜੋਂ ਕੰਮ ਕਰਦਾ ਹੈ ਅਤੇ ਇਸ ਕੋਲ ਦਫਤਰ ਦੇ ਸਟੋਰ ਦਾ ਚਾਰਜ ਵੀ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਨ੍ਹਾਂ ਕਿਤਾਬਾਂ ਨੂੰ ਬਲਾਕ ਦੇ ਸਕੂਲਾਂ ’ਚ ਵੰਡਣ ਲਈ ਬੀ. ਪੀ. ਈ. ਓ. ਦਫਤਰ ਭੇਜਿਆ ਗਿਆ ਸੀ, ਨੂੰ ਅਮਨਜੀਤ ਸਿੰਘ ਟੈਂਪੂ ’ਚ ਭਰ ਕੇ ਵੇਚਣ ਲਈ ਲਿਜਾ ਰਿਹਾ ਹੈ।
ਤੱਥਾਂ ਨੂੰ ਲੁਕੋਏ ਜਾਣ ਕਾਰਨ ਪੁਲਸ ਦੀ ਭੂਮਿਕਾ ’ਤੇ ਉਠੇ ਸਵਾਲ
ਉਕਤ ਇਲਤਾਹ ’ਤੇ ਪੁਲਸ ਨੇ ਅਮਨਜੀਤ ਸਿੰਘ ਖਿਲਾਫ ਧੋਖਾਦੇਹੀ ਸਣੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ। ਪੁਲਸ ਨੇ ਮੁਕੱਦਮੇ ’ਚ ਦੋਸ਼ੀ ਜਾਂ ਕਿਤਾਬਾਂ ਫਡ਼ੇ ਜਾਣ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ, ਜਦੋਂਕਿ ਪੁਲਸ ਨੇ ਰਾਤ ਨੂੰ ਹੀ ਕਿਤਾਬਾਂ ਫਡ਼ ਲਈਅਾਂ ਸਨ। ਪੱਤਰਕਾਰਾਂ ਵੱਲੋਂ ਕਰੀਬ ਦੁਪਹਿਰ 12 ਵਜੇ ਇਨ੍ਹਾਂ ਕਿਤਾਬਾਂ ਸਬੰਧੀ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਏ ਜਾਣ ’ਤੇ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਵੀ ਕਹੀ। ਵਰਨਣਯੋਗ ਹੈ ਕਿ ਪੁਲਸ ਵੱਲੋਂ ਦਰਜ ਮਾਮਲੇ ਵਿਚ ਇਤਲਾਹ ਦੀ ਸੂਚਨਾ ਦੁਪਹਿਰ 2:20 ਦੱਸੇ ਜਾਣ ਅਤੇ ਅਸਲ ਵਿਚ ਟੈਂਪੂ ਦੇ ਇਕ ਰਾਤ ਪਹਿਲਾਂ ਹੀ ਫਡ਼ੇ ਜਾਣ ਸਣੇ ਦੋਸ਼ੀ ਦੀ ਗ੍ਰਿਫਤਾਰੀ ਅਤੇ ਟੈਂਪੂ ਦੀ ਬਰਾਮਦਗੀ ਸਬੰਧੀ ਤੱਥਾਂ ਨੂੰ ਲੁਕੋਏ ਜਾਣ ਕਾਰਨ ਪੁਲਸ ਦੀ ਭੂਮਿਕਾ ਸ਼ੱਕੀ ਬਣੀ ਹੋਈ ਹੈ।
ਨਸ਼ੇੜੀਅਾਂ ’ਚ 20 ਤੋਂ 25 ਨੌਜਵਾਨ ਹਨ ਏਡਜ਼ ਦੇ ਸ਼ਿਕਾਰ
NEXT STORY