ਅੰਮ੍ਰਿਤਸਰ, (ਛੀਨਾ)- ਰੋਡਵੇਜ਼ ਦੇ ਡਰਾਇਵਰ ਤੇ ਕੰਡਕਟਰ ਨੂੰ ਮੁਅੱਤਲ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਰੋਡਵੇਜ਼ ਕਾਮਿਆਂ ਵੱਲੋਂ ਸਥਾਨਕ ਵਰਕਸ਼ਾਪ ਵਿਖੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਰਮਚਾਰੀ ਦਲ ਦੇ ਪ੍ਰਧਾਨ ਮੰਗਲ ਸਿੰਘ, ਸੀਟੂ ਦੇ ਪ੍ਰਧਾਨ ਦਵਿੰਦਰ ਸਿੰਘ, ਏਟਕ ਦੇ ਆਗੂ ਬਲਕਾਰ ਸਿੰਘ, ਸ਼ਡਿਉਲਡ ਕਾਸਟ ਯੂਨੀਅਨ ਦੇ ਸੂਬਾ ਜੁਅਾਇੰਟ ਸਕੱਤਰ ਮੁਖਤਾਰ ਸਿੰਘ, ਕੰਡਕਟਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਤੇ ਮਨਿਸਟਰੀਅਲ ਸਟਾਫ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਜਲੰਧਰ ਤੋਂ ਛੱਪਦੀ ਇਕ ਹਿੰਦੀ ਅਖਬਾਰ (ਪੰਜਾਬ ਕੇਸਰੀ ਨਹੀਂ) ਦੇ ਇਕ ਮੁਲਾਜ਼ਮ ਦੀ ਸ਼ਿਕਾਇਤ ’ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵਲੋਂ ਜੋ ਬਿਨਾਂ ਕਿਸੇ ਸੁਣਵਾਈ ਦੇ ਕੰਡਕਟਰ ਜਗਜੀਤ ਸਿੰਘ ਤੇ ਡਰਾਇਵਰ ਅਮਰਜੀਤ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ, ਉਸ ਕਾਰਨ ਸਮੂਹ ਰੋਡਵੇਜ਼ ਕਾਮਿਆਂ ’ਚ ਭਾਰੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਉਕਤ ਕੰਡਕਟਰ ਤੇ ਡਰਾਇਵਰ ਖਿਲਾਫ ਜੇਕਰ ਕੋਈ ਸ਼ਿਕਾਇਤ ਆਈ ਸੀ ਤਾਂ ਉਨ੍ਹਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨਾ ਚਾਹੀਦਾ ਸੀ ਤੇ ਜੇਕਰ ਉਕਤ ਦੋਨੋਂ ਵਿਅਕਤੀ ਦੋਸ਼ੀ ਪਾਏ ਜਾਂਦੇ ਤਾਂ ਵਿਭਾਗੀ ਕਾਰਵਾਈ ਵੀ ਸਮਝ ’ਚ ਆਉਂਦੀ ਪਰ ਬਿਨਾਂ ਪੱਖ ਜਾਣੇ ਤੋਂ ਹੀ ਬੇਕਸੂਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦੇਣਾ ਸਰਾਸਰ ਧੱਕਾ ਹੈ ਜਿਸ ਨੂੰ ਮੁਲਾਜ਼ਮ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 13 ਜੁਲਾਈ ਤੱਕ ਉਕਤ ਬੇਕਸੂਰ ਕੰਡਕਟਰ ਤੇ ਡਰਾਇਵਰ ਨੂੰ ਨੌਕਰੀ ’ਤੇ ਬਹਾਲ ਨਾ ਕੀਤਾ ਗਿਆ ਤਾਂ ਰੋਡਵੇਜ਼ ਕਾਮਿਆਂ ਵੱਲੋਂ ਮੁਕੰਮਲ ਕੰਮਕਾਜ ਠੱਪ ਕਰਕੇ ਅਣਮਿਥੇ ਸਮੇਂ ਲਈ ਹਡ਼ਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਹੀ ਜ਼ਿੰਮੇਵਾਰ ਹੋਵੇਗਾ।
ਦੜਾ- ਸੱਟਾ ਲਾਉਣ ਦੇ ਦੋਸ਼ 'ਚ 5 ਕਾਬੂ
NEXT STORY