ਸੰਗਰੂਰ, (ਬੇਦੀ)- ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀਆਂ ਬੇਸ਼ੁਮਾਰ ਚੋਣ ਵਧੀਕੀਆਂ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਨੇ ਸੰਗਰੂਰ ਤੇ ਬਰਨਾਲਾ ਜ਼ਿਲਿਆਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਅਕਾਲੀ-ਭਾਜਪਾ ਗੱਠਜੋੜ ਨੇ ਖਨੌਰੀ, ਮੂਨਕ, ਚੀਮਾ ਤੇ ਹੰਡਿਆਇਆ ਦੀਆਂ ਨਗਰ ਪੰਚਾਇਤਾਂ 'ਚ ਬਹੁਮਤ ਹਾਸਲ ਕਰ ਲਿਆ।
ਆਪਣੀ ਰਿਹਾਇਸ਼ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਢੀਂਡਸਾ ਨੇ ਚੋਣ ਕਮਿਸ਼ਨਰ ਦੀ ਮਾੜੀ ਕਾਰਗੁਜ਼ਾਰੀ ਬਾਰੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੀ ਗਈ ਮਨਮਰਜ਼ੀ ਤੇ ਗੁੰਡਾਗਰਦੀ ਜਗ ਜ਼ਾਹਿਰ ਹੋ ਗਈ ਹੈ ਤੇ ਚੋਣ ਕਮਿਸ਼ਨਰ ਕਾਂਗਰਸ ਦੀ ਧਿਰ ਬਣ ਕੇ ਸਾਹਮਣੇ ਆਇਆ ਹੈ। ਜਦੋਂ ਕਾਂਗਰਸ ਦੀਆਂ ਵਧੀਕੀਆਂ ਬਾਰੇ ਚੋਣ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ ਕਿਹਾ ਕਿ ਮੈਂ ਅਸਮਰੱਥ ਹਾਂ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜੇ ਚੋਣ ਕਮਿਸ਼ਨ ਹੀ ਸਰਕਾਰ ਦੀ ਕਠਪੁਤਲੀ ਹੈ ਤਾਂ ਚੋਣ ਕਮਿਸ਼ਨ ਦੀ ਕੀ ਲੋੜ ਹੈ, ਫਿਰ ਚੀਫ਼ ਇਲੈਕਸ਼ਨ ਅਫਸਰ ਹੀ ਚੋਣਾਂ ਕਰਵਾ ਦੇਵੇ।
ਉਨ੍ਹਾਂ ਕਾਂਗਰਸ ਦੀ ਗੁੰਡਾਗਰਦੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਮੂਨਕ ਵਿਖੇ ਉਮੀਦਵਾਰ ਦੇ ਆਪੇ ਹੀ (ਜਾਅਲੀ) ਦਸਤਖ਼ਤ ਕਰ ਕੇ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਤੇ ਹੰਡਿਆਇਆ ਵਿਖੇ ਚੋਣ ਮਸ਼ੀਨ ਹੀ ਤੋੜ ਦਿੱਤੀ ਗਈ। ਅਕਾਲੀ-ਭਾਜਪਾ ਗੱਠਜੋੜ ਹਾਈਕੋਰਟ 'ਚ ਪਟੀਸ਼ਨ ਦਾਖਲ ਕਰੇਗਾ, ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਲ ਦਿੱਤੀਆਂ ਚੋਣ ਵਧੀਕੀਆਂ ਸੰਬੰਧੀ ਦਰਖਾਸਤਾਂ ਦਾ ਇਕ ਮਿੱਥੇ ਸਮੇਂ 'ਚ ਫੈਸਲਾ ਕੀਤਾ ਜਾਵੇ ਕਿਉਂਕਿ ਸਰਕਾਰ ਦੇ ਪ੍ਰਭਾਵ ਹੇਠ ਡਿਪਟੀ ਕਮਿਸ਼ਨਰ 3-3 ਸਾਲ ਫਾਈਲਾਂ ਨੂੰ ਦੱਬੀ ਰੱਖਦੇ ਹਨ।
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਖਨੌਰੀ, ਮੂਨਕ, ਚੀਮਾ, ਹੰਡਿਆਇਆ ਤੇ ਦਿੜ੍ਹਬਾ ਤੋਂ ਜਿੱਤ ਕੇ ਆਏ ਨਗਰ ਪੰਚਾਇਤ ਦੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਯੂਥ ਆਗੂ ਅਮਨਵੀਰ ਸਿੰਘ ਚੈਰੀ, ਰਾਮਨਿਵਾਸ ਖਨੌਰੀ, ਸੱਤਪਾਲ ਸਿੰਗਲਾ ਲਹਿਰਾਗਾਗਾ, ਸਤਗੁਰ ਸਿੰਘ ਨਮੋਲ, ਚਮਨਦੀਪ ਸਿੰਘ ਮਿਲਖੀ, ਮਨਿੰਦਰ ਸਿੰਘ ਲਖਮੀਰਵਾਲਾ, ਮਹਾਵੀਰ ਸਿੰਘ ਖਨੌਰੀ, ਵਿਸ਼ਾਲ ਸੂਦ, ਹਰਪ੍ਰੀਤ ਸਿੰਘ ਢੀਂਡਸਾ ਤੇ ਗੁਰਮੀਤ ਸਿੰਘ ਜੌਹਲ ਮੌਜੂਦ ਸਨ।
ਲੁਟੇਰਿਆਂ ਕਿਸਾਨ ਕੋਲੋਂ ਖੋਹੇ ਦੋ ਲੱਖ ਰੁਪਏ
NEXT STORY