ਤਲਵੰਡੀ ਸਾਬੋ (ਮੁਨੀਸ਼) : ਲੋਕ ਸਭਾ ਚੋਣਾਂ ਦੌਰਾਨ ਐਤਵਾਰ ਨੂੰ ਸਰਕਾਰੀ ਸੈਕੰਡਰੀ ਸਕੂਲ ਵਿਚ ਬਣੇ ਪੋਲਿੰਗ ਬੂਥ ਨੇੜੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਤਲਵੰਡੀ ਸਾਬੋ ਪੁਲਸ ਵਲੋਂ ਅਕਾਲੀ ਆਗੂ ਜਲੌਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਸਮੇਤ ਇਕ ਦਰਜਨ ਕਾਂਗਰਸੀ ਆਗੂਆਂ 'ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪਰ ਅੱਜ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਅਤੇ ਕਾਲਾ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਤਲਵੰਡੀ ਸਾਬੋ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਸਾਢੇ 11 ਵਜੇ ਦੇ ਕਰੀਬ ਉਹ ਵਾਰਡ ਨੰ. 8 ਦੇ ਬੂਥ ਨੰਬਰ 122 'ਤੇ ਪਾਰਟੀ ਬੂਥਾਂ ਦਾ ਜਾਇਜ਼ਾ ਲੈਣ ਪੁੱਜੇ ਸੀ ਤਾਂ ਉੱਥੇ ਹਲਕੇ ਦੇ ਸਾਬਕਾ ਵਿਧਾਇਕ ਸਿੱਧੂ ਕਾਫਲੇ ਸਮੇਤ ਪੁੱਜੇ ਅਤੇ ਲਲਕਾਰਾ ਮਾਰਨ ਉਪਰੰਤ ਸਾਬਕਾ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਦੋਂ ਦਿਲਪ੍ਰੀਤ ਸਿੰਘ ਜਟਾਣਾ ਅਤੇ ਕਾਲਾ ਸਿੰਘ ਉਸ ਨੂੰ ਬਚਾਉਣ ਆਏ ਤਾਂ ਉਨ੍ਹਾਂ ਦੀ ਵੀ ਕੁੱਟ-ਮਾਰ ਕਰ ਦਿੱਤੀ। ਉਨ੍ਹਾਂ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ, ਜਦੋਂ ਉਹ ਜਾਨ ਬਚਾਉਣ ਲਈ ਭੱਜਣ ਲੱਗੇ ਤਾਂ ਜੀਤਮਹਿੰਦਰ ਸਿੱਧੂ ਅਤੇ ਅਕਾਲੀ ਆਗੂ ਸੁਖਬੀਰ ਸਿੰਘ ਚੱਠਾ ਨੇ ਉਨ੍ਹਾਂ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਜ਼ਖਮੀ ਹਾਲਤ 'ਚ ਉਹ ਤਲਵੰਡੀ ਸਾਬੋ ਦੇ ਇਕ ਨਿੱਜੀ ਹਸਪਤਾਲ ਦਾਖਲ ਹੋਏ, ਜਿੱਥੋਂ ਮੁਢਲੇ ਇਲਾਜ ਉਪਰੰਤ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਬਿਆਨ ਦੇਣ ਤੋਂ ਅਣਫਿੱਟ ਲਿਖ ਦੇਣ ਕਾਰਣ ਉਨ੍ਹਾਂ ਵਲੋਂ ਅੱਜ ਬਿਆਨ ਦਰਜ ਕਰਵਾਏ ਗਏ।
ਉੱਧਰ ਪੁਲਸ ਨੇ ਉਕਤ ਮਾਮਲੇ 'ਚ ਇਹ ਵੀ ਦਰਜ ਕੀਤਾ ਹੈ ਕਿ ਬਿਆਨਕਾਰਾਂ ਨੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਚੱਠਾ ਦਾ ਜੋ ਨਾਂ ਲਿਖਵਾਇਆ ਹੈ ਉਹ ਮਾਮਲਾ ਸ਼ੱਕੀ ਹੈ ਅਤੇ ਇਸ ਦੀ ਵੱਖਰੀ ਪੜਤਾਲ ਕੀਤੀ ਜਾਵੇਗੀ।
ਦੂਜੇ ਪਾਸੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਦਰਜ ਮਾਮਲੇ ਨੂੰ ਕਾਂਗਰਸੀ ਆਗੂਆਂ ਦੀ ਬੌਖਲਾਹਟ ਦੱਸਦਿਆਂ ਕਿਹਾ ਕਿ ਕਾਂਗਰਸੀਆਂ ਵਲੋਂ ਦਲਿਤ ਵਿਹੜੇ ਵਿਚ ਆ ਕੇ ਫਾਇਰਿੰਗ ਕਰਨ ਅਤੇ ਦੋ ਦਲਿਤ ਵਰਗ ਦੇ ਲੋਕਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਲੋਕਾਂ ਦੇ ਸੱਦੇ 'ਤੇ ਜਦੋਂ ਉਹ ਉੱਥੇ ਪੁੱਜੇ ਸਨ ਤਾਂ ਉੱਥੇ ਪੁਲਸ ਦੇ ਉੱਚ ਅਧਿਕਾਰੀ ਪਹਿਲਾਂ ਤੋਂ ਹੀ ਮੌਜੂਦ ਸਨ। ਇਸ ਲਈ ਪੁਲਸ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਫਾਇਰਿੰਗ ਕੀਤੇ ਜਾਣਾ ਕਿਵੇਂ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਦਰਜ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਦੱਸਦਿਆਂ ਉਸ 'ਚ ਦੋ ਦਲਿਤ ਔਰਤਾਂ ਦੇ ਨਾਂ ਸ਼ਾਮਲ ਕਰਨ ਨੂੰ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਤਲਵੰਡੀ ਸਾਬੋ ਦੇ ਲੋਕਾਂ ਨੂੰ ਪੂਰਾ ਮਾਮਲਾ ਪਤਾ ਲੱਗ ਗਿਆ ਹੈ ਅਤੇ ਦਬਾਅ ਬਣਾਉਣ ਲਈ ਕਾਂਗਰਸੀ ਆਗੂ ਪਰਚਾ ਦਰਜ ਕਰਵਾ ਗਏ ਪਰ ਹੁਣ ਕਾਂਗਰਸੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਇਸਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਦਲਿਤ ਲੋਕਾਂ 'ਤੇ ਫਾਇਰਿੰਗ ਕਰਨ ਵਾਲੇ ਕਾਂਗਰਸੀਆਂ ਨੂੰ ਸਜ਼ਾ ਦਿਵਾ ਕੇ ਦਮ ਲੈਣਗੇ।
ਲੁਧਿਆਣਾ : ਈ. ਵੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਲਈ ਸਖਤ ਪਹਿਰਾ
NEXT STORY