ਅੰਮ੍ਰਿਤਸਰ (ਦੀਪਕ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲਤ 'ਚ ਹੋਰ ਵਿਸਤਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪਾਪੜਾਂ ਵਾਲੇ ਬਾਜ਼ਾਰ ਨਾਲ ਲੱਗਦੇ ਅਕਾਲੀ ਬਾਗ ਵਾਲੀ ਮਾਰਕੀਟ ਵਿਖੇ ਸ਼੍ਰੋਮਣੀ ਕਮੇਟੀ ਦੀ ਕਰੀਬ 6 ਏਕੜ ਜਗ੍ਹਾ ਵਿਚ ਸੰਗਤਾਂ ਦੇ ਰਹਿਣ ਲਈ ਵਿਸ਼ਾਲ ਸਰਾਂ ਬਣਾਉਣ ਦੀ ਪਿਛਲੇ ਸਮੇਂ ਤੋਂ ਵਿਚਾਰ ਅਧੀਨ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਆਰੰਭਣ ਲਈ ਕਿਹਾ ਹੈ। ਇਸੇ ਤਹਿਤ ਭਾਈ ਲੌਂਗੋਵਾਲ ਨੇ ਅੱਜ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਇਮਾਰਤੀ ਵਿਭਾਗ ਦੇ ਨੁਮਾਇੰਦਿਆਂ ਨਾਲ ਖੁਦ ਜਾ ਕੇ ਅਕਾਲੀ ਬਾਗ ਵਿਖੇ ਜਗ੍ਹਾ ਦਾ ਮੌਕਾ ਦੇਖਿਆ ਤੇ ਇਥੇ ਜਲਦ ਕੰਮ ਆਰੰਭਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਆਉਂਦੀ ਸਮੱਸਿਆ ਨੂੰ ਦੂਰ ਕਰਨ ਲਈ ਇਥੇ ਅਕਾਲੀ ਬਾਗ ਵਾਲੀ ਜਗ੍ਹਾ 'ਤੇ ਸਰਾਂ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਰਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਵਿਚ ਵੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਮੌਜੂਦਾ ਸਮੇਂ ਸੰਗਤਾਂ ਦੀ ਆਮਦ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਰਿਹਾਇਸ਼ ਦੇ ਪ੍ਰਬੰਧਾਂ ਵਿਚ ਮੁਸ਼ਕਿਲ ਆਉਣੀ ਸੁਭਾਵਿਕ ਹੈ ਅਤੇ ਇਸੇ ਲੋੜ ਮੁਤਾਬਕ ਹੀ ਸ਼੍ਰੋਮਣੀ ਕਮੇਟੀ ਹੋਰ ਰਿਹਾਇਸ਼ ਬਣਾਉਣ ਲਈ ਯਤਨ ਕਰ ਰਹੀ ਹੈ। ਸਰਾਂ ਦੇ ਪਹਿਲੇ ਪੜਾਅ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਿਵਾਸ ਦੇ ਬਣਨ ਨਾਲ ਸੰਗਤਾਂ ਨੂੰ ਰਹਿਣ ਲਈ ਕਮਰਿਆਂ ਦੀ ਮੁਸ਼ਕਿਲ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ, ਸੁਖਜਿੰਦਰ ਸਿੰਘ ਐੱਸ. ਡੀ. ਓ. ਤੇ ਦਰਸ਼ਨ ਸਿੰਘ ਨਿੱਜੀ ਸਹਾਇਕ ਵੀ ਮੌਜੂਦ ਸਨ।
ਬਨਿਹਾਲ-ਬਾਰਾਮੂਲਾ ਦੀਆਂ ਟਰੇਨਾਂ 'ਚ ਟੂਰਿਸਟ ਕੋਚ ਲਾ ਕੇ ਦਿੱਤਾ ਜਾਵੇਗਾ ਕਸ਼ਮੀਰੀ ਲੋਕਾਂ ਨੂੰ ਤੋਹਫਾ
NEXT STORY