ਚੰਡੀਗੜ੍ਹ, (ਵਿਜੇ)- ਸਿਰਫ ਇਕ ਦਿਨ ਦੇ ਮੀਂਹ ਨਾਲ ਸੁਖਨਾ ਲੇਕ ਨੂੰ ਨਵੀਂ ਲਾਈਫ ਮਿਲ ਗਈ। ਪਿਛਲੇ ਹਫਤੇ ਜਿਥੇ ਸੁਖਨਾ ਲੇਕ ਦਾ ਵਾਟਰ ਲੈਵਲ 1155 ਤਕ ਪੁੱਜ ਗਿਆ ਸੀ, ਉਥੇ ਹੀ ਸੁਖਨਾ ਵਾਈਲਡ ਲਾਈਫ ਸੈਂਚੁਰੀ ਵਿਚ ਪਏ ਮੀਂਹ ਕਾਰਨ ਹੁਣ ਝੀਲ ਵਿਚ ਪਾਣੀ ਦਾ ਪੱਧਰ ਵਧ ਕੇ 1156 ਫੁੱਟ ਤਕ ਪੁੱਜ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਮੌਜੂਦਾ ਹਾਲਤ ਦੀ ਤੁਲਨਾ 'ਚ ਕਾਫੀ ਵੱਧ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਜੂਨ ਵਿਚ ਸੁਖਨਾ ਲੇਕ ਦਾ ਪਾਣੀ 1152 ਫੁੱਟ ਤਕ ਪੁੱਜ ਗਿਆ ਸੀ, ਜਿਸ ਕਾਰਨ ਲੇਕ ਦੇ ਇਕ ਹਿੱਸੇ ਦੇ ਸੁੱਕਣ ਤਕ ਦੀ ਨੌਬਤ ਆ ਚੁੱਕੀ ਸੀ ਪਰ ਇਸ ਸਾਲ ਜੂਨ ਵਿਚ ਹੀ ਝੀਲ ਦਾ ਪਾਣੀ ਦਾ ਪੱਧਰ 1156 ਫੁੱਟ ਤਕ ਪੁੱਜ ਗਿਆ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਜੁਲਾਈ ਦੇ ਪਹਿਲੇ ਹਫਤੇ ਵਿਚ ਮਾਨਸੂਨ ਆਉਣ ਦੀ ਉਮੀਦ ਹੈ ਜੇਕਰ ਇਸ ਸਾਲ ਔਸਤ ਮੀਂਹ ਪਿਆ ਤਾਂ ਸੁਖਨਾ ਲੇਕ ਦੇ ਸੁੱਕਣ ਦੀ ਨੌਬਤ ਇਸ ਸਾਲ ਨਹੀਂ ਆਵੇਗੀ। ਅਧਿਕਾਰੀਆਂ ਦੀ ਮੰਨੀਏ ਤਾਂ ਸੁਖਨਾ ਲੇਕ ਦਾ ਵਾਟਰ ਲੈਵਲ ਔਸਤਨ 1154 ਫੁੱਟ ਰਹਿੰਦਾ ਹੈ ਪਰ ਜੂਨ ਵਿਚ ਵਾਟਰ ਲੈਵਲ ਦੇ 1156 ਤਕ ਪੁੱਜ ਜਾਣ ਨਾਲ ਫਿਲਹਾਲ ਲੇਕ ਦੇ ਸੁੱਕਣ ਦੀ ਉਮੀਦ ਘੱਟ ਹੈ। ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਮੁਤਾਬਕ ਸ਼ਨੀਵਾਰ ਨੂੰ ਕਾਂਸਲ ਦੇ ਏਰੀਆ ਵਿਚ 23 ਐੱਮ. ਐੱਮ. ਤੇ ਲਾਗ ਹਟ ਵਿਚ 22 ਐੱਮ. ਐੱਮ. ਮੀਂਹ ਪਿਆ ਸੀ। ਇਨ੍ਹਾਂ ਖੇਤਰਾਂ ਤੋਂ ਜ਼ਿਆਦਾਤਰ ਪਾਣੀ ਲੇਕ ਵਿਚ ਆਉਂਦਾ ਹੈ।
ਗਾਰ ਤੇ ਬੂਟੀ ਫਿਰ ਬਣੇਗੀ ਪ੍ਰੇਸ਼ਾਨੀ
ਸੁਖਨਾ ਲੇਕ ਵਿਚ ਵਾਟਰ ਲੈਵਲ ਤਾਂ ਵਧ ਰਿਹਾ ਹੈ ਪਰ ਇਸ ਨਾਲ ਲੇਕ ਦੀਆਂ ਦੋ ਹੋਰ ਵੱਡੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਨਹੀਂ ਮਿਲ ਸਕੇਗੀ। ਦਰਅਸਲ ਵਿਚ ਸੁਖਨਾ ਵਿਚੋਂ ਗਾਰ ਤੇ ਬੂਟੀ ਕੱਢਣ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ। ਇੰਜੀਨੀਅਰਿੰਗ ਵਿਭਾਗ ਨੇ ਵੀ ਇਹ ਕੱਢਣ ਦਾ ਕੰਮ ਬਹੁਤ ਹੌਲੀ ਕੀਤਾ ਸੀ। ਇਸ ਕਾਰਨ ਹੁਣ ਤਕ ਸੁਖਨਾ ਵਿਚ ਗਾਰ ਤੇ ਬੂਟੀ ਦੀ ਸਮੱਸਿਆ ਉਵੇਂ ਹੀ ਹੈ। ਇਹੋ ਨਹੀਂ, ਹੁਣ ਜਦੋਂ ਕਿ ਵਾਟਰ ਲੈਵਲ ਵਧ ਰਿਹਾ ਹੈ ਤਾਂ ਬੂਟੀ ਕੱਢਣ ਦਾ ਕੰਮ ਸ਼ੁਰੂ ਨਹੀਂ ਹੋ ਸਕੇਗਾ।
ਅਮਰੀਕਨ ਲੋਟਸ ਦਾ ਨਹੀਂ ਨਿਕਲਿਆ ਤੋੜ
ਸੁਖਨਾ ਲੇਕ ਦੀ ਖੂਬਸੂਰਤੀ ਨੂੰ ਸਿਰਫ ਪਾਣੀ ਦੀ ਘਾਟ ਤੇ ਗਾਰ-ਬੂਟੀ ਤੋਂ ਹੀ ਖਤਰਾ ਨਹੀਂ, ਬਲਕਿ ਇਕ ਹੋਰ ਵੱਡੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਲੇਕ ਦੇ ਲਗਭਗ ਇਕ-ਚੌਥਾਈ ਹਿੱਸੇ 'ਤੇ ਹੁਣ ਅਮਰੀਕਨ ਲੋਟਸ ਨੇ ਕਬਜ਼ਾ ਕਰ ਲਿਆ ਹੈ ਪਰ ਇੰਜੀਨੀਅਰਿੰਗ ਵਿਭਾਗ ਇਸ ਨੂੰ ਹਟਾਉਣ ਲਈ ਗੰਭੀਰ ਨਹੀਂ ਹੈ। ਲਗਭਗ 20 ਦਿਨ ਪਹਿਲਾਂ ਜਿਥੇ ਲੋਟਸ ਸਿਰਫ ਸੁਖਨਾ ਦੇ ਇਕ ਛੋਟੇ ਜਿਹੇ ਹਿੱਸੇ ਵਿਚ ਦਿਖ ਰਿਹਾ ਸੀ, ਹੁਣ ਉਹ ਤੇਜ਼ੀ ਨਾਲ ਫੈਲ ਰਿਹਾ ਹੈ।
ਫੇਰ ਵੀ ਲੱਗੇਗਾ ਸੀਵਰੇਜ ਪਲਾਂਟ
ਲੇਕ ਦਾ ਪਾਣੀ ਦਾ ਪੱਧਰ ਬੇਸ਼ੱਕ ਵਧਿਆ ਹੋਵੇ ਪਰ ਪ੍ਰਸ਼ਾਸਨ ਛੇਤੀ ਤੋਂ ਛੇਤੀ ਆਪਣੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਹੈ। ਇਸ ਸਾਲ ਜੇਕਰ ਮੀਂਹ ਉਮੀਦ ਮੁਤਾਬਿਕ ਪੈਂਦਾ ਹੈ ਤਾਂ ਵੀ ਕਿਸ਼ਨਗੜ੍ਹ ਕੋਲ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦਾ ਕੰਮ ਅਗਲੇ ਸਾਲ ਗਰਮੀਆਂ ਤੋਂ ਪਹਿਲਾਂ ਪੂਰਾ ਕਰਨ ਦਾ ਟਾਰਗੈੱਟ ਫਿਕਸ ਕੀਤਾ ਗਿਆ ਹੈ। ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਭਵਿੱਖ ਵਿਚ ਸੁਖਨਾ ਵਿਚ ਪਾਣੀ ਦੀ ਕੋਈ ਘਾਟ ਰਹੇ, ਇਸ ਲਈ ਛੇਤੀ ਹੀ ਪਲਾਂਟ ਲਈ ਏਜੰਸੀ ਫਾਈਨਲ ਕਰ ਲਈ ਜਾਵੇਗੀ।
ਮਾਸੀ ਨੇ ਭਾਣਜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਿਆ
NEXT STORY