ਸੰਗਰੂਰ (ਕਾਂਸਲ)- ਪੁਰਾਣੇ ਬੱਸ ਅੱਡੇ ਨੇਡ਼ੇ ਨੈਸ਼ਨਲ ਹਾਈਵੇ ਉਪਰ ਸਥਿਤ ਇਕ ਕਨਫੈਕਸ਼ਨਰੀ ਦੀ ਦੁਕਾਨ ਵਿਚ 5 ਅਤੇ 6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਹੋਈ ਚੋਰੀ ਦੇ ਦੋਸ਼ ’ਚ ਪੁਲਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੋਰ ਉਕਤ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਨੂੰ ਵੀ ਚੋਰੀ ਕਰ ਕੇ ਲੈ ਗਏ ਸਨ। ਭਾਵੇਂ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਦੁਕਾਨ ਦੇ ਮਾਲਕ ਦੇਵੀ ਦਿਆਲ ਨਾਇਕ ਨੇ ਇਹ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਦੁਕਾਨ ਅੱਗੇ ਨੈਸ਼ਨਲ ਹਾਈਵੇ ਉੱਪਰ ਰਾਤ ਸਮੇਂ ਰੌਸ਼ਨੀ ਲਈ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਖਰਾਬ ਪਈਆਂ ਹਨ, ਜਿਸ ਸਬੰਧੀ ਉਨ੍ਹਾਂ ਵੱਲੋਂ ਇਨ੍ਹਾਂ ਲਾਈਟਾਂ ਨੂੰ ਠੀਕ ਕਰਨ ਲਈ ਕਈ ਵਾਰ ਨੈਸ਼ਨਲ ਹਾਈਵੇ ਦੇ ਸਬੰਧਤ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਪਰ ਇਹ ਲਾਈਟਾਂ ਠੀਕ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਚੋਰਾਂ ਨੇ ਇਥੇ ਹਨੇਰੇ ਦਾ ਫਾਇਦਾ ਉਠਾ ਕੇ ਹੀ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਵਿਚ ਉਨ੍ਹਾਂ ਦਾ ਇਕ ਲੱਖ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਨੇੜੇ ਸਥਿਤ ਇਕ ਹੋਰ ਦੁਕਾਨ ਦੇ ਬਾਹਰ ਲੱਗੇ ਇਕ ਸੀ.ਸੀ.ਟੀ.ਵੀ ਕੈਮਰੇ ਵਿਚ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਦੇ ਇਥੇ ਘੁੰਮਣ ਦੀਆਂ ਤਸਵੀਰਾਂ ਰਿਕਾਰਡ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਤ ਸਮੇਂ ਉਨ੍ਹਾਂ ਦੀ ਦੁਕਾਨ ਅੱਗੇ ਲੱਗੀਆਂ ਸਟਰੀਟ ਲਾਈਟਾਂ ਚਲਦੀਆਂ ਹੁੰਦੀਆਂ ਤਾਂ ਇਨ੍ਹਾਂ ਵਿਅਕਤੀਆਂ ਦੀ ਆਸਾਨੀ ਨਾਲ ਪਛਾਣ ਹੋ ਸਕਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਮਾਤਰ ਗਜ਼ਾਂ ਕੁ ਦੀ ਦੂਰੀ ਉਪਰ ਐੱਸ.ਬੀ.ਆਈ. ਦਾ ਏ. ਟੀ. ਐੱਮ ਵੀ ਲੱਗਿਆ ਹੋਇਆ ਹੈ ਅਤੇ ਸਡ਼ਕ ਦੀ ਦੂਜੀ ਸਾਈਡ ਇਕ ਹੋਰ ਨਿੱਜੀ ਬੈਂਕ ਦਾ ਏ.ਟੀ.ਐੱਮ ਵੀ ਮੌਜੂਦ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਜਗ੍ਹਾ ਵਿਚ ਖਰਾਬ ਹੋਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾਏ ਅਤੇ ਪੁਲਸ ਨੂੰ ਵੀ ਚਾਹੀਦਾ ਹੈ, ਉਹ ਰਾਤ ਸਮੇਂ ਆਪਣੀ ਗਸ਼ਤ ਤੇਜ਼ ਕਰਨ ਦੇ ਨਾਲ-ਨਾਲ ਇਸ ਜਗ੍ਹਾ ਵਿਚ ਆਪਣੀ ਚੌਕਸੀ ਨੂੰ ਹੋਰ ਵਧਾਉਣ ਅਤੇ ਸ਼ਹਿਰ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਲਗਵਾਈ ਜਾਣ ਵਾਲੀ ਤੀਸਰੀ ਅੱਖ ਭਾਵ ਸਡ਼ਕ ਉੱਪਰ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਜਨਤਕ ਥਾਵਾਂ ਉਪਰ ਨਿਗਰਾਨੀ ਲਈ ਲੱਗਣ ਵਾਲੇ ਕੈਮਰੇ ਵੀ ਜਲਦ ਲਗਵਾਏ ਜਾਣ। ਇਥੇ ਇਹ ਜ਼ਿਕਰਯੋਗ ਹੈ ਕਿ ਸ਼ਹਿਰ ਵਿਚੋਂ ਲੰਘਦੀ ਨੈਸ਼ਨਲ ਹਾਈਵੇ ਉੱਪਰ ਬਹੁਤ ਜ਼ਿਆਦਾ ਸਟਰੀਟ ਲਾਈਟਾਂ ਰਾਤ ਸਮੇਂ ਬੰਦ ਹੁੰਦੀਆਂ ਹਨ, ਜਿਸ ਕਾਰਨ ਜਿਥੇ ਇਥੇ ਹੋਣ ਵਾਲੇ ਹਨੇਰੇ ਦਾ ਚੋਰ ਫਾਇਦਾ ਉਠਾਉਂਦੇ ਹਨ। ਉਥੇ ਹਨੇਰੇ ਵਿਚ ਸਡ਼ਕ ਉਪਰ ਘੁੰਮਣ ਵਾਲੀਆਂ ਗਊਆਂ ਨਜ਼ਰ ਨਾ ਆਉਣ ਕਾਰਨ ਹਾਦਸੇ ਵੀ ਵਾਪਰਦੇ ਹਨ।
ਜਲਿਆਂਵਾਲਾ ਬਾਗ ਸ਼ਤਾਬਦੀ ਸਬੰਧੀ ਨਾਟਕ ਮੇਲਾ
NEXT STORY