ਜਲੰਧਰ, (ਰਾਕੇਸ਼ ਬਹਿਲ, ਸੋਮਨਾਥ ਕੈਂਥ)- ਪਿਛਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਦੂਸਰੇ ਮੁੱਦਿਆਂ ਦੇ ਨਾਲ ਨਸ਼ਾ ਇਕ ਵੱਡੇ ਮੁੱਦੇ ਦੇ ਰੂਪ ਵਿਚ ਸਾਹਮਣੇ ਆਇਆ ਸੀ ਜਾਂ ਇੰਝ ਕਹੋ ਕਿ ਸਾਰੀਆਂ ਚੋਣਾਂ ਹੀ ਨਸ਼ੇ ਦੇ ਮੁੱਦੇ 'ਤੇ ਲੜੀਆਂ ਗਈਆਂ ਸਨ। ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ 'ਤੇ ਇਕ ਮਹੀਨੇ 'ਚ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ। ਅਪ੍ਰੈਲ 2017 'ਚ ਨਸ਼ੇ ਦਾ ਖਾਤਮਾ ਕਰਨ ਲਈ ਐੱਸ. ਟੀ. ਐੱਫ. ਦਾ ਗਠਨ ਵੀ ਕੀਤਾ ਗਿਆ ਪਰ ਨਸ਼ੇ ਦਾ ਖਾਤਮਾ ਕਰਦੇ-ਕਰਦੇ ਖੁਦ ਪੰਜਾਬ ਪੁਲਸ ਦੇ ਅਫਸਰਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ ਹੈ। ਅਫਸਰਾਂ ਵਿਚਾਲੇ ਹਾਈ ਲੈਵਲ 'ਤੇ ਚੱਲ ਰਹੀ ਲੜਾਈ ਅਤੇ ਪਾਵਰ ਪਾਲੀਟਿਕਸ ਪਿਛਲੇ ਇਕ ਸਾਲ ਦੌਰਾਨ ਕੈਪਟਨ ਸਰਕਾਰ ਦੀ ਜਨਤਾ ਵਿਚ ਬਣੀ ਦਿਖ ਖਰਾਬ ਕਰਨ ਵਿਚ ਭੂਮਿਕਾ ਨਿਭਾਉਣ ਲੱਗੀ ਹੈ।
ਅਫਸਰਾਂ ਵਿਚਾਲੇ ਪਹਿਲੀ ਲੜਾਈ ਐੱਸ. ਟੀ. ਐੱਫ. ਰਾਹੀਂ ਪਿਛਲੇ ਸਾਲ ਪੰਜਾਬ ੁਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਿਵਾਸ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਜਾਂਚ ਵਿਚ ਮੋਗਾ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਨੂੰ ਸ਼ਾਮਲ ਕੀਤੇ ਜਾਣ ਦੀ ਗੱਲ ਨਾਲ ਅਤੇ ਦੂਸਰੀ ਲੜਾਈ ਅੰਮ੍ਰਿਤਸਰ ਦੇ ਇੰਦਰਪ੍ਰੀਤ ਸਿੰਘ ਆਤਮ ਹੱਤਿਆ ਕਾਂਡ ਵਿਚ ਡੀ. ਜੀ. ਪੀ. (ਐੱਚ. ਆਰ. ਡੀ.) ਸਿਧਾਰਥ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਈ। ਦੋਵੇਂ ਪੁਲਸ ਅਫਸਰ ਇਨ੍ਹਾਂ ਮਾਮਲਿਆਂ ਵਿਚ ਖੁਦ ਨੂੰ ਝੂਠਾ ਫਸਾਏ ਜਾਣ ਦੀ ਗੱਲ ਕਹਿ ਕੇ ਹਾਈ ਕੋਰਟ ਦੀ ਪਨਾਹ ਵਿਚ ਹਨ।
ਕੀ ਹੋਵੇਗਾ ਨੁਕਸਾਨ
ਪੁਲਸ ਵਿਚ ਜਾਰੀ ਇਸ ਲੜਾਈ ਨਾਲ ਪੁਲਸ ਦਾ ਮਨੋਬਲ ਘੱਟ ਹੋਇਆ ਹੈ। ਡਰੱਗਜ਼ ਦੇ ਵਿਰੁੱਧ ਮੁਹਿੰਮ ਨੂੰ ਧੱਕਾ ਲੱਗਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਡਰੱਗਜ਼ 'ਤੇ ਕੁਝ ਹੱਦ ਤਕ ਨਕੇਲ ਕੱਸੀ ਗਈ ਸੀ ਪਰ ਇਸ ਲੜਾਈ ਤੋਂ ਸਭ ਤੋਂ ਜ਼ਿਆਦਾ ਖੁਸ਼ ਡਰੱਗ ਮਾਫੀਆ ਹੈ, ਜਿਸ ਨੂੰ ਹੁਣ ਇਕ ਵਾਰ ਫਿਰ ਖੁਲ੍ਹ ਕੇ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਡਿਪਾਰਟਮੈਂਟਲ ਪਾਲੀਟਿਕਸ, ਕੋਰਟ ਦੀ ਸ਼ਰਨ ਕਹਾਣੀ ਦਾ ਇਕ ਸਿਆਸੀ ਐਂਗਲ
ਇਸ ਸਾਰੀ ਕਹਾਣੀ ਦਾ ਇਕ ਸਿਆਸੀ ਐਂਗਲ ਵੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਐੱਸ. ਟੀ. ਐੱਫ. ਮੁਖੀ ਏ. ਡੀ. ਜੀ. ਹਰਪ੍ਰੀਤ ਸਿੰਘ ਸਿੱਧੂ ਦੀ ਇਕ ਵੱਡੇ ਨੇਤਾ ਦੇ ਨਾਲ ਨੇੜਤਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਸ਼ ਨਹੀਂ ਹਨ। ਇਸੇ ਕਾਰਨ ਪਹਿਲਾਂ ਉਨ੍ਹਾਂ ਦੀ ਰਿਪੋਰਟਿੰਗ ਡੀ. ਜੀ. ਪੀ. ਨੂੰ ਦਿੱਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਤੋਂ ਬਾਰਡਰ ਰੇਂਜ ਦਾ ਚਾਰਜ ਵਾਪਸ ਲੈ ਕੇ ਉਨ੍ਹਾਂ ਦਾ ਕੱਦ ਛੋਟਾ ਕਰ ਦਿੱਤਾ ਗਿਆ। ਮਾਮਲਾ ਇਥੇ ਹੀ ਨਹੀਂ ਰੁਕਿਆ, ਕੱਦ ਛੋਟਾ ਕਰਨ ਦੇ ਨਾਲ-ਨਾਲ ਸਿੱਧੂ ਦੇ ਕੁਝ ਖਾਸ ਅਫਸਰਾਂ ਨੂੰ ਵੀ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ। ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੋਲ ਕੁਝ ਅਜਿਹੀਆਂ ਸੂਚਨਾਵਾਂ ਪਹੁੰਚੀਆਂ ਕਿ ਸਿੱਧੂ ਕਾਰਨ ਉਨ੍ਹਾਂ ਦੀ ਦਿੱਖ ਨੂੰ ਧੱਕਾ ਲੱਗਾ ਹੈ। ਇਸ ਦਾ ਵੱਡਾ ਕਾਰਨ ਮਜੀਠੀਆ ਨੂੰ ਲੈ ਕੇ ਰਿਪੋਰਟ ਦਾ ਲੀਕ ਹੋਣਾ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਕੈਪਟਨ ਕਿਚਨ ਕੈਬਨਿਟ ਦੇ ਖਾਸ ਮੈਂਬਰ ਮੰਨੇ ਜਾਣ ਵਾਲੇ ਹਰਪ੍ਰੀਤ ਸਿੰਘ ਸਿੱਧੂ ਦਾ ਭਾਰ ਘੱਟ ਹੋਣਾ ਸ਼ੁਰੂ ਹੋ ਗਿਆ।
ਟਰੱਕ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਕੀਤੀ ਨਾਅਰੇਬਾਜ਼ੀ
NEXT STORY