ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਦਾਦੇ ਦੇ ਕਾਤਲ ਨੂੰ ਫਾਂਸੀ ਮੁਆਫੀ ਦੇਣ ਦੇ ਮੁੱਦੇ 'ਤੇ ਜੋ ਅਕਾਲੀ-ਭਾਜਪਾ ਗੱਠਜੋੜ ਢੋਲ ਖੜਕਾ ਰਿਹਾ ਹੈ, ਉਸ ਦੀ ਮੁਆਫੀ ਤੋਂ ਪਹਿਲਾਂ ਮੈਨੂੰ ਅਕਾਲੀ-ਭਾਜਪਾ ਚੌਰਾਹੇ 'ਚ ਗੋਲੀ ਮਾਰ ਦੇਵੇ ਕਿਉਂਕਿ ਪੰਜਾਬ ਨੂੰ ਲਹੂ-ਲੁਹਾਨ ਹੋਇਆ ਦੇਖ ਕੇ 20 ਸਾਲ ਉਨ੍ਹਾਂ ਤਾਕਤਾਂ ਨੇ 25 ਹਜ਼ਾਰ ਮਾਸੂਮਾਂ ਦਾ ਖੂਨ ਡੋਲ੍ਹਿਆ ਹੈ। ਅੱਜ ਮੈਂ ਹੈਰਾਨ ਹਾਂ ਕਿ ਭਾਜਪਾ ਵਾਲੇ ਕਿਹੜੀ ਰਾਜਨੀਤੀ ਕਰ ਕੇ ਮੁਆਫੀ ਵਾਲੇ ਪਾਸੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਮੁਆਫੀ ਦੀ ਅਰਜ਼ੀ ਤੱਕ ਨਹੀਂ ਦਿੱਤੀ, ਉਸ ਦੀ ਮੁਆਫੀ ਕਿਵੇਂ ਹੋ ਰਹੀ ਹੈ। ਬਿੱਟੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਟਿਕ ਕੇ ਨਹੀਂ ਬੈਠਣਗੇ।
ਦਿੱਲੀ ਦਰਬਾਰ ਲੋਕ ਸਭਾ 'ਚ ਜਾ ਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਕੋਲ ਇਹ ਮੁੱਦਾ ਹੀ ਨਹੀਂ ਚੁੱਕਣਗੇ, ਸਗੋਂ ਪੰਜਾਬ 'ਚ ਇਸ ਬਾਰੇ ਲਹਿਰ ਪੈਦਾ ਕਰਨਗੇ। ਬਿੱਟੂ ਨੇ ਕਿਹਾ ਕਿ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਰੇਲਾਂ 'ਚੋਂ, ਬੱਸਾਂ 'ਚੋਂ ਟੋਹ-ਟੋਹ ਕੇ ਮਾਰੇ ਮਾਸੂਮਾਂ ਦੇ ਕਾਤਲ ਪੰਜਾਬ 'ਚ ਫਿਰ ਘੁੰਮਣ। ਉਨ੍ਹਾਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਉਨ੍ਹਾਂ ਦੇ ਮਨ ਨੂੰ ਵੱਡੀ ਠੇਸ ਪੁੱਜੀ ਹੈ। ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਨੇ ਲੰਬਾ ਸਮਾਂ ਅੱਤਵਾਦ ਦਾ ਸੰਤਾਪ ਭੋਗਿਆ ਹੈ ਅਤੇ ਬੇਅੰਤ ਸਿੰਘ ਨੇ ਪੰਜਾਬ 'ਚ ਸ਼ਾਂਤੀ ਬਹਾਲ ਕਰਨ ਲਈ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੇ ਕਾਤਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਅਤੇ ਅੱਤਵਾਦੀਆਂ ਵਲੋਂ ਜੇਲਾਂ ਤੋਂ ਬਾਹਰ ਆਉਣ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਨੂੰ ਕਾਲੇ ਦੌਰ 'ਚ ਲੈ ਕੇ ਜਾਣ ਦੇ ਯਤਨ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਫਾਂਸੀ ਦੀ ਸਜ਼ਾ ਭੁਗਤ ਰਹੇ ਰਾਜੋਆਣਾ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਵਲੋਂ ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਸਜ਼ਾ 'ਚ ਮਨੁੱਖੀ ਆਧਾਰ 'ਤੇ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ।
ਮਜੀਠੀਆ ਵਲੋਂ ਰਵਨੀਤ ਬਿੱਟੂ 'ਤੇ ਕੇਸ ਦਰਜ ਕਰਨ ਦੀ ਮੰਗ
NEXT STORY