ਨਿਹਾਲ ਸਿੰਘ ਵਾਲਾ, (ਬਾਵਾ)- ਪਿੰਡ ਪੱਤੋ ਹੀਰਾ ਸਿੰਘ ਵਿਖੇ ਚਿੱਟੇ ਦੀ ਸਪਲਾਈ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਫਡ਼ ਕੇ ਪਹਿਲਾਂ ਭਾਰੀ ਕੁਟਾਪਾ ਚਾੜ੍ਹਿਆ ਗਿਆ ਅਤੇ ਬਾਅਦ ’ਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਭਾਈ ਵੀਰ ਸਿੰਘ ਕਲੱਬ ਪੱਤੋ ਹੀਰਾ ਸਿੰਘ ਦੇ ਆਗੂਆਂ ਕੁਲਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਲੱਬ ਦੇ ਉਦਮ ਸਦਕਾ ਨਸ਼ੇ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਇਕ ਫ਼ੋਨ ਨੰਬਰ ਜਾਰੀ ਕੀਤਾ ਗਿਆ ਹੈ। ਪਿੰਡ ’ਚ ਨਸ਼ਾ ਸਪਲਾਈ ਕਰਨ ਵਾਲਿਆਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਵਾਸੀਆਂ ਨੂੰ ਇਸ ਨੰਬਰ ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਅੱਜ ਪਿੰਡ ’ਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਨਸ਼ਾ ਵੇਚਣ ਜਾਂ ਲੈਣ ਲਈ ਆਏ ਜਿਸ ਸਬੰਧੀ ਕਿਸੇ ਪਿੰਡ ਵਾਸੀ ਵੱਲੋਂ ਕਲੱਬ ਨੂੰ ਸੂਚਨਾ ਦਿੱਤੀ ਗਈ, ਜਿਸ ’ਤੇ ਕਲੱਬ ਦੇ ਮੈਂਬਰਾਂ ਦੀ ਅਗਵਾਈ ’ਚ ਲੋਕ ਇਕੱਠੇ ਹੋ ਗਏ ਅਤੇ ਉਕਤ ਨੌਜਵਾਨਾਂ ਨੂੰ ਘੇਰਾ ਪਾ ਲਿਆ। ਉਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ ਜਿਸ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਕਿ ਉਹ ਪਿੰਡ ’ਚ ਕਿਸ ਨਸ਼ਾ ਤਸਕਰ ਕੋਲ ਆਏ ਸਨ, ਪਰ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਨਾ ਦੇਣ ’ਤੇ ਪਿੰਡ ਵਾਸੀਆਂ ’ਚ ਗੁੱਸਾ ਪੈਦਾ ਹੋ ਗਿਆ ਅਤੇ ਉਨ੍ਹਾਂ ਦਾ ਭਾਰੀ ਕੁਟਾਪਾ ਚਾੜ੍ਹਿਆ ਗਿਆ ਅਤੇ ਬਾਅਦ ’ਚ ਪੁਲਸ ਹਵਾਲੇ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਪੁਲਸ ਤੋਂ ਮੰਗ ਕੀਤੀ ਕਿ ਇਨ੍ਹਾਂ ਤਸਕਰਾਂ ਦੇ ਪਿੰਡ ’ਚ ਕਿਸੇ ਵਿਅਕਤੀ ਨਾਲ ਸਬੰਧ ਹਨ, ਇਸ ਬਾਰੇ ਪੁਲਸ ਪੂਰੀ ਪਡ਼ਤਾਲ ਕਰੇ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਤਿੰਨੋਂ ਦੋਸ਼ੀਆਂ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖੋਟੇ, ਸਿਮਰਜੀਤ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਕਾਲੇਕੇ, ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਾਲੇਕੇ ਪਾਸੋਂ 220 ਨਸ਼ੇ ਵਾਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਥਾਣੇਦਾਰ ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਕਰ ਰਹੇ ਹਨ।
ਹਾਦਸੇ ’ਚ ਜ਼ਖਮੀ ਦੀ ਮੌਤ
NEXT STORY