ਬਠਿੰਡਾ, (ਜ. ਬ., ਵਰਮਾ)- ਪੰਜਾਬ ਦੀ ਜਵਾਨੀ, ਕਿਸਾਨੀ, ਮਜ਼ਦੂਰ ਅਤੇ ਮੁਲਾਜ਼ਮ ਵਰਗ ਸਾਰੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ, ਪੰਜਾਬ ਦਾ ਹਰ ਵਰਗ ਆਪਣੇ ਹੱਕਾਂ ਲਈ ਸਡ਼ਕਾਂ ’ਤੇ ਉੱਤਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਗੂਡ਼੍ਹੀ ਨੀਂਦ ਤੋਂ ਉੱਠਣ ਦੀ ਦੁਹਾਈ ਪਾ ਰਿਹਾ ਹੈ ਪਰ ਸੱਤਾ ਦੇ ਨਸ਼ੇ ’ਚ ਚੂਰ ਕੈਪਟਨ ਸਾਹਿਬ ਆਪਣੇ ਸਲਾਹਕਾਰਾਂ ਦੀ ਫੌਜ ਖਡ਼੍ਹੀ ਕਰ ਕੇ ਖਜ਼ਾਨੇ ਨੂੰ ਲੁਟਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਗਵੰਤ ਸਿੰਘ ਮਾਨ ਐੱਮ. ਪੀ. ਸੰਗਰੂਰ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਹਲਕਾ ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਵਲੋਂ ਪਿੰਡ ਪਥਰਾਲਾ ਵਿਖੇ ਆਯੋਜਿਤ ‘ਪੰਜਾਬ ਬੋਲਦਾ ਹੈ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਵਿਰੋਧੀ ਧਿਰ ’ਚ ਹੋਣ ਅਤੇ ਚੋਣਾਂ ਦਾ ਸਮਾਂ ਵੀ ਦੂਰ ਹੋਣ ਦੇ ਬਾਵਜੂਦ ਬਠਿੰਡਾ ਦਿਹਾਤੀ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਦੱਸ ਦਿੱਤਾ ਹੈ ਕਿ ਕਾਂਗਰਸ ਸਰਕਾਰ ਫੇਲ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਹੀ ਇਕਮਾਤਰ ਲੋਕਾਂ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿਹਡ਼ੇ ਵਾਅਦੇ ਲੋਕਾਂ ਨਾਲ ਕਰ ਕੇ ਸੱਤਾ ’ਚ ਆਈ ਸੀ ਉਹ ਅੱਜ ਕੇਵਲ ਜੁਮਲੇ ਬਣ ਕੇ ਰਹਿ ਗਏ ਹਨ।
ਸੀਨੀਅਰ ਲੀਡਰ ਅਤੇ ਵਿਧਾਇਕ ਅਮਨ ਅਰੋਡ਼ਾ ਨੇ ਕਿਹਾ ਕਿ ਅੱਜ ਪੰਜਾਬ ’ਚ ਕੇਵਲ ਮਾਫ਼ੀਆ, ਰੇਤ ਮਾਫ਼ੀਆ, ਡਰੱਗ ਮਾਫ਼ੀਆ, ਬਿਜਲੀ ਮਾਫ਼ੀਆ ਸੂਬੇ ਨੂੰ ਲੁੱਟ ਰਿਹਾ ਹੈ, ਜੋ ਕੁੱਝ ਅਕਾਲੀ ਭਾਜਪਾ ਸਰਕਾਰ ਵੇਲੇ ਹੋ ਰਿਹਾ ਸੀ ਓਹੀ ਕੁੱਝ ਹੁਣ ਕਾਂਗਰਸ ਸਰਕਾਰ ਕਰ ਰਹੀ ਹੈ।ਵਿਧਾਇਕਾ ਪ੍ਰੋ. ਰੁਪਿੰਦਰ ਰੂਬੀ ਨੇ ਕਿਹਾ ਕਿ ਜਿਸ ਮਕਸਦ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ’ਚ ਬਿਠਾਇਆ ਹੈ ਅੱਜ ਉਨ੍ਹਾਂ ਵਲੋਂ ਲੋਕ ਹਿੱਤ ’ਚ ਉਨ੍ਹਾਂ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ। ਅੱਜ ਦੀ ਰੈਲੀ ਦੇ ਭਾਰੀ ਇਕੱਠ ਨੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦੇਣਾ ਹੈ। ਵਿਧਾਇਕਾ ਰੂਬੀ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੇ ਸਦਕਾ ਹੀ ਅੱਜ ਪੰਜਾਬ ਸਰਕਾਰ ਵੱਲੋਂ ਐੱਸ. ਸੀ., ਬੀ. ਸੀ. ਪਰਿਵਾਰਾਂ ਨੂੰ 200 ਯੂਨਿਟ ਦੀ ਬਿਜਲੀ ਮੁਆਫ਼ੀ ਬਹਾਲ ਕਰਨੀ ਪਈ ਹੈ।
ਇਸ ਮੌਕੇ ਨੀਲ ਗਰਗ ਬੁਲਾਰਾ ਆਪ, ਅੰਮ੍ਰਿਤ ਲਾਲ ਅਗਰਵਾਲ ਪ੍ਰਧਾਨ ਹਲਕਾ ਬਠਿੰਡਾ ਸ਼ਹਿਰੀ, ਮਾਸਟਰ ਜਗਸੀਰ ਸਿੰਘ ਹਲਕਾ ਇੰਚਾਰਜ ਭੁੱਚੋ, ਕਾਰਜ ਸਿੰਘ ਹਲਕਾ ਪ੍ਰਧਾਨ ਲੰਬੀ, ਨਵਦੀਪ ਜੀਦਾ, ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ ਪ੍ਰਧਾਨ ਯੂਥ ਵਿੰਗ ਬਠਿੰਡਾ, ਬਠਿੰਡਾ ਦਿਹਾਤੀ ਦੇ ਜਨਰਲ ਸਕੱਤਰ ਗੁਰਤੇਜ ਸਿੰਘ ਭਾਗੂ, ਸੰਯੁਕਤ ਸਕੱਤਰ ਯਾਦਵਿੰਦਰ ਸਿੰਘ ਔਲਖ, ਬਲਾਕ ਪ੍ਰਧਾਨ ਹਰਜੀਤ ਸਿੰਘ ਸੇਠੀ, ਚਰਨਜੀਤ ਸਿੰਘ, ਹਰਜੀਤ ਕਰਮਗਡ਼੍ਹ, ਜਸਵੰਤ ਸਿੰਘ ਕੋਟਗੁਰੂ, ਸੰਦੀਪ ਸਿੰਘ ਕੋਟਸ਼ਮੀਰ ਜ਼ੋਨ ਪ੍ਰਧਾਨ ਯੂਥ ਵਿੰਗ, ਪਰਿੰਦਰ ਸਿੰਘ ਸੋਸ਼ਲ ਮੀਡੀਆ ਇੰਚਾਰਜ, ਚਰਨਜੀਤ ਝੁੰਬਾ, ਤਰਸੇਮ ਸਿੰਘ ਪਥਰਾਲਾ, ਰਾਜਨ ਪੁਰੀ ਆਦਿ ਹਾਜ਼ਰ ਸਨ।
ਪੰਜਾਬ 'ਚ ਪੈਰ ਪਸਾਰਣ ਲੱਗੀ ਗਲਘੋਟੂ ਬੀਮਾਰੀ, 2 ਬੱਚਿਆਂ ਦੀ ਮੌਤ
NEXT STORY