ਖਟਕਡ਼ ਕਲਾਂ/ਨਵਾਂਸ਼ਹਿਰ/ਚੰਡੀਗੜ੍ਹ (ਭਟੋਆ, ਮੂੰਗਾ, ਪੂਜਾ, ਤ੍ਰਿਪਾਠੀ, ਮਨੋਰੰਜਨ, ਕਮਲ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ੁੱਕਰਵਾਰ ਨੂੰ ਇੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਦੇ ਜਨਮ ਦਿਹਾਡ਼ੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਸ. ਭਗਤ ਸਿੰਘ ਵੱਲੋਂ ਭਰ ਜੁਆਨੀ ਦੇਸ਼ ਲਈ ਦਿੱਤੀ ਕੁਰਬਾਨੀ ਲਾਮਿਸਾਲ ਹੈ। ਉਨ੍ਹਾਂ ਅਤੇ ਹੋਰਨਾਂ ਆਜ਼ਾਦੀ ਪ੍ਰਵਾਨਿਆਂ ਵੱਲੋਂ ਆਪਣੀਆਂ ਕੀਮਤੀ ਜਾਨਾਂ ਦੇ ਕੇ ਲੈ ਕੇ ਦਿੱਤੀ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਅਮਲੀ ਰੂਪ ਦੇਣਾ ਸਾਡਾ ਫ਼ਰਜ਼ ਬਣਦਾ ਹੈ। ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾਡ਼ੇ ਨੂੰ ਰਾਜ ਪੱਧਰੀ ਦਿਵਸ ਵਜੋਂ ਮਨਾਏ ਜਾਣ ਦੇ ਸਬੰਧ ’ਚ ਪੁੱਜੇ ਸਨ। ਉਨ੍ਹਾਂ ਸ. ਭਗਤ ਸਿੰਘ ਦੇ ਬੁੱਤ ਅੱਗੇ ਫੁੱਲਮਾਲਾਵਾਂ ਭੇਟ ਕਰਨ ਤੋਂ ਪਹਿਲਾਂ ਸ਼ਹੀਦ ਦੇ ਪਿਤਾ ਸ. ਕਿਸ਼ਨ ਸਿੰਘ ਦੀ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਟਕਡ਼ ਕਲਾਂ ਆ ਕੇ ਹਰ ਵਿਅਕਤੀ ਦਾ ਇਸ ਲਈ ਸਿਰ ਝੁਕ ਜਾਂਦਾ ਹੈ ਕਿ ਉਸ ਮਹਾਨ ਆਜ਼ਾਦੀ ਦੇ ਪ੍ਰਵਾਨੇ ਨੂੰ ਜਨਮ ਦੇਣ ਵਾਲੀ ਪੰਜਾਬ ਮਾਤਾ ਵਿਦਿਆਵਤੀ ਤੇ ਪਿਤਾ ਕਿਸ਼ਨ ਸਿੰਘ ਦੀ ਇਸ ਧਰਤੀ ਨੂੰ ਪਵਿੱਤਰ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ’ਚ ਪੰਜਾਬੀਆਂ ਦਾ ਯੋਗਦਾਨ ਦੇਸ਼ ’ਚ ਸਭ ਤੋਂ ਵਧੇਰੇ ਹੈ ਅਤੇ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸੰਭਾਲਣ ਅਤੇ ਅਗਲੀ ਪੀਡ਼੍ਹੀ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਅਹਿਸਾਸ ਕਰਵਾਉਣ ਦਾ ਯਤਨ ਬਡ਼ੀ ਬਾਖੂਬੀ ਨਾਲ ਕਰ ਰਹੇ ਹਾਂ।
ਉਨ੍ਹਾਂ ਨੇ ਇਕ ਸੁਆਲ ਦੇ ਜੁਆਬ ’ਚ ਆਖਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਐੱਸ.ਸੀ. ਸਕਾਲਰਸ਼ਿੱਪਾਂ ਦੀ ਵੰਡ ’ਚ ਗਡ਼ਬਡ਼ੀ ਦੀ ਕਰਵਾਈ ਜਾਂਚ ਦੌਰਾਨ 400 ਕਰੋਡ਼ ਰੁਪਏ ਦੀ ਗਲਤ ਵੰਡ ਸਾਹਮਣੇ ਆਈ ਹੈ, ਜਿਸ ਦੀ ਸਬੰਧਤ ਵਿਦਿਅਕ ਸੰਸਥਾਵਾਂ ਪਾਸੋਂ ਪਾਈ-ਪਾਈ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਵਿਦਿਅਕ ਸੈਸ਼ਨ ਲਈ 400 ਕਰੋਡ਼ ਰੁਪਏ ਦੀ ਸਕਾਲਰਸ਼ਿੱਪ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ 800 ਕਰੋਡ਼ ਰੁਪਏ ਦੀ ਅਗਲੀ ਕਿਸ਼ਤ ਤਿਆਰ ਹੈ। ਪੰਜਾਬ ਸਰਕਾਰ ਦਾ ਉਦੇਸ਼ ਸਕਾਲਰਸ਼ਿੱਪ ਸਹੀ ਹੱਥਾਂ ਤੱਕ ਪੁੱਜਣਾ ਯਕੀਨੀ ਬਣਾਉਣਾ ਹੈ।
ਸ. ਧਰਮਸੌਤ ਨੇ ਇਸ ਮੌਕੇ ਸਿੱਖ ਨੈਸ਼ਨਲ ਕਾਲਜ ਵੱਲੋਂ ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾਡ਼ੇ ਮੌਕੇ ਤਿਆਰ ਕੀਤੇ ਭੰਗਡ਼ੇ ਦਾ ਆਨੰਦ ਵੀ ਲਿਆ ਅਤੇ ਦੇਸ਼ ਭਗਤੀ ਨਾਲ ਸਬੰਧਤ ਬੋਲੀਆਂ ਸੁਣੀਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੋਸ਼ ਤੋਂ ਸਪੱਸ਼ਟ ਹੈ ਕਿ ਸ਼ਹੀਦ ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ’ਚ ਸਥਾਨ ਅੱਜ ਵੀ ਸਭ ਤੋਂ ਉੱਚਾ ਤੇ ਨਾਇਕ ਵਾਲਾ ਹੈ। ਇਸ ਦੌਰਾਨ ਸ਼ਾਮਲ ਹੋਏ ਸ਼ਹੀਦ ਭਗਤ ਸਿੰਘ ਦੇ ਸਵ. ਭੈਣ ਜੀ ਬੀਬੀ ਅਮਰ ਕੌਰ ਦੇ ਦੋਹਤੇ ਹਰਜੀਵਨ ਪਾਲ ਸਿੰਘ ਗਿੱਲ ਨੂੰ ਦੋਸ਼ਾਲੇ ਨਾਲ ਸਨਮਾਨਤ ਵੀ ਕੀਤਾ। ਜ਼ਿਲਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੌਤ ਨੂੰ ਦੋਸ਼ਾਲੇ ਤੇ ਯਾਦ ਚਿੰਨ੍ਹ ਨਾਲ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਵਿਨੇ ਬਬਲਾਨੀ, ਐੱਸ.ਐੱਸ.ਪੀ. ਦੀਪਕ ਹਿਲੌਰੀ, ਸਾਬਕਾ ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਜ਼ਿਲਾ ਪ੍ਰਧਾਨ ਕਾਂਗਰਸ ਸਤਬੀਰ ਸਿੰਘ ਪੱਲੀ ਝਿੱਕੀ ਤੋਂ ਇਲਾਵਾ ਜ਼ਿਲੇ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਏ.ਡੀ.ਸੀ. (ਜ) ਅੰਮ੍ਰਿਤਾ ਸਿੰਘ, ਐੱਸ.ਪੀ. (ਡੀ) ਬਲਰਾਜ ਸਿੰਘ, ਐੱਸ.ਡੀ.ਐੱਮ. ਬੰਗਾ ਅਨਮਜੋਤ ਕੌਰ, ਐੱਸ.ਡੀ.ਐੱਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਡੀ.ਐੱਸ.ਪੀ. ਬੰਗਾ ਦੀਪਿਕਾ ਸਿੰਘ ਆਦਿ ਮੌਜੂਦ ਸਨ।
ਪੰਜਾਬ ਤੇ ਹਿਮਾਚਲ ਨੇ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰਾਜੈਕਟ ਸਬੰਧੀ ਸਮਝੌਤੇ ’ਤੇ ਕੀਤੇ ਹਸਤਾਖਰ
NEXT STORY