ਸੰਗਰੂਰ (ਸਿੰਗਲਾ)-ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਉਣ ’ਤੇ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਕਰਨ ਲਈ ਵਾਅਦੇ ਕਰਦੀ ਨਹੀਂ ਥੱਕਦੀ ਪਰ ਸੱਤਾ ’ਚ ਆਉਣ ਤੋਂ ਬਾਅਦ ਪਿੰਡਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਬਣੀਆਂ ਰਹਿੰਦੀਆਂ ਹਨ, ਜਿਸ ਕਾਰਨ ਕਈ ਪਿੰਡ ਵਿਕਾਸ ਵਿਹੁਣੇ ਦੇਖਣ ਨੂੰ ਮਿਲਦੇ ਹਨ। ਇਸ ਦੀ ਤਾਜ਼ਾ ਮਿਸਾਲ ‘ਕਸਬਾ ਸ਼ੇਰਪੁਰ’ ਦੇ ਵਿਕਾਸ ਤੋਂ ਸੱਖਣੇ ਹੋਣ ਤੋਂ ਮਿਲਦੀ ਹੈ, ਜਿਸ ’ਚ ਕੁਝ ਗਲੀਆਂ ਦੀ ਦੁਬਾਰਾ ਮੁਰੰਮਤ ਨਾ ਹੋਣ ਕਰਕੇ ਗਲੀਆਂ ਉੱਚੀਆਂ ਨੀਵੀਆਂ ਤੇ ਉੱਖਡ਼ੀਆਂ ਪਈਆਂ ਹਨ ਤੇ ਇਹ ਗਲੀਆਂ ਪੁਰਾਣੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਹਨ । ਇਸੇ ਤਰ੍ਹਾਂ ਕਸਬਾ ਸ਼ੇਰਪੁਰ ਦੇ ਸਭ ਤੋਂ ਪੁਰਾਣੇ ਅਤੇ ਸਾਂਝੇ ਰਾਮਬਾਗ ਵੱਲ ਨੂੰ ਜਾਂਦੀ ਸਡ਼ਕ ਦੀ ਹਾਲਤ ਬਹੁਤ ਖਰਾਬ ਹੈ। ਜ਼ਿਕਰਯੋਗ ਹੈ ਕਿ ਇਸ ਰਾਮਬਾਗ ’ਚ ਸ਼ਮਸ਼ਾਨਘਾਟ ਤੋਂ ਇਲਾਵਾ ਵੱਡ-ਵੱਡੇਰਿਆਂ ਦਾ ਮੇਲਾ ਵੀ ਲੱਗਦਾ ਹੈ, ਜਿਸ ’ਚ ਦੂਰ-ਦੁਰਾਡਿਓਂ ਕਸਬੇ ਦੇ ਲੋਕ ਵੀ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਹੈ। ਇਸ ਸਡ਼ਕ ਦੇ ਆਲੇ-ਦੁਆਲੇ ਜ਼ਿਆਦਾ ਵਸੋਂ ਦਲਿਤ ਭਾਈਚਾਰੇ ਦੀ ਹੈ। ਘਰਾਂ ਦੇ ਪਾਣੀ ਦਾ ਵੀ ਕੋਈ ਨਿਕਾਸ ਨਹੀਂ ਹੈ, ਇਸ ਗਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਪਾਣੀ ਖਡ਼੍ਹਾ ਰਹਿੰਦਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਇਸ ਗਲੀ ’ਚ ਰਹਿੰਦੇ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਪਿੰਡ ਦੀਆਂ ਹੋਰ ਗਲੀਆਂ-ਨਾਲੀਆਂ ਦੀ ਵੀ ਬਹੁਤ ਮਾਡ਼ੀ ਹਾਲਤ ਹੈ। ਅੱਜ ਪੰਚ ਵੀਨਾ ਰਾਣੀ ਅਤੇ ਸਥਾਨਕ ਵਾਸੀਆਂ ਵੱਲੋਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਂ ਲਿਖਿਆ ਮਤਾ ਦਿਖਾਉਂਦਿਆਂ ਕਿਹਾ ਕਿ ਜਲਦੀ ਹੀ ਇਹ ਮਤਾ ਮੰਤਰੀ ਨੂੰ ਸੌਂਪਿਆ ਜਾਵੇਗਾ। ਸਰਕਾਰ ਤੋਂ ਮੰਗ ਕੀਤੀ ਹੈ ਕਿ ਕਸਬੇ ਦੀਆਂ ਗਲੀਆਂ-ਨਾਲੀਆਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ ਅਤੇ ਰਾਮਬਾਗ ਨੂੰ ਜਾਂਦੀ ਖਸਤਾਹਾਲ ਸਡ਼ਕ ਨੂੰ ਉੱਚਾ ਚੁੱਕ ਕੇ 18 ਫੁੱਟੀ ਸਡ਼ਕ ਨਾਲ ਜੋਡ਼ਿਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਪੰਚ ਵੀਨਾ ਰਾਣੀ ਨਾਲ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
ਮੁਅੱਤਲੀਆਂ ਤੋਂ ਭਡ਼ਕੇ ਅਧਿਆਪਕਾਂ ਘੇਰਿਆ ਬੀ. ਪੀ. ਓ. ਦਫ਼ਤਰ
NEXT STORY