ਚੰਡੀਗੜ੍ਹ (ਸੁਸ਼ੀਲ) : ਸੈਕਟਰ-15 ਬੀਟ ਬਾਕਸ ਸਾਹਮਣੇ ਉਬੇਰ ਟੈਕਸੀ ਖੜ੍ਹੀ ਕਰਨਾ ਚਾਲਕ ਨੂੰ ਮਹਿੰਗਾ ਪੈ ਗਿਆ। ਤਿੰਨ ਪੁਲਸ ਕਰਮਚਾਰੀਆਂ ਨੇ ਟੈਕਸੀ ਚਾਲਕ ਨੂੰ ਬੀਟ ਬਾਕਸ ਅੰਦਰ ਲਿਜਾ ਕੇ ਗਾਲੀ-ਗਲੋਚ ਕਰ ਕੇ ਉਸ ਦੀ ਕੁੱਟ-ਮਾਰ ਕੀਤੀ ਤੇ ਇਸ ਤੋਂ ਬਾਅਦ ਚਲਾਨ ਕਰ ਦਿੱਤਾ। ਉਬੇਰ ਚਾਲਕ ਸਿੱਖ ਨੌਜਵਾਨ ਨੇ ਇਨਸਾਫ ਲਈ ਹੱਡ-ਬੀਤੀ ਸੋਸ਼ਲ ਮੀਡੀਆ 'ਤੇ ਪਾਈ। ਨੌਜਵਾਨ ਸਤਬੀਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਫੈਲ ਗਈ ਤੇ ਟੈਕਸੀ ਚਾਲਕ ਨੂੰ ਇਨਸਾਫ ਦਿਵਾਉਣ ਲਈ ਵੀਰਵਾਰ ਨੂੰ ਸਾਰੇ ਟੈਕਸੀ ਚਾਲਕਾਂ ਨੇ ਸੈਕਟਰ-43 ਬੱਸ ਅੱਡੇ ਪਿੱਛੇ ਇਕੱਠੇ ਹੋ ਕੇ ਪੁਲਸ ਕਰਮਚਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਰਾਮ ਗੋਪਾਲ ਪੁੱਜੇ। ਉਨ੍ਹਾਂ ਨੇ ਟੈਕਸੀ ਚਾਲਕ ਨਾਲ ਗੱਲਬਾਤ ਕਰ ਕੇ ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਮੋਹਾਲੀ ਨਿਵਾਸੀ ਸਤਬੀਰ ਸਿੰਘ ਨੇ ਦੱਸਿਆ ਕਿ ਉਹ ਉਬੇਰ ਟੈਕਸੀ ਚਲਾਉਂਦਾ ਹੈ। 8 ਫਰਵਰੀ ਨੂੰ ਉਹ ਸਵਾਰੀ ਲੈਣ ਸੈਕਟਰ-15 ਦੀ ਮਾਰਕੀਟ ਵਿਚ ਗਿਆ ਸੀ। ਉਸ ਨੇ ਆਪਣੀ ਗੱਡੀ ਸੈਕਟਰ-15 ਦੇ ਬੀਟ ਬਾਕਸ ਅੱਗੇ ਖੜ੍ਹੀ ਕਰ ਲਈ। ਸਤਬੀਰ ਸਿੰਘ ਨੇ ਦੋਸ਼ ਲਾਇਆ ਕਿ ਏ. ਐੱਸ. ਆਈ. ਵਰਿੰਦਰ ਸਿੰਘ ਉਸ ਕੋਲ ਆਇਆ ਤੇ ਕਾਗਜ਼ਾਤ ਮੰਗਣ ਲੱਗਾ। ਉਹ ਗੱਡੀ ਪਾਸੇ ਖੜ੍ਹੀ ਕਰਨ ਲੱਗਾ ਤਾਂ ਏ. ਐੱਸ. ਆਈ. ਨੇ ਉਸ ਦੀ ਗੱਡੀ 'ਚੋਂ ਚਾਬੀ ਕੱਢ ਲਈ ਤੇ ਗਲਾ ਫੜ੍ਹ ਕੇ ਗੱਡੀ ਤੋਂ ਬਾਹਰ ਕੱਢ ਲਿਆ।
ਉਸ ਨੇ ਕਿਹਾ ਕਿ ਉਹ ਮੋਬਾਇਲ ਨਾਲ ਪੁਲਸ ਕਰਮਚਾਰੀਆਂ ਦੀ ਵੀਡੀਓ ਬਣਾਉਣ ਲੱਗਾ ਤਾਂ ਏ. ਐੱਸ. ਆਈ. ਨੇ ਫੋਨ ਖੋਹ ਲਿਆ। ਇਕ ਕਾਂਸਟੇਬਲ ਤੇ ਏ. ਐੱਸ. ਆਈ. ਉਸ ਨੂੰ ਬੀਟ ਬਾਕਸ 'ਚ ਲੈ ਗਿਆ ਤੇ ਅੰਦਰ ਜਾ ਕੇ ਕਾਂਸਟੇਬਲ ਨੇ ਗਾਲੀ-ਗਲੋਚ ਕੀਤੀ। ਇਸ ਤੋਂ ਬਾਅਦ ਬੀਟ ਬਾਕਸ 'ਚ ਤਾਇਨਾਤ ਸਬ-ਇੰਸਪੈਕਟਰ ਹਰੀਓਮ ਨੇ ਉਸ ਨੂੰ ਥੱਪੜ ਮਾਰ ਦਿੱਤੇ। ਉਥੇ ਹੀ ਸਤਬੀਰ ਨੂੰ ਬੀਟ ਬਾਕਸ 'ਚ ਜ਼ਬਰਦਸਤੀ ਲੈ ਕੇ ਜਾਂਦੇ ਹੋਏ ਦੀ ਇਕ ਰਾਹਗੀਰ ਨੇ ਵੀਡੀਓ ਬਣਾ ਲਈ। ਪੁਲਸ ਕਰਮਚਾਰੀਆਂ ਦੀ ਕੁੱਟ-ਮਾਰ ਤੋਂ ਬਾਅਦ ਟੈਕਸੀ ਚਾਲਕ ਨੇ ਇਨਸਾਫ ਲਈ ਗੱਡੀ 'ਚ ਬੈਠ ਕੇ ਹੱਡ-ਬੀਤੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ।
ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਖਾਣੀ ਚਾਹੀਦੀ : ਸਿਵਲ ਸਰਜਨ
NEXT STORY