ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਵਿਚ ਚਿਰਾਂ ਤੋਂ ਚੱਲੀ ਆ ਰਹੀ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨਾਲ ਨਜਿੱਠਣ ਦੇ ਮਕਸਦ ਨਾਲ ਪਿੰਡਾਂ ਵਿਚ ਸੀਵਰੇਜ ਪਾਉਣ ਤੇ ਵਾਟਰ ਟ੍ਰੀਟਮੈਂਟ ਪਲਾਂਟ (ਜਲ ਸੋਧਕ ਪਲਾਂਟ) ਲਾਉਣ ਦਾ ਫੈਸਲਾ ਕੀਤਾ ਗਿਆ ਹੈ । ਇਹ ਜਾਣਕਾਰੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜੱਦੀ ਪਿੰਡ ਕੱਕੜਵਾਲ, ਜੋ ਜ਼ਿਲਾ ਸੰਗਰੂਰ ਦੇ ਹਲਕਾ ਧੂਰੀ ਵਿਚ ਪੈਂਦਾ ਹੈ, ਵਿਚ ਸੀਵਰੇਜ ਪਾਉਣ ਲਈ 55 ਲੱਖ ਰੁਪਏ ਦਾ ਚੈੱਕ ਭੇਟ ਕਰਨ ਤੋਂ ਬਾਅਦ ਦਿੱਤੀ। ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ।
ਬਾਜਵਾ ਨੇ ਦੱਸਿਆ ਕਿ ਕੁੱਲ 1.5 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੀ ਪਹਿਲੀ ਕਿਸ਼ਤ ਵਜੋਂ 55 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿੱਧੂ ਨੇ ਆਪਣੇ ਜੱਦੀ ਪਿੰਡ ਵਿਚ ਸੀਵਰੇਜ ਸਿਸਟਮ ਤੇ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਲਈ ਵਿਸਤ੍ਰਿਤ ਰਿਪੋਰਟ ਵਿਭਾਗ ਨੂੰ ਸੌਂਪੀ ਸੀ। ਉਨ੍ਹਾਂ ਇਸ ਸਾਲ ਦੇ ਅਖੀਰ ਤੱਕ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦਾ ਭਰੋਸਾ ਵੀ ਪ੍ਰਗਟਾਇਆ। ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਰ ਪਿੰਡ ਵਿਚ ਸੀਵਰੇਜ ਸਿਸਟਮ ਤੇ ਵਾਟਰ ਟ੍ਰੀਟਮੈਂਟ ਪਲਾਂਟ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ਤਹਿਤ ਹਰ ਬਲਾਕ ਦੇ 5 ਪਿੰਡਾਂ 'ਚ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਨੂੰ ਸਮੁੱਚੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਪਿੰਡਾਂ ਦੇ ਟੋਭਿਆਂ ਦੇ ਨੇੜੇ ਜਿੱਥੇ ਅਜਿਹੇ ਟ੍ਰੀਟਮੈਂਟ ਪਲਾਂਟ ਲਾਏ ਜਾਣੇ ਹਨ, ਉਥੇ ਬੂਟੇ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਜੋ ਸੋਧੇ ਹੋਈ ਪਾਣੀ ਨੂੰ ਇਨ੍ਹਾਂ ਰੁੱਖਾਂ ਲਈ ਅਤੇ ਸਿੰਜਾਈ ਦੇ ਕੰਮਾਂ ਲਈ ਵੀ ਵਰਤਿਆ ਜਾ ਸਕੇ।
ਪੁਤਲਾ ਫੂਕਣ 'ਤੇ ਖਾਲਿਸਤਾਨ ਸਮਰਥਕ ਤੇ ਹਿੰਦੂ ਸ਼ਿਵ ਸੈਨਾ ਆਹਮੋ-ਸਾਹਮਣੇ
NEXT STORY