ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਪਿਛਲੇ ਚਾਰ ਦਿਨਾਂ ਤੋਂ ਮੀਂਹ, ਹਨੇਰੀ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਹਲਕੇ ਦੇ ਕਿਸਾਨ ਹਾਲੇ ਭੁੱਲੇ ਨਹੀਂ ਸਨ ਕਿ ਅੱਜ ਪਿੰਡ ਹਿੰਮਤਪੁਰਾ ਅਤੇ ਭਾਗੀਕੇ ਵਿਖੇ ਬਿਜਲੀ ਦੀ ਵੱਡੀ ਲਾਈਨ ਤੋਂ ਲੱਗੀ ਅੱਗ ਕਾਰਨ ਕਿਸਾਨਾਂ ਦੀ ਸੱਤ ਏਕੜ ਦੇ ਕਰੀਬ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਪਰ ਮੌਕੇ 'ਤੇ ਪਹੁੰਚੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਇਕ ਵਾਰ ਫਿਰ ਲੋਕਾਂ ਨੂੰ ਧੋਖਾ ਦਿੱਤਾ ਕਿਉਂਕਿ ਪਿੰਡ ਨਿਵਾਸੀ ਜਗਤਾਰ ਸਿੰਘ ਨੇ ਅੱਗ ਲੱਗਣ 'ਤੇ ਤੁਰੰਤ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਡੇਢ ਘੰਟੇ ਬਾਅਦ ਵੀ ਗੱਡੀ ਘਟਨਾ ਸਥਾਨ 'ਤੇ ਨਾ ਪਹੁੰਚੀ।
ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਬਾਦਲ ਸਿੰਘ ਹਿੰਮਤਪੁਰਾ, ਪੀੜਤ ਕਿਸਾਨ ਜੀਤ ਸਿੰਘ, ਅਜੈਬ ਸਿੰਘ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਲਹਿਰਾ ਮੁਹੱਬਤ ਤੋਂ ਪਿੰਡ ਹਿੰਮਤਪੁਰਾ ਵਿਖੇ ਬਿਜਲੀ ਦੇ ਗਰਿੱਡ ਨੂੰ 220 ਕੇ. ਵੀ. ਦੀ ਵੱਡੀ ਲਾਈਨ ਖੇਤਾਂ 'ਚੋਂ ਪਹੁੰਚਦੀ ਹੈ, ਜਿਸ ਦੀ ਤਾਰ ਤੋਂ ਸ਼ਾਰਟ ਸਰਕਟ ਕਾਰਨ ਪਿਛਲੇ ਤਿੰਨ ਸਾਲ ਤੋਂ ਕਣਕ ਅਤੇ ਝੋਨੇ ਦੀ ਫਸਲ ਨੂੰ ਅੱਗ ਲੱਗ ਰਹੀ ਹੈ।
ਕਿਸਾਨਾਂ ਵੱਲੋਂ ਵਿਭਾਗ ਦੇ ਐਕਸੀਅਨ ਅਤੇ ਜੇ. ਈ. ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਹਰ ਵਾਰ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਅੱਜ ਮੁੜ ਇਸ ਲਾਈਨ ਦੇ ਖੰਭੇ ਤੋਂ ਹੋਏ ਸ਼ਾਰਟ ਸਰਕਟ ਕਾਰਨ ਕਣਕ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਕਿਸਾਨ ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ ਠੇਕੇ 'ਤੇ ਲਈ ਸਾਢੇ ਤਿੰਨ ਏਕੜ ਅਤੇ ਅਜੈਬ ਸਿੰਘ ਪੁੱਤਰ ਸਾਧੂ ਸਿੰਘ ਦੀ ਠੇਕੇ 'ਤੇ ਲਈ ਢਾਈ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।
ਕਣਕ ਨੂੰ ਲੱਗੀ ਅੱਗ ਦੀ ਘਟਨਾ ਸਬੰਧੀ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਜਾਣੂ ਕਰਵਾਇਆ ਗਿਆ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਪਹੁੰਚ ਕੇ ਰਾਹਤ ਕਾਰਜਾਂ 'ਚ ਸ਼ਾਮਲ ਹੋ ਗਏ ਅਤੇ ਅੱਗ 'ਤੇ ਕਾਬੂ ਪਾ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ। ਇਸ ਮੌਕੇ ਨੌਜਵਾਨ ਆਗੂ ਬਾਦਲ ਸਿੰਘ ਹਿੰਮਤਪੁਰਾ, ਸਰਪੰਚ ਜਗਦੀਸ਼ ਸਿੰਘ ਰੋਡੇ, ਦਾਰਾ ਸਿੰਘ ਭਾਗੀਕੇ, ਕਲੱਬ ਆਗੂ ਹਰਦੇਵ ਸਿੰਘ ਬਿਲਾਸਪੁਰ ਨੇ ਅਣਗਹਿਲੀ ਵਰਤਣ ਵਾਲੇ ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਤੁਰੰਤ ਫਾਇਰ ਬ੍ਰਿਗੇਡ ਦੀ ਵੀ ਮੰਗ ਕੀਤੀ।
ਪਿੰਡ ਭਾਗੀਕੇ ਵਿਖੇ ਵੀ ਕਿਸਾਨ ਸੁਰਜੀਤ ਸਿੰਘ ਪੁੱਤਰ ਠਾਕੁਰ ਸਿੰਘ ਦੀ ਠੇਕੇ 'ਤੇ ਲਈ ਅੱਧਾ ਏਕੜ ਤੋਂ ਵੱਧ ਕਣਕ ਦੀ ਫਸਲ ਬਿਜਲੀ ਦੀ 66 ਕੇ. ਵੀ. ਲਾਈਨ ਤੋਂ ਹੋਏ ਸ਼ਾਰਟ ਸਰਕਟ ਨਾਲ ਸੜ ਕੇ ਸੁਆਹ ਹੋ ਗਈ। ਇਥੇ ਵੀ ਪਿੰਡ ਵਾਸੀਆਂ ਨੇ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। ਪਿੰਡ ਦੇ ਪਤਵੰਤੇ ਦਾਰਾ ਸਿੰਘ ਭਾਗੀਕੇ ਨੇ ਦੱਸਿਆ ਕਿ ਪਿੰਡ ਹਿੰਮਤਪੁਰਾ ਦੇ ਬਿਜਲੀ ਗਰਿੱਡ ਤੋਂ ਪਿੰਡ ਬਿਲਾਸਪੁਰ ਦੇ ਬਿਜਲੀ ਗਰਿੱਡ ਨੂੰ ਜਾਣ ਵਾਲੀ 66 ਕੇ. ਵੀ. ਲਾਈਨ ਜੋ ਕਿ ਕਿਸਾਨ ਸੁਰਜੀਤ ਸਿੰਘ ਦੇ ਖੇਤਾਂ 'ਚੋਂ ਜਾਂਦੀ ਹੈ, ਇਥੇ ਲੱਗੇ ਬਿਜਲੀ ਦੇ ਖੰਭੇ ਤੋਂ ਹਰ ਸਮੇਂ ਸ਼ਾਰਟ ਸਰਕਟ ਹੁੰਦਾ ਹੈ, ਜਿਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ, ਜੋ ਕਿ ਮੌਕਾ ਦੇਖਣ ਲਈ ਵੀ ਆਏ ਸਨ ਪਰ ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਕੁਝ ਨਹੀਂ ਕੀਤਾ।
ਇਸ ਘਟਨਾ ਸਥਾਨ 'ਤੇ ਚੌਕੀ ਇੰਚਾਰਜ ਬਿਲਾਸਪੁਰ ਸਬ-ਇੰਸਪੈਕਟਰ ਸੁਖਜਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 38 ਲੱਖ ਠੱਗੇ
NEXT STORY