ਅੰਮ੍ਰਿਤਸਰ— ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਚਲਦੀ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ 'ਚ ਰੇਲ ਵਿਭਾਗ ਵੱਲੋਂ ਯਾਤਰੀਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ 'ਰੇਲ ਨੀਰ' 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹੋਣ ਦਾ ਸਿੱਖ ਭਾਈਚਾਰੇ ਨੇ ਸਖ਼ਤ ਵਿਰੋਧ ਕੀਤਾ ਹੈ। ਇਨ੍ਹਾਂ ਬੋਤਲਾਂ ਸਬੰਧੀ ਕੁੱਝ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਰੇਲ ਵਿਭਾਗ ਕੋਲ ਕੀਤੀ ਗਈ ਸ਼ਿਕਾਇਤ ਮਗਰੋਂ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਹ ਤਸਵੀਰਾਂ ਜਿਵੇਂ ਹੀ ਸਿੱਖ ਭਾਈਚਾਰੇ ਦੀ ਨਜ਼ਰ 'ਚ ਆਈਆਂ ਤਾਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸਿੱਖ ਜਥੇਬੰਦੀ ਸਿਰਲੱਥ ਖਾਲਸਾ ਦੇ ਕਾਰਕੁਨ ਰੇਲਵੇ ਸਟੇਸ਼ਨ 'ਤੇ ਪੁੱਜ ਗਏ, ਜਿਨ੍ਹਾਂ ਰੇਲਵੇ ਸਟੇਸ਼ਨ 'ਤੇ ਬਣੀਆਂ ਕਈ ਦੁਕਾਨਾਂ ਤੋਂ ਵੀ ਇਨ੍ਹਾਂ ਬੋਤਲਾਂ ਬਾਰੇ ਪੁੱਛਗਿੱਛ ਕੀਤੀ। ਦੁਪਹਿਰ ਸਮੇਂ ਜਦੋਂ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਦਿੱਲੀ ਤੋਂ ਅੰਮ੍ਰਿਤਸਰ ਪੁੱਜੀ ਤਾਂ ਇਨ੍ਹਾਂ ਸਿੱਖ ਕਾਰਕੁਨਾਂ ਨੂੰ ਅਜਿਹੀਆਂ 'ਰੇਲ ਨੀਰ' ਦੀਆਂ ਕਈ ਬੋਤਲਾਂ ਰੇਲ ਗੱਡੀ ਦੇ ਕੂੜੇਦਾਨ 'ਚੋਂ ਮਿਲੀਆਂ। ਇਨ੍ਹਾਂ ਬੋਤਲਾਂ 'ਤੇ ਬੀ.ਐਸ.ਐਨ.ਐਲ. ਵਿਭਾਗ ਦੀ ਇਕ ਮਸ਼ਹੂਰੀ ਦਾ ਸਟਿੱਕਰ ਲੱਗਾ ਹੋਇਆ ਸੀ, ਜਿਸ 'ਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹੈ। ਇਹ ਤਸਵੀਰ ਸਮੇਤ ਬੋਤਲਾਂ ਕੂੜੇਦਾਨ 'ਚ ਸੁੱਟੇ ਜਾਣ 'ਤੇ ਸਿੱਖ ਕਾਰਕੁਨਾਂ ਨੇ ਸਖ਼ਤ ਇਤਰਾਜ਼ ਜਤਾਇਆ।
ਇਸ ਦੌਰਾਨ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ 'ਚ ਆਉਂਦਿਆਂ ਹੀ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਾਣੂ ਕਰਾਇਆ। ਉਪਰੰਤ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦੇ ਮੀਤ ਮੈਨੇਜਰ ਜਸਪਾਲ ਸਿੰਘ ਅਤੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਰੇਲਵੇ ਸਟੇਸ਼ਨ ਭੇਜਿਆ ਗਿਆ, ਜਿਨ੍ਹਾਂ ਰੇਲ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਰੇਲ ਵਿਭਾਗ ਨੇ ਇਸ ਨੂੰ ਭੁਲੇਖੇ ਨਾਲ ਹੋਈ ਗਲਤੀ ਕਰਾਰ ਦਿੱਤਾ। ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਇੰਡੀਅਨ ਰੇਲਵੇ ਕੈਟਰਿੰਗ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਮੁਖੀ ਮਨੀ ਅਨੰਦ ਨਾਲ ਵੀ ਫੋਨ 'ਤੇ ਸੰਪਰਕ ਕੀਤਾ ਗਿਆ ਹੈ। ਰੇਲਵੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਇਸ ਭੁੱਲ ਨੂੰ ਤੁਰੰਤ ਠੀਕ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਭੁੱਲ ਜਾਣਬੁੱਝ ਕੇ ਨਹੀਂ ਹੋਈ। ਉਨ੍ਹਾਂ ਇਤਰਾਜ਼ਯੋਗ ਸਟਿੱਕਰ ਤੁਰੰਤ ਹਟਾਉਣ ਦਾ ਭਰੋਸਾ ਦਿੱਤਾ ਹੈ।
ਪ੍ਰੇਮ ਵਿਆਹ ਬਣਿਆ ਕਤਲ ਦਾ ਕਾਰਨ, ਸਾਲੇ ਨੇ ਹੀ ਕਿਰਪਾਨਾਂ ਨਾਲ ਮਾਰਿਆ ਜੀਜਾ (ਵੀਡੀਓ)
NEXT STORY