ਫਗਵਾਡ਼ਾ, (ਹਰਜੋਤ, ਜਲੋਟਾ)- ਅੱਤ ਦੀ ਗਰਮੀ ਤੋਂ ਬਾਅਦ ਅੱਜ ਤਡ਼ਕਸਾਰ ਤੋਂ ਸ਼ੁਰੂ ਹੋਈ ਬਾਰਿਸ਼ ਕਾਰਨ ਸ਼ਹਿਰ ਪੂਰੀ ਤਰ੍ਹਾਂ ਪਾਣੀ ਨਾਲ ਜਲ-ਥਲ ਹੋ ਗਿਆ। ਲੋਕਾਂ ਨੇ ਮੀਂਹ ਨਾਲ ਗਰਮੀ ਤੋਂ ਤਾਂ ਰਾਹਤ ਮਹਿਸੂਸ ਕੀਤੀ ਪਰ ਮੀਂਹ ਦੇ ਇਕੱਠੇ ਹੋਏ ਪਾਣੀ ਨੇ ਲੋਕਾਂ ਨੂੰ ਮੁਸ਼ਕਲ ’ਚ ਪਾ ਦਿੱਤਾ। ਲੋਕ ਆਪਣੀਅਾਂ ਦੁਕਾਨਾਂ ਤੇ ਘਰਾਂ ’ਚ ਪਾਣੀ ਨਾ ਆਉਣ ਤੋਂ ਰੋਕਣ ਲਈ ਪ੍ਰਬੰਧ ਕਰਨ ’ਚ ਲੱਗੇ ਰਹੇ ਪਰ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਦੇ ਘਰ ਤੇ ਦੁਕਾਨਾਂ ’ਚ ਦਾਖਲ ਹੋ ਗਿਆ।
ਸ਼ਹਿਰ ’ਚ ਰੇਲਵੇ ਰੋਡ, ਬੰਗਾ ਰੋਡ, ਗਊਸ਼ਾਲਾ ਰੋਡ, ਹਰਗੋਬਿੰਦ ਨਗਰ, ਸੁਭਾਸ਼ ਨਗਰ, ਗੁਡ਼ ਮੰਡੀ ਰੋਡ, ਗੌਲ ਚੌਕ, ਜੋਸ਼ੀਆਂ ਮੁਹੱਲਾ, ਡਾਕਘਰ ਰੋਡ, ਮਾਡਲ ਟਾਊਨ, ਨਿਊ ਮਾਡਲ ਟਾਊਨ, ਲੋਹਾ ਮੰਡੀ, ਬਾਂਸਾਂ ਬਾਜ਼ਾਰ, ਸ਼ਿਵ ਮੰਦਰ, ਪੱਕਾ ਬਾਗ ਆਦਿ ਬੁਰੀ ਤਰ੍ਹਾਂ ਪਾਣੀ ਨਾਲ ਭਰੇ ਗਏ। ਸ਼ਹਿਰ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਲੋਕਾਂ ਨੂੰ ਖਡ਼੍ਹੇ ਪਾਣੀ ’ਚੋਂ ਹੀ ਗੁਜ਼ਰਨਾ ਪਿਆ। ਬੱਸ ਸਟੈਂਡ ਨੂੰ ਜਾਣ ਵਾਲੇ ਲੋਕਾਂ ਨੂੰ ਚੱਢਾ ਮਾਰਕੀਟ ਦੇ ਗੰਦੇ ਪਾਣੀ ’ਚੋਂ ਹੀ ਗੁਜ਼ਰਨਾ ਪਿਆ। ਇੱਥੋਂ ਤੱਕ ਕਿ ਸਕੂਲ ਦੇ ਬੱਚੇ ਵੀ ਸਕੂਲ ਜਾਣ ਤੋਂ ਵਾਂਝੇ ਰਹਿ ਗਏ ਕਿਉਂਕਿ ਸ਼ਹਿਰ ’ਚ ਥਾਂ-ਥਾਂ ਪਾਣੀ ਖਡ਼੍ਹਾ ਸੀ। ਕੰਮਾਂ-ਕਾਰਾਂ ’ਤੇ ਜਾਣ ਵਾਲੇ ਕਈ ਕਰਮਚਾਰੀ ਵੀ ਆਪਣੀ ਮਜ਼ਿੰਲ ’ਤੇ ਨਾ ਪਹੁੰਚ ਸਕੇ।
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕਈ ਲੋਕਾਂ ਨੇ ਕਿਹਾ ਕਿ ਜੋ ਹਾਲਤ ਫਗਵਾਡ਼ਾ ਦੀ ਹੋ ਚੁੱਕੀ ਹੈ, ਉਸ ਨੂੰ ਵੇਖ ਕੇ ਹੁਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦਾ ਹੱਲ ਹੋਣਾ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦਾ ਹੈ। ਲੋਕ ਬੋਲੇ ਕਿ ਹੁਣ ਤਾਂ ਇਕੋ ਇਕ ਹੱਲ ਇਹੋ ਹੈ ਕਿ ਮੇਅਰ ਜੀ! ਫਗਵਾਡ਼ਾ ’ਚ ਕਿਸ਼ਤੀਅਾਂ ਦਾ ਹੀ ਪ੍ਰਬੰਧ ਕਰਵਾ ਦਿਓ ਕਿਉਂਕਿ ਜਨਤਾ ਦੀ ਉਕਤ ਜਨ ਸਮੱਸਿਆ ਦਾ ਹੱਲ ਕਰਨਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਕੁਝ ਲੋਕਾਂ ਨੇ ਗੁੱਸੇ ਭਰੇ ਅੰਦਾ਼ਜ਼ ’ਚ ਕਿਹਾ ਕਿ ਜਦੋਂ ਸਾਡੇ ਮੇਅਰ ਤੋਂ ਲੈ ਕੇ ਨਿਗਮ ਦੇ ਵੱਡੇ ਅਧਿਕਾਰੀਆਂ ਅਤੇ ਸਮੂਹ ਸਰਕਾਰੀ ਅਮਲੇ ਨੂੰ ਪਤਾ ਹੈ ਕਿ ਫਗਵਾਡ਼ਾ ’ਚ ਗੰਦੇ ਪਾਣੀ ਦੀ ਨਿਕਾਸੀ ਦੀ ਜ਼ਬਰਦਸਤ ਸਮੱਸਿਆ ਹੈ ਅਤੇ ਉਕਤ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਹੈ ਤਾਂ ਫਿਰ ਜਨਤਾ ਦਾ ਧਿਆਨ ਹੋਰ ਪਾਸੇ ਲਗਾ ਕੇ ਮੀਡੀਆ ’ਚ ਹਰ ਵਾਰ ਝੂਠੇ ਦਾਅਵੇ ਕਿਉਂ ਕੀਤੇ ਜਾ ਰਹੇ ਹਨ ਕਿ ਹੁਣ ਮੀਂਹ ਪੈਣ ’ਤੇ ਗੰਦੇ ਪਾਣੀ ਦੇ ਤਲਾਬ ਨਹੀਂ ਲੱਗਣਗੇ। ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਬਸ ਹੁਣ ਸਭ ਕੁਝ ਠੀਕ ਹੋ ਗਿਆ ਹੈ? ਜਦੋਂ ਕਿ ਕੁਝ ਲੋਕਾ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਸਾਡੇ ਲੀਡਰ ਗੱਲਾਂ ਤਾਂ ਵਿਦੇਸ਼ਾਂ ਵਿਚ ਮਿਲਦੀਆਂ ਚੰਗੇਰੀਆਂ ਸੁੱਖ-ਸਹੂਲਤਾਂ ਦੀ ਕਰਦੇ ਨਹੀਂ ਥੱਕਦੇ ਹਨ ਪਰ ਜਦੋਂ ਗੱਲ ਆਪਣੇ ਸ਼ਹਿਰ ਫਗਵਾਡ਼ਾ ਦੀ ਆਉਂਦੀ ਹੈ ਤਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਇਹ ਸਿਰੇ ਤੋਂ ਫੇਲ ਹੋ ਜਾਂਦੇ ਹਨ। ਖਬਰ ਲਿਖੇ ਜਾਣ ਤੱਕ ਫਗਵਾਡ਼ਾ ’ਚ ਲੋਕ ਸ਼ਹਿਰ ਦੇ ਅੰਦਰ ਕਈ ਥਾਵਾਂ ’ਤੇ ਗੰਦੇ ਪਾਣੀ ਦੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਪਰ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਰਿਹਾ ਹੈ।
ਸਕੂਲ ਜਾਣ ਵਾਲੇ ਬੱਚੇ ਵੀ ਹੋਏ ਪ੍ਰੇਸ਼ਾਨ
ਸ਼ਹਿਰ ’ਚ ਦੂਜੀ ਸਭ ਤੋਂ ਪਾਸ਼ ਕਾਲੋਨੀ ਮੰਨੀ ਜਾਂਦੀ ਅਰਬਨ ਅਸਟੇਟ ਵਿਖੇ ਬਰਸਾਤੀ ਪਾਣੀ ਦੇ ਜਮ੍ਹਾ ਹੋਣ ਨਾਲ ਜਿਥੇ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ’ਚ ਪਾਇਆ ਗਿਆ, ਉਥੇ ਹੀ ਸਕੂਲ ਜਾ ਣ ਵਾਲੇ ਬੱਚਿਅਾਂ ਨੂੰ ਵੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪਿਅਾ। ਅਹਿਮ ਪਹਿਲੂ ਇਹ ਹੈ ਕਿ ਇਸੇ ਇਲਾਕੇ ’ਚ ਫਗਵਾਡ਼ਾ ਦੇ ਭਾਜਪਾ ਐੱਮ. ਐੱਲ. ਏ. ਸੋਮਪ੍ਰਕਾਸ਼ ਕੈਂਥ ਦਾ ਘਰ ਹੈ ਪਰ ਅੱਜ ਹੋਈ ਬਰਸਾਤ ’ਚ ਇਸ ਇਲਾਕੇ ਸਣੇ ਨੇਡ਼ੇ-ਤੇਡ਼ੇ ਦੇ ਖੇਤਰਾਂ ’ਚ ਸਾਰੀ ਜਗ੍ਹਾ ਗੰਦੇ ਬਰਸਾਤੀ ਪਾਣੀ ਦੇ ਤਲਾਬ ਹੀ ਲੱਗੇ ਵਿਖਾਈ ਦਿੱਤੇ। ਇਸ ਕਾਰਨ ਇਲਾਕੇ ’ਚ ਆਮ ਜਨ ਜੀਵਨ ’ਤੇ ਭਾਰੀ ਅਸਰ ਪਿਆ। ਆਲਮ ਇਹ ਰਿਹਾ ਕਿ ਸਕੂਲ ’ਚ ਛੁੱਟੀ ਦੇ ਸਮੇਂ ਮਾਸੂਮ ਬੱਚੀਆਂ ਨੂੰ ਵੀ ਗੰਦੇ ਪਾਣੀ ਵਿਚ ਡੁੱਬੀਆਂ ਸਡ਼ਕਾਂ ਤੋਂ ਹੋ ਕੇ ਗੁਜ਼ਰਨਾ ਪਿਆ।
ਹਾਲਾਤ ਨੂੰ ਵੇਖ ਕੇ ਨਿਗਮ ਹਾਊਸ ਦੀ ਤੁਰੰਤ ਐਮਰਜੈਂਸੀ ਬੈਠਕ ਬੁਲਾਈ ਜਾਵੇ : ਨਿਗਮ ਕੌਂਸਲਰ
ਫਗਵਾਡ਼ਾ ’ਚ ਬਣੇ ਹੋਏ ਨਰਕ ਭਰੇ ਹਾਲਾਤ ਨੂੰ ਲੈ ਕੇ ਕੌਂਸਲਰਾਂ ਰਾਮਪਾਲ ਉੱਪਲ, ਸੰਜੀਵ ਬੁੱਗਾ (ਬਲਾਕ ਪ੍ਰਧਾਨ ਕਾਂਗਰਸ ਕਮੇਟੀ ਫਗਵਾਡ਼ਾ), ਜਤਿੰਦਰ ਵਰਮਾਨੀ, ਮੁਨੀਸ਼ ਪ੍ਰਭਾਕਰ, ਸੰਗੀਤਾ ਗੁਪਤਾ, ਦਰਸ਼ਨ ਲਾਲ ਧਰਮਸੌਤ, ਰਮਾ ਰਾਣੀ, ਸੱਤਿਆ ਦੇਵੀ, ਪਦਮਦੇਵ ਸੁਧੀਰ ਨਿੱਕਾ ਨੇ ਕਿਹਾ ਹੈ ਕਿ ਉਕਤ ਗੰਭੀਰ ਸਮੱਸਿਆ ਦੇ ਹੱਲ ਨੂੰ ਲੈ ਕੇ ਨਿਗਮ ਹਾਊਸ ਦੀ ਐਮਰਜੈਂਸੀ ਬੈਠਕ ਤੁਰੰਤ ਹੋਣੀ ਚਾਹੀਦੀ ਹੈ।
ਕੌਂਸਲਰਾਂ ਨੇ ਕਿਹਾ ਕਿ ਬੈਠਕ ਵਿਚ ਸਮੂਹ ਕੌਂਸਲਰਾਂ ਨੂੰ ਸ਼ਹਿਰ ਵਿਚ ਬਣੇ ਹੋਏ ਹਾਲਾਤ ਤੇ ਇਸ ਨਾਲ ਨਜਿੱਠਣ ਲਈ ਨਿਗਮ ਕੀ ਕਰ ਰਹੀ ਹੈ ਤੋਂ ਜਾਣੂ ਕਰਵਾਇਆ ਜਾਵੇ ਕਿਉਂਕਿ ਇਸ ਸਮੱਸਿਆ ਤੋਂ ਫਗਵਾਡ਼ਾ ਦੇ ਹਜ਼ਾਰਾਂ ਲੋਕ ਆਏ ਦਿਨ ਭਾਰੀ ਪ੍ਰੇਸ਼ਾਨੀ ਝੱਲ ਰਹੇ ਹਨ। ਨਿਗਮ ਕੌਂਸਲਰਾਂ ਨੇ ਕਿਹਾ ਕਿ ਫਗਵਾਡ਼ਾ ਵਿਚ ਆਏ ਦਿਨ ਬਰਸਾਤ ਹੋਣ ਦੇ ਬਾਅਦ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਕਦੇਂ ਤੱਕ ਜੂਝਦੇ ਰਹਿਣਗੇ ਅਤੇ ਇਸ ਦਾ ਪੱਕੇ ਤੌਰ ’ਤੇ ਕੋਈ ਹੱਲ ਕੀਤਾ ਜਾਵੇ। ਕੌਂਸਲਰਾਂ ਨੇ ਕਿਹਾ ਕਿ ਉਹ ਸਭ ਜਨਤਾ ਦੇ ਨਾਲ ਹਨ ਅਤੇ ਰਹਿਣਗੇ ਕਿਉਂਕਿ ਜਨਤਾ ਨੇ ਹੀ ਉਨ੍ਹਾਂ ਨੂੰ ਕੌਂਸਲਰ ਬਣਨ ਦਾ ਮਾਣ ਦਿੱਤਾ ਹੈ ਅਤੇ ਨਿਗਮ ਹਾਊਸ ਵਿਚ ਲੋਕ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਕੋਠੀ ’ਤੇ ਕਬਜ਼ਾ ਕਰਨ ਗਏ ਗੈਂਗਸਟਰ ਭੱਲਾ ਸਾਥੀਆਂ ਸਣੇ ਗ੍ਰਿਫਤਾਰ
NEXT STORY