ਜਲੰਧਰ (ਬੁਲੰਦ)— ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਬੀਤੇ ਮਹੀਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ ਨਹਿਰਾਂ, ਨਾਲਿਆਂ ਦੀ ਸਫਾਈ 'ਤੇ ਧਿਆਨ ਨਾ ਦੇਣ ਕਾਰਨ 50 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸੰਤ ਸੀਚੇਵਾਲ ਨੇ ਕਈ ਵਾਰ ਕਾਲਾ ਸੰਘਿਆਂ ਡ੍ਰੇਨ ਦੀ ਚੈਕਿੰਗ ਕੀਤੀ ਅਤੇ ਹਮੇਸ਼ਾ ਕੋਈ ਨਾ ਕੋਈ ਖਾਮੀ ਪਾਈ ਹੈ। ਇਸ ਦੀ ਰਿਪੋਰਟ ਉਹ ਹੁਣ ਦੋਬਾਰਾ ਐੱਨ. ਜੀ. ਟੀ. ਨੂੰ ਭੇਜਣ ਦੀ ਤਿਆਰੀ 'ਚ ਹਨ।
ਮਾਮਲੇ ਬਾਰੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਐੱਨ. ਜੀ. ਟੀ. ਨੇ ਪੰਜਾਬ ਨੂੰ ਤੱਥਾਂ ਦੇ ਆਧਾਰ 'ਤੇ ਹੀ ਜੁਰਮਾਨਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਆਮ ਲੋਕਾਂ ਦੇ ਜਿਊਣ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਗੰਦੇ ਵਾਤਾਵਰਣ 'ਚ ਮਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਗੰਦੇ ਪਾਣੀ ਕਾਰਨ ਕਾਲਾ ਸੰਘਿਆਂ ਡ੍ਰੇਨ, ਚਿੱਟੀ ਵੇਈਂ, ਬੁੱਢਾ ਦਰਿਆ, ਸਤਲੁਜ ਅਤੇ ਬਿਆਸ ਦਾ ਸੱਤਿਆਨਾਸ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪੰਜਾਬ ਦੇ ਵਾਤਾਵਰਣ ਨਾਲ ਖਿਲਵਾੜ ਕਰੇ। ਬੀਤੇ ਦਿਨੀਂ ਕਾਲਾ ਸੰਘਿਆਂ ਡ੍ਰੇਨ ਵਿਚ ਚੈਕਿੰਗ ਦੌਰਾਨ ਪਤਾ ਲੱਗਾ ਕਿ ਸੀਵਰੇਜ ਦਾ ਪਾਣੀ ਟ੍ਰੀਟ ਕਰ ਕੇ ਡ੍ਰੇਨ 'ਚ ਪਾਇਆ ਜਾਣਾ ਚਾਹੀਦਾ ਸੀ ਪਰ 50 ਐੱਮ. ਐੱਲ. ਡੀ. ਪਲਾਂਟਾਂ ਦੇ ਬਾਵਜੂਦ ਸਲੱਜ ਨੂੰ ਵੱਖ ਕਰਨ ਦੀ ਬਜਾਏ ਇਕ ਸਾਜ਼ਿਸ਼ ਤਹਿਤ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ। ਸਲੱਜ ਦੀ ਵਰਤੋਂ ਖੇਤੀਬਾੜੀ 'ਚ ਲਾਭਦਾਇਕ ਹੋ ਸਕਦੀ ਹੈ ਪਰ ਟ੍ਰੀਟਮੈਂਟ ਪਲਾਂਟ ਚਲਾਉਣ ਵਾਲਿਆਂ ਵੱਲੋਂ ਆਪਣੀ ਮਿਹਨਤ ਨੂੰ ਬਚਾਉਂਦਿਆਂ ਗੰਦਾ ਪਾਣੀ ਜ਼ਮੀਨ ਦੇ ਹੇਠਾਂ ਪਾਈਪ ਪਾ ਕੇ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਾਰੀ ਰਿਪੋਰਟ ਉਹ ਐੱਨ. ਜੀ. ਟੀ. ਨੂੰ ਭੇਜਣਗੇ।
ਸੰਤ ਸੀਚੇਵਾਲ ਨੇ ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਬਾਰੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਚਾਇਤੀ ਚੋਣ ਸਾਡੇ ਦੇਸ਼ ਦੀ ਰਾਜਨੀਤੀ ਦਾ ਪਹਿਲਾ ਪੜਾਅ ਹੈ ਪਰ ਜੇਕਰ ਪੰਜਾਬ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ ਤਾਂ ਪੰਜਾਬ ਦੇ ਪਿੰਡਾਂ ਦਾ ਵਿਕਾਸ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਚਾਇਤੀ ਚੋਣਾਂ 'ਚ ਪੈਸਾ, ਸ਼ਰਾਬ ਅਤੇ ਨਸ਼ਾ ਵੰਡਿਆ ਜਾਵੇਗਾ ਅਤੇ ਪਿੰਡਾਂ ਦੇ ਲੋਕ ਆਪਸ 'ਚ ਇਕ-ਦੂਜੇ ਨਾਲ ਦੁਸ਼ਮਣੀ ਕਰਨਗੇ ਤਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਨਹੀਂ ਹਨ। ਇਸ ਲਈ ਪੰਚਾਇਤੀ ਚੋਣਾਂ ਲਈ ਸਾਰਿਆਂ ਨੂੰ ਇਕਜੁਟ ਹੋ ਕੇ ਪੰਚਾਇਤ ਚੁਣਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਹਨ, ਇਸ ਲਈ ਇਨ੍ਹਾਂ ਦਿਨਾਂ 'ਚ ਕਿਸੇ ਵੀ ਹਾਲ 'ਚ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾ ਹੀ ਚੋਣਾਂ ਦੇ ਨਾਂ 'ਤੇ ਮਾਹੌਲ ਵਿਗਾੜਿਆ ਜਾਵੇ।
ਵਿਆਹ ਦੇ ਮੰਡਪ ਤੋਂ ਭੱਜੇ ਲਾੜੇ 'ਤੇ ਐੱਫ. ਆਈ. ਆਰ. ਦਰਜ
NEXT STORY