ਰੋਪੜ (ਗੁਰਭਾਗ)-ਪੁਲਵਾਮਾ ’ਚ ਸ਼ਹੀਦ ਹੋਏ 40 ਫ਼ੌਜੀਆਂ ਨੂੰ ਨਗਰ ਕੌਂਸਲ ਨੰਗਲ ਦੇ ਵਾਰਡ ਨੰ. 19 ਦੀ ਬਹੁ-ਚਰਚਿਤ ਕੌਂਸਲਰ ਸ਼ਿਵਾਨੀ ਜਸਵਾਲ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਗਿਆ ਕਿ ਇਸ ਮੁਸੀਬਤ ਦੀ ਘਡ਼ੀ ’ਚ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ’ਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇੱਕਜੁਟਤਾ ਦਿਖਾਉਣੀ ਚਾਹੀਦੀ ਹੈ। ਪਾਕਿਸਤਾਨ ਦੀ ਇਸ ਕਰਤੂਤ ’ਤੇ ਉਸਨੂੰ ਮੂੰਹ-ਤੋਡ਼ ਜਵਾਬ ਦੇਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ, ਤਾਂ ਜੋ ਮੁਡ਼ ਕਦੇ ਉਹ ਅਜਿਹਾ ਕਦਮ ਨਾ ਚੁੱਕ ਸਕੇ। ਸ਼ਿਵਾਨੀ ਜਸਵਾਲ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੀ ਹਰ ਔਰਤ ਝਾਂਸੀ ਦੀ ਰਾਣੀ ਬਣਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਪੁਲਵਾਮਾ ’ਚ ਸ਼ਹੀਦ ਹੋਏ ਫ਼ੌਜੀਆਂ ਦੀ ਸ਼ਹਾਦਤ ਨੂੰ ਕਦੇ ਵੀ ਭਾਰਤ ਭੁੱਲ ਨਹੀਂ ਸਕੇਗਾ ਤੇ ਹਮੇਸ਼ਾ ਉਨ੍ਹਾਂ ਵੀਰ ਸਪੂਤਾਂ ਦਾ ਰਿਣੀ ਰਹੇਗਾ। ਇਸ ਸ਼ਰਧਾਂਜਲੀ ਸਮਾਗਮ ਮੌਕੇ ਸ਼ਿਵਾਨੀ ਜਸਵਾਲ ਵੱਲੋਂ ਇਕ ਵਾਰ ਫਿਰ ਪਹਿਲਕਦਮੀ ਕਰਦੇ ਹੋਏ ਆਪਣੀ ਨਗਰ ਕੌਂਸਲ ਨੰਗਲ ਦੀ ਦੋ ਮਹੀਨੇ ਦੀ ਤਨਖ਼ਾਹ ਪੁਲਵਾਮਾ ਦੇ ਸ਼ਹੀਦ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ। ਇੱਥੇ ਦੱਸਣਯੋਗ ਇਹ ਵੀ ਹੈ ਕਿ ਸ਼ਿਵਾਨੀ ਨੇ ਜਿੱਥੇ ਕੌਂਸਲ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਜੰਗ ਜਾਰੀ ਰੱਖੀ ਹੈ, ਉੱਥੇ ਹੀ ਉਨ੍ਹਾਂ ਦੇਸ਼ ’ਤੇ ਆਈ ਹਰ ਮੁਸੀਬਤ ਦੀ ਘਡ਼ੀ ’ਚ ਆਪਣਾ ਵਧ ਚਡ਼੍ਹਕੇ ਯੋਗਦਾਨ ਪਾਇਆ ਹੈ ਤੇ ਪੀਡ਼ਤ ਪਰਿਵਾਰਾਂ ਨੂੰ ਸਹਾਇਤਾ ਭੇਜੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ’ਤੇ ਪੂਰੇ ਦੇਸ਼ ਨੂੰ ਚੰਗੀਆਂ ਉਮੀਦਾਂ ਹਨ ਤੇ ਅਸੀਂ ਵੀ ਉਨ੍ਹਾਂ ਦੇ ਨਾਲ ਹਾਂ ।
ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ
NEXT STORY