ਚੰਡੀਗੜ੍ਹ (ਸੁਸ਼ੀਲ) - ਹੁਸ਼ਿਆਪੁਰ 'ਚ ਦਰਜ ਕਤਲ ਦੇ ਮਾਮਲੇ ਵਿਚ ਖੁਰਦਾ ਪਿੰਡ ਦਾ ਸਰਪੰਚ ਸਤਨਾਮ ਸਿੰਘ 11 ਅਪ੍ਰੈਲ ਨੂੰ ਗਵਾਹੀ ਨਾ ਦੇ ਸਕੇ, ਇਸ ਲਈ ਹੀ ਸਰਪੰਚ ਦਾ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼, ਬੌਬੀ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਤੋਂ ਕਤਲ ਕਰਵਾਇਆ ਗਿਆ ਸੀ। ਕਤਲ ਵਿਚ ਫਸੇ ਲੋਕ ਸਤਨਾਮ ਸਿੰਘ ਨੂੰ ਗਵਾਹੀ ਨਾ ਦੇਣ ਦੀਆਂ ਧਮਕੀਆਂ ਦੇ ਰਹੇ ਸਨ ਪਰ ਸਤਨਾਮ ਸਿੰਘ ਕੇਸ 'ਚ ਚਸ਼ਮਦੀਦ ਗਵਾਹ ਹੋਣ ਕਾਰਨ ਆਪਣੀ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟ ਰਿਹਾ ਸੀ। ਜੇਕਰ 11 ਅਪ੍ਰੈਲ ਨੂੰ ਸਤਨਾਮ ਸਿੰਘ ਅਦਾਲਤ 'ਚ ਗਵਾਹੀ ਦੇ ਦਿੰਦਾ ਤਾਂ ਕੇਸ 'ਚ ਸਾਰੇ ਦੋਸ਼ੀਆਂ ਨੂੰ ਸਜ਼ਾ ਹੋ ਸਕਦੀ ਸੀ ਪਰ ਇਸ ਤੋਂ ਪਹਿਲਾਂ ਹੀ ਕੇਸ ਨਾਲ ਜੁੜੇ ਲੋਕਾਂ ਨੇ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਲੱਖਾਂ ਰੁਪਏ ਦੇ ਕੇ ਸਤਨਾਮ ਸਿੰਘ ਦਾ ਕਤਲ ਕਰਵਾ ਦਿੱਤਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਖੁਲਾਸਾ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੌਬੀ ਨੇ ਕੀਤਾ ਹੈ। ਸਰਪੰਚ ਸਤਨਾਮ ਸਿੰਘ ਦੇ ਕਤਲ ਮਾਮਲੇ ਵਿਚ ਚੰਡੀਗੜ੍ਹ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੌਬੀ ਤੇ ਕੇਸ ਵਿਚ ਜ਼ਮਾਨਤ ਪਾ ਚੁੱਕੇ ਤੀਰਥ ਤੇ ਅਰਸ਼ਦੀਪ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਪੁਲਸ ਟੀਮ ਛੇਤੀ ਹੀ ਤੀਰਥ ਤੇ ਅਰਸ਼ਦੀਪ ਨੂੰ ਪੁੱਛਗਿੱਛ ਲਈ ਸੱਦ ਸਕਦੀ ਹੈ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਹੁਸ਼ਿਆਰਪੁਰ ਸਥਿਤ ਖੁਰਦਾ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਕਤਲ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਗਵਾਹੀ ਤੋਂ ਦੋ ਦਿਨ ਪਹਿਲਾਂ ਕੀਤਾ ਸੀ।
ਸਤਨਾਮ ਸਿੰਘ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਦੋਸ਼ੀ ਬੌਬੀ ਸਮੇਤ ਹੋਰ ਲੋਕਾਂ ਖਿਲਾਫ ਕਤਲ ਮਾਮਲੇ ਵਿਚ ਗਵਾਹੀ ਦੇਣੀ ਸੀ। ਸੂਤਰਾਂ ਅਨੁਸਾਰ ਸਤਨਾਮ ਸਿੰਘ ਜਿਸ ਕਤਲ ਦੇ ਕੇਸ ਵਿਚ ਚਸ਼ਮਦੀਦ ਸੀ, ਉਸ ਕੇਸ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਲੋਕ ਆਰ. ਜੇ. ਪੀ. ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਤਲ 'ਚ ਸ਼ਾਮਲ ਕਿਸੇ ਨਾ ਕਿਸੇ ਦੋਸ਼ੀ ਨੇ ਸਤਨਾਮ ਦੇ ਕਤਲ ਲਈ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਲੱਖਾਂ ਰੁਪਏ ਦੀ ਸੁਪਾਰੀ ਦਿੱਤੀ ਹੋਵੇਗੀ। ਚੰਡੀਗੜ੍ਹ ਪੁਲਸ ਛੇਤੀ ਹੀ ਕਤਲ ਵਿਚ ਦੋਸ਼ੀ ਸਾਰੇ ਲੋਕਾਂ ਨੂੰ ਸੱਦ ਕੇ ਪੁੱਛਗਿੱਛ ਕਰੇਗੀ।
ਉਥੇ ਹੀ ਬੌਬੀ ਨੇ ਦੱਸਿਆ ਕਿ 9 ਅਪ੍ਰੈਲ ਨੂੰ ਉਕਤ ਦੋਸ਼ੀ ਉਸ ਕੋਲ ਆਈ-20 ਕਾਰ ਵਿਚ ਆਏ ਸਨ। ਉਨ੍ਹਾਂ ਨੇ ਸੈਕਟਰ-38 ਵੈਸਟ ਗੁਰਦੁਆਰੇ ਵਿਚ ਲੱਗੇ ਮੇਲੇ ਵਿਚ ਜਾਣ ਲਈ ਕਿਹਾ ਸੀ। ਉਹ ਉਨ੍ਹਾਂ ਨੂੰ ਲੈ ਕੇ ਗੁਰਦੁਆਰੇ ਵਿਚ ਆ ਰਹੇ ਸਨ। ਇਸ ਦੌਰਾਨ ਤਿੰਨਾਂ ਨੇ ਸਤਨਾਮ ਦੀ ਪਛਾਣ ਕਰਨ ਲਈ ਉਸਨੂੰ ਕਿਹਾ, ਜਦੋਂ ਉਹ ਗੁਰਦੁਆਰੇ ਦੇ ਬਾਹਰ ਆਏ ਤਾਂ ਉਸਨੇ ਸਤਨਾਮ ਸਿੰਘ ਬਾਰੇ ਗੈਂਗਸਟਰਾਂ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਗੈਂਗਸਟਰ ਗੋਲੀ ਮਾਰ ਕੇ ਉਸਦਾ ਕਤਲ ਕਰਕੇ ਬਰਵਾਲਾ ਚਲੇ ਗਏ ਸਨ, ਉਥੇ ਗੈਂਗਸਟਰਾਂ ਨੇ ਉਸਨੂੰ ਉਤਾਰ ਦਿੱਤਾ ਤੇ ਆਪ ਪੰਜਾਬ ਵਿਚ ਚਲੇ ਗਏ ਸਨ।
ਪੁਲਸ ਨੇ ਅਰਸ਼ਦੀਪ, ਤੀਰਥ ਤੇ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼, ਬੌਬੀ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਪੁਲਸ ਨੇ ਮਾਮਲੇ 'ਚ ਅਰਸ਼ਦੀਪ ਤੇ ਤੀਰਥ ਨੂੰ ਕਾਬੂ ਕੀਤਾ ਸੀ ਪਰ ਬਾਅਦ 'ਚ ਮਲੋਆ ਥਾਣਾ ਪੁਲਸ ਨੇ ਦੋਵਾਂ ਨੂੰ ਕੇਸ ਤੋਂ ਡਿਸਚਾਰਜ ਕਰਨ ਦੀ ਅਰਜ਼ੀ ਅਦਾਲਤ 'ਚ ਦਾਖਲ ਕੀਤੀ ਸੀ। ਉਥੇ ਹੀ ਪੁਲਸ ਪੰਜਾਬ ਦੇ ਗੈਂਗਸਟਰਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਰਹੀ ਸੀ। ਪੁਲਸ ਮਾਮਲੇ ਵਿਚ ਹੁਸ਼ਿਆਰਪੁਰ ਤੋਂ ਬੌਬੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ।
ਸਤਨਾਮ ਸਿੰਘ ਦੇ ਵਾਰਸਾਂ ਨੇ ਚੰਡੀਗੜ੍ਹ ਪੁਲਸ ਵਲੋਂ ਠੀਕ ਜਾਂਚ ਨਾ ਕਰਨ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਕਿਸੇ ਦੂਜੀ ਏਜੰਸੀ ਨੂੰ ਟਰਾਂਸਫਰ ਕਰਵਾਉਣ ਦੀ ਮੰਗ ਵੀ ਕੀਤੀ ਹੋਈ ਹੈ।
ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਚੋਹਲਾ ਸਾਹਿਬ ਵਾਸੀ ਪ੍ਰੇਸ਼ਾਨ
NEXT STORY