ਬਠਿੰਡਾ, (ਬਲਵਿੰਦਰ)- ਵੈਸੇ ਤਾਂ ਸਕੂਲ ਜਾਂਦੇ ਬੱਚਿਆਂ ਦੀ ਸੁਰੱਖਿਆ ਦੇ ਨਾਂ 'ਤੇ ਹਰ ਕੋਈ ਕਿਤਾਬ ਲਿਖਣ ਜਿੰਨਾ ਬੋਲ ਸਕਦਾ ਹੈ ਪਰ ਅਮਲੀ ਜਾਮਾ ਪਹਿਨਾਉਣ ਦੇ ਨਾਂ 'ਤੇ ਇਕ ਕਿਤਾਬ ਦੇ ਟਾਈਟਲ ਜਿੰਨਾ ਵੀ ਕੰਮ ਨਹੀਂ ਹੋ ਰਿਹਾ। ਇਸ ਮਾਮਲੇ 'ਚ ਸਕੂਲ ਪ੍ਰਬੰਧਕ ਜਾਂ ਪ੍ਰਸ਼ਾਸਨ ਹੀ ਨਹੀਂ, ਸਗੋਂ ਮਾਪੇ ਵੀ ਅਣਗਹਿਲੀ ਵਰਤ ਰਹੇ ਹਨ। ਵਰਤਾਰਾ ਇਹ ਹੈ ਕਿ ਹਰ ਕੋਈ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਕ-ਦੂਜੇ 'ਤੇ ਸੁੱਟਣ 'ਚ ਮਾਹਰ ਹੋ ਚੁੱਕੇ ਹਨ ਪਰ ਆਪਣਾ ਫਰਜ਼ ਸਮਝਣ ਨੂੰ ਤਿਆਰ ਨਹੀਂ ਹਨ।
ਸਕੂਲ ਵੈਨਾਂ ਲਈ ਕੀ ਹਨ ਨਿਯਮ
* ਸਕੂਲ ਵੈਨ 15 ਸਾਲ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ।
* ਸਕੂਲ ਵੈਨ 'ਤੇ ਪੀਲਾ ਰੰਗ ਹੋਣਾ ਚਾਹੀਦਾ ਹੈ।
* ਸਕੂਲ ਵੈਨ ਚਾਲਕ ਤੇ ਸਹਾਇਕ ਨੇ ਵਰਦੀ ਪਹਿਨੀ ਹੋਵੇ।
* ਸਕੂਲ ਵੈਨ 'ਚ ਫਸਟ-ਏਡ ਕਿੱਟ ਹੋਣੀ ਚਾਹੀਦੀ ਹੈ।
* ਸਕੂਲ ਵੈਨ ਗੈਸ ਵਾਲੀ ਨਾ ਹੋਵੇ।
* ਸਕੂਲ ਵੈਨ ਸ਼ਰਤਾਂ ਪੂਰੀ ਕਰਦੀ ਹੋਵੇ ਤਾਂ ਹੀ ਉਸ ਨੂੰ ਪਰਮਿਟ ਦਿੱਤਾ ਜਾਵੇ।
* ਬਾਕਾਇਦਾ ਡੀ. ਸੀ. ਬਠਿੰਡਾ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਸਕੂਲ ਵੈਨਾਂ ਦੀ ਪਾਰਕਿੰਗ ਸਕੂਲਾਂ ਦੇ ਅੰਦਰ ਹੋਵੇ। ਬੱਚੇ ਉਤਾਰਨ ਤੇ ਚੜ੍ਹਾਉਣ ਦਾ ਕੰਮ ਵੀ ਸਕੂਲ ਦੇ ਅੰਦਰ ਹੀ ਹੋਵੇ। ਇਸ ਸਮੇਂ ਵਿਸ਼ੇਸ਼ ਪ੍ਰਿੰਸੀਪਲ ਜਾਂ ਹੋਰ ਅਧਿਆਪਕ ਮੌਜੂਦ ਰਹਿਣ ਤਾਂ ਕਿ ਵੈਨਾਂ 'ਚ ਚੜ੍ਹਦੇ-ਉਤਰਦੇ ਬੱਚੇ ਸ਼ਰਾਰਤਾਂ ਨਾ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਸੱਟ-ਫੇਟ ਤੋਂ ਬਚੇ ਰਹਿਣ। ਬੱਚਿਆਂ ਨੂੰ ਘਰਾਂ ਤੱਕ ਛੱਡਣ ਸਮੇਂ ਸਹਾਇਕ ਪਹਿਲਾਂ ਖੁਦ ਉਤਰ ਕੇ ਯਕੀਨੀ ਬਣਾਵੇ ਕਿ ਬੱਚਾ ਆਪਣੇ ਘਰ ਵੱਲ ਚਲਾ ਗਿਆ ਹੈ। ਉਸ ਤੋਂ ਬਾਅਦ ਹੀ ਚਾਲਕ ਨੂੰ ਚੱਲਣ ਲਈ ਸੀਟੀ ਮਾਰੇ।
ਸਕੂਲ ਵੈਨਾਂ ਲਈ ਨਿਯਮ ਠੇਂਗੇ 'ਤੇ
* ਜ਼ਿਆਦਾਤਰ ਸਕੂਲ ਵੈਨਾਂ 15 ਸਾਲ ਤੋਂ ਵੀ ਪੁਰਾਣੀਆਂ ਹਨ, ਜਿਨ੍ਹਾਂ ਦਾ ਪਰਮਿਟ ਨਹੀਂ ਬਣ ਸਕਦਾ। ਜ਼ਿਆਦਾਤਰ ਵੈਨ ਚਾਲਕ ਦਿੱਲੀ ਜਾਂ ਗੁਜਰਾਤ ਤੋਂ ਬੰਦ ਬਾਡੀ ਵਾਹਨ ਸਸਤੇ ਭਾਅ 'ਚ ਲੈ ਕੇ ਆਉਂਦੇ ਹਨ, ਜੋ ਉਥੇ ਕੰਡਮ ਕਰਾਰ ਦਿੱਤੇ ਗਏ ਹੁੰਦੇ ਹਨ, ਜਿਨ੍ਹਾਂ ਨੂੰ ਗੈਸ 'ਤੇ ਵੀ ਚਲਾਇਆ ਜਾ ਰਿਹਾ ਹੈ। ਫਿਰ ਇਨ੍ਹਾਂ ਨੂੰ ਪੀਲਾ ਰੰਗ ਕਰਵਾ ਲਿਆ ਜਾਂਦਾ ਹੈ ਤਾਂ ਕਿ ਟ੍ਰੈਫਿਕ ਪੁਲਸ ਜਾਂ ਸਕੂਲ ਪ੍ਰਬੰਧਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾ ਸਕੇ। ਲਗਭਗ ਸਾਰੀਆਂ ਸਕੂਲ ਵੈਨਾਂ ਵਿਚ ਬੜੀ ਮੁਸ਼ਕਲ ਨਾਲ ਸਿਰਫ ਚਾਲਕ ਹੀ ਮਸਾਂ ਹੁੰਦਾ ਹੈ, ਜਦਕਿ ਸਹਾਇਕ ਨਾਂ ਦੀ ਕੋਈ ਵਸਤੂ ਵੈਨਾਂ 'ਚ ਨਹੀਂ ਹੁੰਦੀ। ਫਿਰ ਵਰਦੀ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵੈਨਾਂ 'ਚ ਫਸਟ-ਏਡ ਕਿੱਟ ਵੀ ਨਹੀਂ ਰੱਖੀ ਜਾਂਦੀ ਹੈ। ਸਕੂਲ ਵੈਨਾਂ ਲਈ ਪਰਮਿਟ ਲੈਣਾ ਜ਼ਰੂਰੀ ਹੈ ਪਰ ਅਜਿਹਾ ਨਹੀਂ ਹੋ ਰਿਹਾ ਹੈ ਕਿਉਂਕਿ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ। ਇਸ ਲਈ ਉਹ ਪਰਮਿਟ ਵੀ ਨਹੀਂ ਲੈਂਦੇ ਕਿਉਂਕਿ ਕੋਈ ਪੁੱਛਣ ਵਾਲਾ ਨਹੀਂ ਹੈ। ਸਭ ਕੁਝ ਇੰਝ ਹੀ ਚੱਲ ਰਿਹਾ ਹੈ।
ਭਾਵੇਂ ਡੀ. ਸੀ. ਨੇ ਹੁਕਮ ਚਾੜ੍ਹ ਦਿੱਤੇ ਸਨ ਕਿ ਸਕੂਲ ਪ੍ਰਬੰਧਕ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਦੇਣ। ਬਹੁਤ ਘੱਟ ਸਕੂਲ ਹਨ, ਜੋ ਇਸ ਪਾਸੇ ਧਿਆਨ ਦੇ ਰਹੇ ਹਨ। ਨਹੀਂ ਤਾਂ ਹਰੇਕ ਸਕੂਲ ਦੇ ਬਾਹਰ ਸਕੂਲ ਵੈਨਾਂ ਖੜ੍ਹਦੀਆਂ ਹਨ ਤੇ ਉਥੋਂ ਹੀ ਬੱਚਿਆਂ ਨੂੰ ਵੈਨਾਂ 'ਚ ਚੜ੍ਹਾਇਆ ਤੇ ਉਤਾਰਿਆ ਜਾਂਦਾ ਹੈ। ਮੌਕੇ 'ਤੇ ਪ੍ਰਿੰਸੀਪਲ ਤਾਂ ਕੀ ਅਧਿਆਪਕ ਵੀ ਮੌਜੂਦ ਨਹੀਂ ਰਹਿੰਦੇ। ਇਸ ਲਈ ਬੱਚਿਆਂ ਦਾ ਸ਼ਰਾਰਤਾਂ ਕਰਨਾ ਸੁਭਾਵਿਕ ਹੈ। ਫਿਰ ਬੱਚਿਆਂ ਨੂੰ ਘਰਾਂ ਤੱਕ ਕਿਵੇਂ ਛੱਡਿਆ ਜਾਂਦਾ ਹੈ ਤੇ ਕਿਵੇਂ ਉਤਾਰਿਆ ਜਾਂਦਾ ਹੈ। ਇਸ ਵਾਸਤੇ ਸਕੂਲ ਪ੍ਰਬੰਧਕ ਜਾਂ ਚਾਲਕ ਆਪਣਾ ਫਰਜ਼ ਨਹੀਂ ਸਮਝਦੇ।
ਮਾਪਿਆਂ ਨੂੰ ਨਹੀਂ ਲਾਡਲਿਆਂ ਦੀ ਫਿਕਰ
ਭਾਵੇਂ ਮਾਪਿਆਂ ਨੂੰ ਆਪਣੇ ਲਾਡਲਿਆਂ ਨਾਲ ਬਹੁਤ ਪਿਆਰ ਹੁੰਦਾ ਹੈ ਪਰ ਜਾਣੇ-ਅਣਜਾਣੇ 'ਚ ਉਹ ਵੀ ਲਾਪ੍ਰਵਾਹੀ ਵਰਤ ਰਹੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਣਸੁਖਾਵੀਂ ਘਟਨਾ ਦੀ ਹੀ ਉਡੀਕ ਕੀਤੀ ਜਾਵੇ। ਸਿਰਫ ਪੈਸੇ ਬਚਾਉਣ ਖਾਤਰ ਬਿਨਾਂ ਪਰਮਿਟ ਤੇ ਖੁੱਲ੍ਹੇ ਵਾਹਨਾਂ 'ਚ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਜਾਂਦਾ ਹੈ। ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿ ਵਾਹਨ ਕਿੰਨਾ ਪੁਰਾਣਾ ਹੈ ਤੇ ਉਹ ਗੈਸ 'ਤੇ ਹੈ ਜਾਂ ਤੇਲ 'ਤੇ। ਆਮ ਹੀ ਦੇਖਿਆ ਗਿਆ ਹੈ ਕਿ ਬੱਚੇ ਖੁੱਲ੍ਹੇ ਤਿੰਨ ਪਹੀਆ ਟੈਂਪੂ, ਰਿਕਸ਼ਿਆਂ ਜਾਂ ਘੜੁੱਕਿਆਂ 'ਤੇ ਲਿਆਂਦੇ ਜਾ ਰਹੇ ਹਨ। ਜੋ ਕਿ ਵਾਹਨ ਤੋਂ ਬਾਹਰ ਤੱਕ ਲਟਕ ਰਹੇ ਹੁੰਦੇ ਹਨ।
ਇਹ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਸਕੂਲ ਵੈਨ ਲਈ ਪੂਰੀ ਫੀਸ ਭਰਨ ਤੇ ਬੱਚਿਆਂ ਨੂੰ ਪਰਮਿਟ ਬਣੇ ਵਾਹਨਾਂ 'ਤੇ ਹੀ ਭੇਜਣ ਪਰ ਮਾਪੇ ਇਸ ਵਿਚ ਵੀ ਸਰਕਾਰ ਦਾ ਦੋਸ਼ ਕੱਢਦੇ ਹੋਏ ਖੁਦ ਨੂੰ ਤੀਸਮਾਰ ਖਾਂ ਕਹਾਉਣ ਤੋਂ ਬਾਜ਼ ਨਹੀਂ ਆਉਂਦੇ।
ਐੱਮ. ਐੱਸ. ਡੀ. ਸਕੂਲ ਦੇ ਅੰਦਰ ਪਾਰਕਿੰਗ ਹੈ ਪਰ....
ਉਦਾਹਰਣ ਵਜੋਂ ਬਹੁਤ ਵੱਡੇ ਐੱਮ. ਐੱਸ. ਡੀ. ਸਕੂਲ, ਹਨੂਮਾਨ ਚੌਕ, ਬਠਿੰਡਾ ਨੂੰ ਲਿਆ ਜਾ ਸਕਦਾ ਹੈ ਕਿ ਇਸ ਸਕੂਲ ਦੇ ਅੰਦਰ ਵੱਡਾ ਖੇਡ ਮੈਦਾਨ ਤੇ ਹੋਰ ਖੁੱਲ੍ਹੀ ਜਗ੍ਹਾ ਹੈ, ਜਿਸ ਨੂੰ ਬੱਚਿਆਂ ਦੀ ਸੁਰੱਖਿਆ ਖਾਤਰ ਪਾਰਕਿੰਗ ਲਈ ਵੀ ਵਰਤਿਆ ਜਾ ਸਕਦਾ ਹੈ ਪਰ ਸਕੂਲ ਪ੍ਰਬੰਧਨ ਨੂੰ ਮੈਦਾਨ ਖਰਾਬ ਹੋਣ ਦੀ ਫਿਕਰ ਹੈ। ਇਸ ਲਈ ਸਕੂਲ ਵੈਨਾਂ ਜਾਂ ਮਾਪਿਆਂ ਦੇ ਵਾਹਨਾਂ ਦੀ ਪਾਰਕਿੰਗ ਸਕੂਲ ਦੇ ਬਾਹਰ ਜੀ. ਟੀ. ਰੋਡ 'ਤੇ ਹੀ ਹੁੰਦੀ ਹੈ। ਬੱਚਿਆਂ ਦੀ ਬਹੁਤਾਤ ਕਾਰਨ ਸਕੂਲ ਦੇ ਚਾਰ ਗੇਟ ਹੋਣ ਦੇ ਬਾਵਜੂਦ ਟ੍ਰੈਫਿਕ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਬੱਚੇ ਇਕਦਮ ਬਾਹਰ ਨੂੰ ਵਾਹਨਾਂ ਤੱਕ ਭੱਜਦੇ ਹਨ ਤੇ ਖੁਦ ਲੈਣ ਆਏ ਮਾਪੇ ਆਪਣੇ ਬੱਚਿਆਂ ਵੱਲ। ਇਸ ਤਰ੍ਹਾਂ ਮੌਕੇ 'ਤੇ ਘੜਮੱਸ ਪੈ ਜਾਂਦਾ ਹੈ।
ਸਕੂਲ ਦੀ ਛੁੱਟੀ ਸਮੇਂ ਸਕੂਲ ਵੈਨਾਂ ਜਾਂ ਮਾਪਿਆਂ ਦੇ ਵਾਹਨਾਂ ਨੂੰ ਸਕੂਲ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਤਾਂ ਉਹ ਗੇਟ ਦੇ ਬਾਹਰ ਖੜ੍ਹਦੇ ਹਨ। ਮੌਕੇ 'ਤੇ ਕੋਈ ਅਧਿਆਪਕ ਜਾਂ ਪ੍ਰਿੰਸੀਪਲ ਤਾਂ ਕੀ ਸਕੂਲ ਵੈਨਾਂ ਦੇ ਚਾਲਕ ਵੀ ਮੌਜੂਦ ਨਹੀਂ ਰਹਿੰਦੇ। ਅਜਿਹੀ ਸਥਿਤੀ 'ਚ ਬੱਚੇ ਕੀ ਗੁੱਲ ਖਿਲਾਉਂਦੇ ਹੋਣਗੇ, ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।। ਬੱਚੇ ਜੀ. ਟੀ. ਰੋਡ ਨੂੰ ਖੇਡ ਮੈਦਾਨ ਬਣਾ ਲੈਂਦੇ ਹਨ। ਇਕ ਦੂਜੇ ਦੇ ਮਗਰ ਭੱਜਣਾ ਆਦਿ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਆਮ ਹੀ ਦੇਖੇ ਜਾਂਦੇ ਹਨ। ਕਈ ਵਾਰ ਬੱਚਿਆਂ ਨੂੰ ਛੋਟੇ-ਮੋਟੇ ਹਾਦਸੇ ਵੀ ਪੇਸ਼ ਆਏ ਹਨ, ਬਚਾਅ ਤਾਂ ਰੋਜ਼ਾਨਾ ਹੋ ਜਾਂਦਾ ਹੈ ਪਰ ਕੀ ਸਕੂਲ ਪ੍ਰਬੰਧਕ ਜਾਂ ਮਾਪੇ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਹਨ।
ਇਹ ਸਭ ਕੁਝ ਸਿਰਫ ਇਕ ਸਕੂਲ 'ਚ ਨਹੀਂ, ਸਗੋਂ ਅਨੇਕਾਂ ਸਕੂਲਾਂ ਦੇ ਬਾਹਰ ਹੋ ਰਿਹਾ ਹੈ, ਜਿਸ ਬਾਰੇ ਸਕੂਲ ਪ੍ਰਬੰਧਕਾਂ ਦਾ ਰਟਿਆ-ਰਟਾਇਆ ਜਵਾਬ ਹੁੰਦਾ ਹੈ ਕਿ ਉਹ ਇਸ ਵਿਚ ਕੀ ਕਰ ਸਕਦੇ ਹਨ ਜਾਂ ਫਿਰ ਉਨ੍ਹਾਂ ਦੇ ਆਪਣੇ ਸਕੂਲ ਦੀਆਂ ਬੱਸਾਂ ਨੂੰ ਉਹ ਸਕੂਲ ਦੇ ਅੰਦਰ ਹੀ ਪਾਰਕ ਕਰਦੇ ਹਨ। ਪ੍ਰਾਈਵੇਟ ਵਾਹਨਾਂ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ, ਉਹ ਤਾਂ ਸਿਰਫ ਸਕੂਲ ਦੇ ਗੇਟ ਤੱਕ ਹੀ ਜ਼ਿੰਮੇਵਾਰ ਹਨ।
ਪਰਾਲੀ ਸਬੰਧੀ ਜਾਗਰੂਕਤਾ ਲਈ ਸਰਕਾਰ ਲਾਂਚ ਕਰੇਗੀ ਮੋਬਾਇਲ ਐਪ
NEXT STORY