ਜਲੰਧਰ— 'ਪੰਜਾਬ ਕੇਸਰੀ' ਗਰੁੱਪ ਵੱਲੋਂ ਸੰਚਾਲਿਤ ਸ਼ਹੀਦ ਪਰਿਵਾਰ ਫੰਡ ਦਾ 114ਵਾਂ ਸਮਾਰੋਹ ਐਤਵਾਰ ਹਿੰਦ ਸਮਾਚਾਰ ਗਰਾਊਂਡ ਜਲੰਧਰ 'ਚ ਆਯੋਜਿਤ ਕੀਤਾ ਗਿਆ। ਇਸ ਸਮਾਰੋਹ 'ਚ ਅੱਤਵਾਦ ਨਾਲ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਇਸ ਮੌਕੇ 'ਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ,ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਜੈਰਾਮ ਠਾਕੁਰ, ਪੰਜਾਬ ਦੇ ਡੀ. ਪੀ. ਪੀ. ਸੁਰੇਸ਼ ਅਰੋੜਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਬ੍ਰਹਿਮ ਮਹਿੰਦਰਾ, ਕਾਂਗਰਸ ਦੇ ਗੁਰਦਾਸਪੁਰ ਤੋਂ ਸੰਸਦ ਸੁਨੀਲ ਜਾਖੜ ਸਮੇਤ ਵੱਖ-ਵੱਖ ਸਿਆਸੀ ਦਲਾਂ ਦੇ ਸੀਨੀਅਰ ਨੇਤਾ ਅਤੇ ਸਮਾਜਿਕ ਵਰਕਰਾਂ ਨੇ ਹਿੱਸਾ ਲਿਆ।
ਇਸ ਸਮਾਰੋਹ 'ਚ ਅੱਤਵਾਦ ਤੋਂ ਪੀੜਤ 100 ਪਰਿਵਾਰਾਂ ਨੂੰ 30 ਲੱਖ ਰੁਪਏ ਦੀ ਵਿੱਤੀ ਮਦਦ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਵੰਡੀਆਂ ਗਈਆਂ। ਹਰ ਪੀੜਤ ਪਰਿਵਾਰ ਨੂੰ ਕੁਲ 30831 ਰੁਪਏ ਦੀ ਐੱਫ. ਡੀ. ਆਰ. ਦਿੱਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਐੱਫ. ਡੀ. ਆਰ. ਦੀ ਵਿਆਜ ਦੀ ਰਕਮ 12965 ਰੁਪਏ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਤਰ੍ਹਾਂ ਪ੍ਰਤੀ ਪਰਿਵਾਰ ਨੂੰ 43796 ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਪ੍ਰਤੀ ਪਰਿਵਾਰ ਨੂੰ ਇਕ ਪੱਖਾ, ਚਾਰ ਕੰਬਲ, ਇਕ ਬਰਤਨਾਂ ਦਾ ਸੈੱਟ, ਇਕ ਲੇਡੀ ਸੂਟ, ਤਿੰਨ ਕਿਲੋ ਆਟਾ, 5 ਕਿਲੋ ਚੌਲ, 2 ਕੱਪੜਿਆਂ ਦੇ ਪੀਸ, ਇਕ ਤੌਲੀਆ ਅਤੇ ਇਕ ਸਵੈਟਰ ਵੀ ਦਿੱਤਾ ਗਿਆ।

ਇਨ੍ਹਾਂ ਨੇ ਦਿੱਤੀ ਬੇਟਿਆਂ ਦੀ ਸ਼ਹਾਦਤ

ਬਿਲਾਸਪੁਰ ਦੀ ਰਹਿਣ ਵਾਲੀ ਸੰਦੇਸ਼ ਕੁਮਾਰੀ ਦਾ ਪੁੱਤਰ 2013 'ਚ ਛੱਤੀਸਗੜ੍ਹ 'ਚ ਨਕਸਲਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਇਆ ਸੀ। ਪਰਿਵਾਰ ਦਾ ਸਹਾਰਾ ਚਲੇ ਜਾਣ ਦੇ ਬਾਅਦ ਸੰਦੇਸ਼ ਕੁਮਾਰੀ ਪਤੀ ਬਜ਼ੁਰਗ ਹੋਣ ਦੇ ਬਾਵਜੂਦ ਘਰ ਦਾ ਗੁਜ਼ਾਰ-ਬਸਰ ਕਰਨ ਲਈ ਕੰਮ ਕਰਦੀ ਹੈ। ਹਾਲਾਂਕਿ ਇਸ ਕੰਮ ਨਾਲ ਪੂਰਾ ਗੁਜ਼ਾਰਾ ਨਹੀਂ ਹੁੰਦਾ ਪਰ ਪੁੱਤਰ ਦੀ ਪੈਨਸ਼ਨ ਹੀ ਉਸ ਲਈ ਰਾਹਤ ਦਾ ਕੰਮ ਕਰਦੀ ਹੈ।
ਸੰਦੇਸ਼ ਕੁਮਾਰੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਇਹ ਮਦਦ ਪਹਿਲੀ ਵਾਰ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਾਨੂੰ ਸ਼ਹੀਦ ਪਰਿਵਾਰ ਫੰਡ ਵਲੋਂ 10 ਹਜ਼ਾਰ ਰੁਪਏ ਦੀ ਮਦਦ ਮਿਲੀ ਸੀ। ਇਹ ਰਕਮ ਸਾਡੇ ਲਈ ਡੁੱਬਦੇ ਨੂੰ ਤਿਣਕੇ ਦੇ ਸਹਾਰਾ ਵਰਗੀ ਹੈ ਪਰ ਜੇਕਰ ਸਰਕਾਰ ਤੋਂ ਕੋਈ ਸਹਾਰਾ ਨਾ ਮਿਲੇ ਤਾਂ ਇਹ 'ਸਨਮਾਨ' ਵੀ ਵੱਡਾ ਲੱਗਦਾ ਹੈ।

ਗੁਰਦਾਸਪੁਰ ਦੀ ਰਹਿਣ ਵਾਲੀ ਸਿਮਰੋ ਦੇਵੀ ਨੇ ਦੇਸ਼ ਖਾਤਰ 23 ਸਾਲ ਦਾ ਨੌਜਵਾਨ ਪੁੱਤਰ ਵਾਰਿਆ ਹੈ। ਉਸ ਦਾ ਪੁੱਤਰ 3 ਅਕਤੂਬਰ 1991 'ਚ ਅੱਤਵਾਦੀਆਂ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ। ਪਰਿਵਾਰ 'ਚ 3 ਪੁੱਤਰ ਤਾਂ ਹਨ ਪਰ ਸਿਮਰੋ ਦੇਵੀ ਦਾ ਗੁਜ਼ਾਰਾ ਸ਼ਹੀਦ ਪੁੱਤਰ ਦੀ ਪੈਨਸ਼ਨ ਨਾਲ ਹੀ ਚੱਲਦਾ ਹੈ। ਬੁਢਾਪੇ ਅਤੇ ਬੀਮਾਰੀ ਦੀ ਹਾਲਤ 'ਚ ਪੈਨਸ਼ਨ ਵੀ ਘੱਟ ਪੈ ਜਾਂਦੀ ਹੈ।
ਉਸ ਨੇ ਕਿਹਾ ਕਿ ਸਰਕਾਰ ਨੇ ਤਾਂ ਸਿਰਫ ਸਵਾ ਲੱਖ ਦਿੱਤੇ ਸਨ ਪਰ ਸਵਾ ਲੱਖ ਨਾਲ ਗੁਜ਼ਾਰਾ ਨਹੀਂ ਹੁੰਦਾ। ਦੇਸ਼ ਲਈ ਪੁੱਤਰ ਨੇ ਸ਼ਹਾਦਤ ਦਿੱਤੀ ਹੈ। ਇਸ ਸਮਾਗਮ 'ਚ ਸਨਮਾਨ ਮਿਲਦਾ ਹੈ ਤਾਂ ਖਿੱਚੀ ਚਲੀ ਆਉਂਦੀ ਹਾਂ। ਪਹਿਲਾਂ ਵੀ ਇਥੋਂ ਮਦਦ ਮਿਲੀ ਹੈ, ਜੋ ਲੋਕ ਇਸ ਸੰਸਥਾ ਦੀ ਮਦਦ ਕਰ ਰਹੇ ਹਨ, ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

ਕਸ਼ਮੀਰ 'ਚ ਰਹਿਣ ਵਾਲੀ ਯਾਸਮੀਨ ਬੇਗਮ ਦੇ ਪਤੀ ਦੀ ਮੌਤ ਇਕ ਸੜਕ ਹਾਦਸੇ 'ਚ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁਜ਼ਾਰਾ ਮਿਹਨਤ-ਮਜ਼ਦੂਰੀ ਕਰਕੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਸ ਉੱਪਰ 4 ਪਰਿਵਾਰਿਕ ਮੈਂਬਰ ਨਿਰਭਰ ਹਨ ਪਰ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲੀ ਸੀ। ਪੰਜਾਬ ਕੇਸਰੀ ਗਰੁਪ ਵਲੋਂ ਦਿੱਤੀ ਗਈ ਸਹਾਇਤਾ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ।
ਯਾਸਮੀਨ ਦੇ ਪਤੀ ਦੀ ਮੌਤ 2006 ਵਿਚ ਇਕ ਹਾਦਸੇ 'ਚ ਹੋਈ ਸੀ। ਉਨ੍ਹਾਂ ਨੂੰ ਪੰਜਾਬ ਕੇਸਰੀ ਤੋਂ ਪਹਿਲਾਂ ਵੀ ਚੈੱਕ ਰਾਹੀਂ ਵਿੱਤੀ ਮਦਦ ਮਿਲ ਚੁੱਕੀ ਹੈ ਅਤੇ ਜਦੋਂ ਵੀ ਸ਼ਹੀਦ ਪਰਿਵਾਰ ਫੰਡ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ।
ਹਰਿਆਣਾ 'ਚ ਰਹਿਣ ਵਾਲੀ ਸੁਨੀਤਾ ਦੇਵੀ ਦਾ ਪਤੀ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ ਸੀ। ਉਸ ਦੇ 3 ਬੱਚੇ ਹਨ, ਜਿਨ੍ਹਾਂ 'ਚੋਂ ਲੜਕੀ ਦਾ ਵਿਆਹ ਹੋ ਚੁੱਕਾ ਹੈ, ਜਦਕਿ 2 ਲੜਕੇ ਕੁਆਰੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਸ਼ਹੀਦ ਪਰਿਵਾਰ ਫੰਡ ਤੋਂ ਸਹਾਇਤਾ ਮਿਲ ਚੁੱਕੀ ਹੈ। ਉਸ ਨੇ ਕਿਹਾ ਕਿ ਉਹ ਇਕ ਘਰੇਲੂ ਔਰਤ ਹੈ।
ਸੁਨੀਤਾ ਦੇਵੀ ਦੇ ਪਤੀ ਬਾਰਾਮੂਲਾ ਸੈਕਟਰ ਵਿਚ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਸ਼ਹੀਦ ਪਰਿਵਾਰ ਫੰਡ ਵਲੋਂ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਦਦ ਨਾਲ ਉਨ੍ਹਾਂ ਵਰਗੇ ਹੋਰ ਪਰਿਵਾਰਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਪੰਜਾਬ ਕੇਸਰੀ ਦੀ ਇਹ ਮੁਹਿੰਮ ਅਤਿ ਸ਼ਲਾਘਾਯੋਗ ਹੈ।
ਇਨ੍ਹਾਂ ਦੀ ਜਾਂਬਾਜ਼ੀ ਨੂੰ ਸਲਾਮ
ਕਸ਼ਮੀਰ ਦੇ ਰਹਿਣ ਵਾਲੇ ਅੱਲੀ ਮੁਹੰਮਦ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਸ਼ਹੀਦ ਪਰਿਵਾਰ ਫੰਡ ਰਾਹੀਂ ਰਾਹਤ ਸਮੱਗਰੀ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਕਸ਼ਮੀਰ ਦਾ ਨੌਜਵਾਨ ਸਿੱਖਿਆ ਦੀ ਘਾਟ ਕਾਰਨ ਭਟਕ ਰਿਹਾ ਹੈ। ਸਰਕਾਰਾਂ ਨੂੰ ਕਸ਼ਮੀਰ 'ਚ ਸਿੱਖਿਆ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਦੇ ਭੇਜੇ ਟਰੱਕਾਂ ਤੋਂ ਉਸ ਨੂੰ ਸਦਾ ਉਮੀਦ ਰਹਿੰਦੀ ਹੈ।
ਅਲੀ ਮੁਹੰਮਦ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਸਾਲਾਂ ਤੋਂ ਉਨ੍ਹਾਂ ਵਰਗੇ ਅੱਤਵਾਦੀਆਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ। ਸ਼ਹੀਦ ਪਰਿਵਾਰ ਫੰਡ ਵਲੋਂ ਕਸ਼ਮੀਰ ਪਹੁੰਚਾਏ ਜਾਣ ਵਾਲੇ ਰਾਹਤ ਸਮੱਗਰੀ ਦੇ ਟਰੱਕ ਉਨ੍ਹਾਂ ਦੇ ਜ਼ਖਮਾਂ 'ਤੇ ਮੱਲ੍ਹਮ ਦਾ ਕੰਮ ਕਰਦੇ ਹਨ।
ਕਠੂਆ ਦੀ ਰਹਿਣ ਵਾਲੀ ਹਮੀਦਾ ਦੇ ਪਤੀ ਦੀ ਮੌਤ ਅੱਤਵਾਦੀਆਂ ਨਾਲ ਮੁਕਾਬਲੇ 'ਚ ਹੋਈ ਸੀ ਅਤੇ ਉਦੋਂ ਤੋਂ ਹੀ ਉਸ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਸੀ। ਸਰਕਾਰ ਤੋਂ ਪੈਨਸ਼ਨ ਮਿਲਦੀ ਹੈ ਪਰ ਘਰ 'ਚ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਉਸ ਦੇ ਘਰ 'ਚ 3 ਬੱਚੇ, ਸੱਸ, 4 ਦਿਓਰ ਅਤੇ ਦਰਾਣੀਆਂ ਅਤੇ 2 ਲੜਕੇ ਹਨ। ਉਸ ਦਾ ਖੇਤੀਬਾੜੀ ਦਾ ਕੰਮ ਵੀ ਹੈ ਪਰ ਉਸ ਨਾਲ ਇੰਨੀ ਆਮਦਨ ਨਹੀਂ ਹੁੰਦੀ ਕਿ ਘਰ ਦਾ ਗੁਜ਼ਾਰਾ ਚੱਲ ਸਕੇ।
ਹਮੀਦਾ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਸੀ ਪਰ ਸ਼ਹੀਦ ਪਰਿਵਾਰ ਫੰਡ ਦੀ ਸਹਾਇਤਾ ਉਨ੍ਹਾਂ ਲਈ ਸੰਕਟ ਮੋਚਨ ਬਣੀ ਹੈ ਅਤੇ ਉਹ ਸਦਾ ਇਸ ਲਈ ਉਸਦੀ ਧੰਨਵਾਦੀ ਰਹੇਗੀ। ਉਸ ਨੇ ਕਿਹਾ ਕਿ ਉਨ੍ਹਾਂ ਵਰਗੇ ਪਰਿਵਾਰਾਂ ਨੂੰ ਹਮੇਸ਼ਾ ਪੰਜਾਬ ਕੇਸਰੀ ਗਰੁੱਪ ਤੋਂ ਉਮੀਦ ਬਣੀ ਰਹਿੰਦੀ ਹੈ।
ਹਰਿਆਣਾ ਦਾ ਰਮੇਸ਼ ਸੁਹਾਗ ਦੇਸ਼ ਦੀ ਸੇਵਾ ਕਰਦੇ-ਕਰਦੇ ਆਪਣੀ ਅੱਖ ਦੀ ਰੌਸ਼ਨੀ ਗੁਆ ਬੈਠਾ ਸੀ। ਪਾਕਿਸਤਾਨ ਵੱਲੋਂ ਹੋਈ ਫਾਇਰਿੰਗ ਨਾਲ ਉਸ ਦੀ ਸੱਜੀ ਅੱਖ ਦੀ ਰੌਸ਼ਨੀ ਚਲੀ ਗਈ ਸੀ। ਰਮੇਸ਼ ਦੇ ਪਰਿਵਾਰ 'ਚ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਬੱਚੇ ਵੀ ਹਨ। ਸ਼ਹੀਦ ਪਰਿਵਾਰ ਫੰਡ ਵੱਲੋਂ ਰਮੇਸ਼ ਦੀ ਜਾਂਬਾਜ਼ੀ ਨੂੰ ਸਲਾਮ ਕੀਤੇ ਜਾਣ ਨਾਲ ਉਹ ਕਾਫੀ ਭਾਵੁਕ ਨਜ਼ਰ ਆਇਆ।
ਉਸ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਸਾਡੇ ਵਰਗੇ ਫੌਜੀਆਂ ਦੀ ਜੋ ਮਦਦ ਕਰਦਾ ਹੈ, ਉਸ ਨਾਲ ਜਵਾਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਇਥੋਂ ਸਾਨੂੰ ਪਹਿਲਾਂ ਵੀ ਮਦਦ ਮਿਲੀ ਹੈ ਅਤੇ ਹੁਣ ਵੀ 'ਪੰਜਾਬ ਕੇਸਰੀ ਗਰੁੱਪ' ਉਨ੍ਹਾਂ ਦੀ ਲਗਾਤਾਰ ਮਦਦ ਕਰ ਰਿਹਾ ਹੈ। ਇਸ ਸਨਮਾਨ ਲਈ ਅਸੀਂ 'ਪੰਜਾਬ ਕੇਸਰੀ ਗਰੁੱਪ' ਦੇ ਧੰਨਵਾਦੀ ਹਾਂ।
ਨਾਸਿਕ ਨਿਵਾਸੀ ਸ਼ਿਨੋਨੀ ਦਤਾਂਤਰੇ ਫਕੀਰਾ 11 ਜੂਨ 2002 ਨੂੰ ਕਾਰਗਿਲ 'ਚ ਅੱਤਵਾਦੀਆਂ ਨਾਲ ਮੁਕਾਬਲੇ ਤੋਂ ਬਾਅਦ ਪਹਾੜੀ ਤੋਂ ਬਰਫ ਦਾ ਟੁੱਕੜਾ ਡਿੱਗਣ ਕਾਰਨ ਦੱਬ ਗਿਆ ਸੀ, ਉਹ 24 ਘੰਟੇ ਤੱਕ ਬਰਫ 'ਚ ਦੱਬਿਆ ਰਿਹਾ ਸੀ ਅਤੇ ਬੁਰੀ ਤਰ੍ਹਾਂ ਜ਼ਖਮੀ ਰਿਹਾ। ਜ਼ਖਮੀ ਹੋਣ ਤੋਂ ਪਹਿਲਾਂ ਉਸਨੇ ਅਤੇ ਉਸਦੀ ਟੀਮ ਨੇ 10 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਹੁਣ ਫਿਲਹਾਲ ਉਸਦਾ ਗੁਜ਼ਾਰਾ ਪੈਨਸ਼ਨ ਨਾਲ ਹੁੰਦਾ ਹੈ।
'ਪੰਜਾਬ ਕੇਸਰੀ ਗਰੁੱਪ' ਅਜਿਹਾ ਪਹਿਲਾ ਸਮਾਚਾਰ ਪੱਤਰ ਸਮੂਹ ਹੈ, ਜੋ ਸਾਡੇ ਵਰਗੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰ ਰਿਹਾ ਹੈ। ਹੋਰ ਸੰਸਥਾਵਾਂ ਨੂੰ ਵੀ ਅਜਿਹੇ ਸਮਾਗਮਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਨਾਲ ਜਵਾਨਾਂ ਦਾ ਮਨੋਬਲ ਉੱਚਾ ਹੁੰਦਾ ਹੈ। ਇਥੋਂ ਮਿਲੀ ਆਰਥਿਕ ਮਦਦ ਲਈ ਦਿਲੋਂ 'ਪੰਜਾਬ ਕੇਸਰੀ ਗਰੁੱਪ' ਦਾ ਧੰਨਵਾਦ ਕਰਦਾ ਹਾਂ।
ਪਿੰਡ ਫੱਤਣਵਾਲਾ ਚ ਬਣੇਗਾ ਨਵਾਂ ਵਾਟਰ ਵਰਕਸ ਪਲਾਂਟ : ਫੱਤਣਵਾਲਾ
NEXT STORY