ਸੰਗਰੂਰ (ਯਾਸੀਨ)-ਸੂਬਾ ਸਰਕਾਰ ਖਾਸ ਤੌਰ ’ਤੇ ਸਿਹਤ ਵਿਭਾਗ ਭਾਵੇਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦਾ ਨਹੀਂ ਥਕਦਾ ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਸਥਾਨਕ ਸਿਵਲ ਹਸਪਤਾਲ ਜਿਥੇ ਕਹਿਣ ਨੂੰ ਤਾਂ ਹਾਜ਼ਰੀ ਰਜਿਸਟਰ ’ਚ ਭਾਵੇਂ ਕੁੱਲ 23 ਡਾਕਟਰਾਂ ਦੇ ਨਾਂ ਦਰਜ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਰਜਿਸਟਰ ਅਨੁਸਾਰ ਹਾਜ਼ਰ ਵੀ ਹਨ ਪਰ ਕੁਝ ਡਾਕਟਰ ਮੀਟਿੰਗ ’ਚ, ਕੁਝ ਆਪ੍ਰੇਸ਼ਨ ਥਿਏਟਰ, ਕੁਝ ਨਾਈਟ ਲਗਾਉਣ ਕਾਰਨ ਰੈਸਟ ’ਤੇ ਅਤੇ ਕੁਝ ਹੋਰ ਲੇਬਰ ਰੂਮ ’ਚ ਹੋਣ ਕਾਰਨ ਪੱਤਰਕਾਰਾਂ ਦੀ ਟੀਮ ਨੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਸਵੇਰ ਤੋਂ ਖੱਜਲ-ਖੁਆਰ ਹੁੰਦਿਆਂ ਦੇਖਿਆ। ਹੋਰ ਤਾਂ ਹੋਰ ਇਨ੍ਹਾਂ ਖਾਲੀ ਪਏ ਕਮਰਿਆਂ ਮੂਹਰੇ ਹਸਪਤਾਲ ਦੇ ਪ੍ਰਬੰਧਕਾਂ ਨੇ ਇਨ੍ਹਾਂ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਸਹੀ ਸਥਿਤੀ ਦੱਸਣ ਲਈ ਕੋਈ ਚਪਡ਼ਾਸੀ ਆਦਿ ਵੀ ਨਹੀਂ ਬਿਠਾਇਆ ਹੋਇਆ ਸੀ, ਜਦੋਂ ਇਸ ਸਬੰਧੀ ਹਸਪਤਾਲ ਦੇ ਦਫਤਰ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਕਮਰੇ ਦੇ ਬਾਹਰ ਕੋਈ ਸਲਿਪ ਆਦਿ ਹੀ ਲਗਾ ਦਿੱਤੀ ਜਾਵੇ ਕਿ ਅੱਜ ਉਕਤ ਡਾਕਟਰ ਮੀਟਿੰਗ ’ਚ ਹੈ ਜਾਂ ਉਸ ਦਾ ਆਪ੍ਰੇਸ਼ਨਾਂ ਦਾ ਦਿਨ ਹੈ ਤਾਂ ਜਲਦੀ ’ਚ ਇਕ ਡਾਕਟਰ ਦੇ ਕਮਰੇ ਅੱਗੇ ਲਾਈ ਗਈ ਸਲਿਪ ’ਚ ਅੱਜ ਦੀ ਮਿਤੀ 28/03/2019 ਦੀ ਬਜਾਏ 28/03/2018 ਹੀ ਲਿਖ ਦਿੱਤੀ ਗਈ। ਹਸਪਤਾਲ ਦੀ ਤ੍ਰਾਸਦੀ ਇਹ ਵੀ ਹੈ ਕਿ ਇੱਥੇ ਦਾ ਐੱਸ. ਐੱਮ. ਓ. ਕੁੱਝ ਅਰਸਾ ਪਹਿਲਾਂ ਅਸਤੀਫਾ ਦੇ ਗਿਆ ਸੀ ਅਤੇ ਉਦੋਂ ਤੋਂ ਹਸਪਤਾਲ ਦਾ ਵਾਧੂ ਚਾਰਜ ਧੂਰੀ ਦੇ ਐੱਸ. ਐੱਮ. ਓ. ਨੂੰ ਦਿੱਤਾ ਹੋਇਆ ਹੈ। ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਡਾਕਟਰਾਂ ਦੇ ਖਾਲੀ ਪਏ ਕਮਰਿਆਂ ਅੱਗੇ ਬੈਠੇ ਝਾਕ ਰਹੇ ਹਨ ਕਿ ਹੁਣ ਵੀ ਡਾਕਟਰ ਆਵੇਗਾ, ਹੁਣ ਵੀ ਆਵੇਗਾ ਪਰ ਦੁਪਹਿਰ ਦੇ 12 ਵਜੇ ਤੱਕ ਕੋਈ ਡਾਕਟਰ ਨਹੀਂ ਬਹੁਡ਼ਿਆ। ਦੱਸਣਾ ਬਣਦਾ ਹੈ ਕਿ ਆਮ ਤੌਰ ’ਤੇ ਪੇਟ, ਹੱਡੀਆਂ ਅਤੇ ਔਰਤਾਂ ਦੀਆਂ ਬੀਮਾਰੀਆਂ ਦੇ ਡਾਕਟਰਾਂ ਕੋਲ ਓ. ਪੀ. ਡੀ. ’ਚ ਭੀਡ਼ ਰਹਿੰਦੀ ਹੈ ਅਤੇ ਇਨ੍ਹਾਂ ਡਾਕਟਰਾਂ ’ਚੋਂ ਸਿਰਫ ਇਕ ਲੇਡੀ ਡਾਕਟਰ ਆਪਣੇ ਕਮਰੇ ’ਚ ਹਾਜ਼ਰ ਸੀ ਜਦੋਂ ਕਿ ਬਾਕੀ 4 ਡਾਕਟਰ ਹਾਜ਼ਰ ਹੋਣ ਦੇ ਬਾਵਜੂਦ ਗ਼ੈਰ-ਹਾਜ਼ਰ ਸਨ। ਅਜਿਹੇ ’ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਆਸ-ਪਾਸ ਦੇ ਪਿੰਡਾਂ ’ਚੋਂ ਆਪਣੇ ਕੰਮ-ਕਾਜ ਅੱਗੇ ਪਿੱਛੇ ਕਰ ਕੇ ਅਤੇ ਆਪਣੀ ਦਿਹਾਡ਼ੀ ਛੱਡ ਕੇ ਆਏ ਮਰੀਜ਼ ਜਾਂ ਉਨ੍ਹਾਂ ਦੇ ਵਾਰਸ ਕਿਸ ਨੂੰ ਦੋਸ਼ੀ ਕਹਿਣ। ਜਦੋਂ ਇਸ ਸਬੰਧੀ ਇੰਚਾਰਜ ਡਾਕਟਰ ਅਖਤਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਬੇਸ਼ੱਕ ਡਾਕਟਰਾਂ ਦੇ ਕਮਰੇ ਖਾਲੀ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਖਾਲੀ ਕਮਰਿਆਂ ਅੱਗੇ ਚਪਡ਼ਾਸੀ ਆਦਿ ਬਿਠਾਉਂਦੇ ਹਨ ਤਾਂ ਕਿ ਮਰੀਜ਼ਾਂ ਨੂੰ ਸਹੀ ਹਾਲਤ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਅਨੁਸਾਰ ਡਾ. ਜਸਵਿੰਦਰ, ਡਾ. ਬਿਲਾਲ ਅਤੇ ਡਾ. ਜਯੋਤੀ ਕਪੂਰ ਸੰਗਰੂਰ ਵਿਖੇ ਇਕ ਮੀਟਿੰਗ ’ਚ ਗਏ ਹੋਏ ਹਨ। ਇਕ ਡਾਕਟਰ ਨਾਈਟ ਲਗਾਉਣ ਕਾਰਨ ਰੈਸਟ ’ਤੇ ਹੈ। ਇਕ ਹੋਰ ਡਾਕਟਰ ਦੀ ਬਦਲੀ ਹੋ ਗਈ ਹੈ ਜਦੋਂ ਕਿ ਗਾਇਨੀ ਦੇ ਤਿੰਨ ਡਾਕਟਰਾਂ ’ਚੋਂ ਦੋ ਲੇਬਰ ਰੂਮ ’ਚ ਸਨ। ਡਾ. ਆਦਰਸ਼ ਗੋਇਲ ਆਪ੍ਰੇਸ਼ਨ ਥਿਏਟਰ ’ਚ ਹਨ। ਸੀ. ਐੱਮ. ਓ. ਸੰਗਰੂਰ ਅਰੁਣ ਕੁਮਾਰ ਗੋਇਲ ਨਾਲ ਹੋਈ ਫੋਨ ’ਤੇ ਗੱਲ ’ਚ ਉਨ੍ਹਾਂ ਕਿਹਾ ਕਿ ਉਹ ਸਹੀ ਪੁਜ਼ੀਸ਼ਨ ਪਤਾ ਕਰ ਕੇ ਜ਼ਰੂਰੀ ਕਦਮ ਉਠਾਉਣਗੇ।
ਦੁਕਾਨਦਾਰਾਂ ਲਈ ਲਾਇਸੈਂਸ ਲੈਣ ਸਬੰਧੀ ਟ੍ਰੇਨਿੰਗ ਕੈਂਪ
NEXT STORY