ਰੋਪੜ (ਤ੍ਰਿਪਾਠੀ)— ਜ਼ਿਲਾ ਸਡ਼ਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਚੰਡੀਗਡ਼੍ਹ ਚੌਕ ’ਚ ਲੱਗਦੇ ਟ੍ਰੈਫ਼ਿਕ ਜਾਮ ਦੀ ਸਮੱਸਿਆ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਅੱਜ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ, ਐੱਸ. ਐੱਸ. ਪੀ. ਦੀਪਕ ਹਿਲੌਰੀ ਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਸਡ਼ਕ ’ਤੇ ਉਤਰੇ। ਉਨ੍ਹਾਂ ਰਾਜਾ ਹਸਪਤਾਲ ਤੋਂ ਚੰਡੀਗਡ਼੍ਹ ਚੌਕ, ਚੰਡੀਗਡ਼੍ਹ ਚੌਕ ਤੋਂ ਅੰਬੇਡਕਰ ਚੌਕ ਤੇ ਅੰਬੇਡਕਰ ਚੌਕ ਤੋਂ ਚੰਡੀਗਡ਼੍ਹ ਚੌਕ ਤੱਕ ਸਾਰੇ ਅਧਿਕਾਰੀਆਂ ਨਾਲ ਪੈਦਲ ਚੱਲ ਕੇ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੀਆਂ ਮੁਸ਼ਕਿਲਾਂ ਸਬੰਧੀ ਸੜਕਾ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਮੌਕੇ ’ਤੇ ਹੀ ਇਸ ਦੇ ਹੱਲ ਸਬੰਧੀ ਵਿਚਾਰ ਕੀਤੀ। ਇਸ ਤੋਂ ਬਾਅਦ ਅੱਜ ਪਹਿਲ ਦੇ ਆਧਾਰ ’ਤੇ ਅੰਬੇਡਕਰ ਚੌਕ ਤੋਂ ਚੰਡੀਗਡ਼੍ਹ ਰੋਡ ਤੇ ਰਾਹੋਂ ਲੁਧਿਆਣਾ ਰੋਡ ਰੂਟਾਂ ਨੂੰ ਜਾਂਦੀ ਸਡ਼ਕ ’ਤੇ ਵੱਖਰੀ ਲੇਨ ਨੂੰ ਆਰਜ਼ੀ ਤੌਰ ’ਤੇ ਅੱਜ ਹੀ ਲਾਗੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਬਬਲਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਤਰਜੀਹ ਨਵਾਂਸ਼ਹਿਰ ਦੇ ਚੰਡੀਗਡ਼੍ਹ ਚੌਕ ’ਚ ਲੱਗਦੇ ਟ੍ਰੈਫ਼ਿਕ ਜਾਮ ਨੂੰ ਖਤਮ ਕਰਵਾਉਣ ਦੀ ਹੈ। ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਅੱਜ ਪੁਲਸ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਤੇ ਇਸ ਰਸਤੇ ’ਤੇ ਪੈਂਦੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਜੋ ਇਸ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਜਾਮ ’ਚ ਵੱਡੀ ਸਮੱਸਿਆ ਬੱਸਾਂ ਦੇ ਰਸਤੇ ’ਚ ਰੁਕ ਕੇ ਸਵਾਰੀਆਂ ਉਤਾਰਨਾ ਤੇ ਚਡ਼੍ਹਾਉਣਾ ਵੀ ਹੈ। ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਟ੍ਰੈਫ਼ਿਕ ਦੀ ਇਸ ਗੰਭੀਰ ਸਮੱਸਿਆ ਦੇ ਹੱਲ ’ਚ ਆਪਣਾ ਪੂਰਨ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਬੱਸ ਲੈਣ ਲਈ ਲੋਕਾਂ ਨੂੰ ਬੱਸ ਸਟੈਂਡ ’ਤੇ ਹੀ ਜਾਣ ਲਈ ਆਖਿਆ ਹੈ। ਇਸੇ ਤਰ੍ਹਾਂ ਸਮੂਹ ਬੱਸ ਚਾਲਕਾਂ ਨੂੰ ਬੱਸਾਂ ’ਚੋਂ ਸੁਆਰੀਆਂ ਸਡ਼ਕ ’ਤੇ ਨਾ ਉਤਾਰ ਕੇ ਕੇਵਲ ਬੱਸ ਸਟੈਂਡ ’ਤੇ ਹੀ ਉਤਾਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਲਾਗੂ ਹੋਣ ਵਾਲੇ ਆਰਜ਼ੀ ਪ੍ਰਬੰਧਾਂ ’ਚੋਂ ਕੁਝ ਨੂੰ ਅੱਜ ਹੀ ਲਾਗੂ ਕਰ ਦਿੱਤਾ ਗਿਆ ਹੈ। ਇਸ ਮੌਕੇ ਐੱਸ. ਪੀ. (ਐੱਚ) ਹਰੀਸ਼ ਦਿਆਮਾ, ਡੀ.ਐੱਸ.ਪੀ. ਨਵਾਂਸ਼ਹਿਰ ਮੁਖਤਿਆਰ ਰਾਏ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਬੀਰ ਸਿੰਘ ਜੱਸੀ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਹੋਰ ਅਧਿਕਾਰੀ ਮੌਜੂਦ ਸਨ।
ਰੋਜ਼ਾ ਸ਼ਰੀਫ ਮੰਢਾਲੀ ਵਿਖੇ ਅਹਿਮਦ ਸ਼ਾਹ ਕਾਦਰੀ ਦਾ 40ਵਾਂ ਮਨਾਇਆ
NEXT STORY