ਜਲੰਧਰ (ਪਾਹਵਾ) - ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਤੇ ਪੰਜਾਬ ਤੋਂ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਗੁਜਰਾਤ ਵਿਚ ਭਾਜਪਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਤੇ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਉਠਾਏ ਗਏ ਸਵਾਲਾਂ ਨੂੰ ਲੈ ਕੇ ਭਾਜਪਾ ਵਿਚ ਉਬਾਲ ਆ ਗਿਆ ਹੈ। ਪੰਜਾਬ ਵਿਚ ਭਾਜਪਾ ਨੇ ਗੁਜਰਾਲ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਗਠਜੋੜ ਧਰਮ ਸਿਖਾਉਣ ਦੀ ਕਿਸੇ ਨੂੰ ਲੋੜ ਨਹੀਂ : ਚੰਦਨ
ਭਾਜਪਾ ਦੀ ਸੂਬਾ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਡੀ. ਪੀ. ਚੰਦਨ ਨੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਬਿਆਨ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਜਰਾਲ ਨੂੰ ਯਾਦ ਕਰਾਉਣਾ ਚਾਹੁੰਦੇ ਹਨ ਕਿ ਪਿਛਲੀ ਮੋਦੀ ਸਰਕਾਰ ਵਿਚ ਆਪਣੇ ਬਲ 'ਤੇ ਸੱਤਾ ਵਿਚ ਆਈ ਭਾਜਪਾ ਨੇ ਸਾਰੀਆਂ ਸਹਿਯੋਗੀ ਪਾਰਟੀਆਂ ਨੂੰ ਭਾਈਵਾਲੀ ਦੇ ਕੇ ਰਾਜਗ ਦੀ ਸਰਕਾਰ ਬਣਾਉਣ ਨੂੰ ਪਹਿਲ ਦਿੱਤੀ। ਇਸ ਨਾਲੋਂ ਹੋਰ ਵੱਡਾ ਸਨਮਾਨ ਆਪਣੇ ਸਹਿਯੋਗੀਆਂ ਨੂੰ ਕੀ ਦਿੱਤਾ ਜਾ ਸਕਦਾ ਹੈ। ਚੰਦਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਬੜੀ ਸੰਵੇਦਨਸ਼ੀਲ ਹੈ ਤੇ ਮੋਦੀ ਕੋਈ ਕਸਰ ਨਹੀਂ ਛੱਡਣਗੇ। ਇਸ ਲਈ ਗੁਜਰਾਲ ਨੂੰ ਸੋਚ-ਸਮਝ ਕੇ ਕੁਝ ਕਹਿਣਾ ਚਾਹੀਦਾ ਹੈ। ਚੰਦਨ ਨੇ ਕਿਹਾ ਕਿ ਭਾਜਪਾ ਨੂੰ ਗਠਜੋੜ ਧਰਮ ਸਿਖਾਉਣ ਦੀ ਕਿਸੇ ਨੂੰ ਲੋੜ ਨਹੀਂ ਕਿਉਂਕਿ ਪੰਜਾਬ ਵਿਚ ਅਕਾਲੀ ਦਲ ਦੀਆਂ ਬੜੀਆਂ ਉਲਟ ਹਾਲਤਾਂ ਵਿਚ ਵੀ ਅਲੱਗ ਨਾ ਲੜ ਕੇ ਅਕਾਲੀ ਦਲ ਦੇ ਨਾਲ ਰਹਿਣ ਨੂੰ ਪਹਿਲ ਦਿੱਤੀ।
ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਗੁਜਰਾਲ : ਤਨੇਜਾ
ਪਾਰਟੀ ਦੇ ਸੂਬਾ ਸੋਸ਼ਲ ਮੀਡੀਆ ਮੁਖੀ ਅਮਿਤ ਤਨੇਜਾ ਨੇ ਸੋਸ਼ਲ ਮੀਡੀਆ ਵਿਚ ਨਰੇਸ਼ ਗੁਜਰਾਲ ਦੇ ਨਾਂ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿਚ ਗੁਜਰਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਤਨੇਜਾ ਨੇ ਕਿਹਾ ਕਿ ਚੰਦ 'ਤੇ ਥੁੱਕਣਾ ਆਪਣੇ ਮੂੰਹ 'ਤੇ ਡਿਗਦਾ ਹੈ। ਤਨੇਜਾ ਨੇ ਕਿਹਾ ਕਿ ਨਰੇਸ਼ ਗੁਜਰਾਲ ਉਂਝ ਤਾਂ ਪੰਜਾਬ ਤੋਂ ਸੰਸਦ ਮੈਂਬਰ ਹਨ ਪਰ ਪੰਜਾਬ ਘੱਟ ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਲੈ ਕੇ ਜ਼ਮੀਨੀ ਹਕੀਕਤ ਦੇਖਣੀ ਹੈ ਤਾਂ ਪਹਿਲਾਂ ਪੰਜਾਬ ਅਉਣ। ਪਹਿਲਾਂ ਪੰਜਾਬ ਦੀ ਹਕੀਕਤ ਨੂੰ ਸਮਝਣ, ਉਸ ਦੇ ਮਗਰੋਂ ਕਿਸਾਨਾਂ ਦੇ ਮਾਮਲਿਆਂ ਨੂੰ ਲੈ ਕੇ ਬਿਆਨ ਜਾਰੀ ਕਰਨ। ਤਨੇਜਾ ਨੇ ਕਿਹਾ ਕਿ ਗੁਜਰਾਲ ਕਿਸਾਨਾਂ ਨੂੰ ਲੈ ਕੇ ਜੋ ਦਾਅਵੇ ਕਰ ਰਹੇ ਹਨ ਉਨ੍ਹਾਂ ਵਿਚ ਕੋਈ ਸੱਚਾਈ ਨਹੀਂ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਲੈ ਕੇ ਕੁਝ ਅੰਕੜੇ ਵੀ ਸਾਂਝੇ ਕੀਤੇ।
ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਟਰੈਵਲ ਏਜੰਟ ਵੱਲੋਂ 3.50 ਲੱਖ ਦੀ ਠੱਗੀ
NEXT STORY