ਚੰਡੀਗੜ੍ਹ (ਅੰਕੁਰ ਤਾਂਗੜੀ) : ਹਰਿਆਣਾ ਕਾਂਗਰਸ ਦੇ ਸਿਰਸਾ ਤੋਂ ਵਿਧਾਇਕ ਗੋਕਲ ਸੇਤੀਆ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੇ ਹੱਕ 'ਚ ਖੁੱਲ੍ਹ ਕੇ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ ਰਾਜਾ ਵੜਿੰਗ ਨੇ ਆਪਣੀ ਸਿਆਸੀ ਜ਼ਿੰਦਗੀ ਸੰਘਰਸ਼, ਮਿਹਨਤ ਅਤੇ ਪਾਰਟੀ ਪ੍ਰਤੀ ਨਿਸ਼ਠਾ ਨਾਲ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਕੋਈ ਬਾਹਰੋਂ ਆ ਕੇ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਇਹ ਪਾਠ ਨਹੀਂ ਪੜ੍ਹਾ ਸਕਦਾ ਕਿ ਉਹ ਕੀ ਹਨ ਅਤੇ ਪਾਰਟੀ 'ਚ ਉਨ੍ਹਾਂ ਦੀ ਕੀ ਥਾਂ ਹੈ। ਰਾਜਾ ਵੜਿੰਗ ਨੇ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਪਾਰਟੀ ਲਈ ਡਟੇ ਰਹਿਣਗੇ। ਗੋਕਲ ਸੇਤੀਆ ਨੇ ਰਾਜਾ ਵੜਿੰਗ ਦੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਗਿੱਦੜਬਾਹਾ ਨੂੰ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਸੀ, ਉੱਥੋਂ ਦੋ ਵਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ਼ 'ਚ ਕਾਂਗਰਸ ਦੇ ਯੂਥ ਆਗੂ ਵਜੋਂ ਪਾਰਟੀ ਦਾ ਝੰਡਾ ਬੁਲੰਦ ਕੀਤਾ। ਸੇਤੀਆ ਨੇ ਕਿਹਾ ਕਿ ਰਾਜਾ ਵੜਿੰਗ ਮੁੜ ਗਿੱਦੜਬਾਹਾ ਤੋਂ ਚੋਣ ਜਿੱਤੇ ਅਤੇ ਭਾਵੇਂ ਉਨ੍ਹਾਂ ਨੂੰ ਉਸ ਸਮੇਂ ਮੰਤਰੀ ਬਣਨ ਦਾ ਮੌਕਾ ਨਹੀਂ ਮਿਲਿਆ, ਪਰ ਇਸ ਦੇ ਬਾਵਜੂਦ ਉਹ ਨਿਸ਼ਕਾਮ ਭਾਵਨਾ ਨਾਲ ਪਾਰਟੀ ਲਈ ਕੰਮ ਕਰਦੇ ਰਹੇ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਨ੍ਹਾਂ ਆਗੂਆਂ ਵਿੱਚੋਂ ਹਨ, ਜਿਨ੍ਹਾਂ ਨੇ ਸੱਤਾ ਦੇ ਅਹੁਦੇ ਨੂੰ ਆਪਣੀ ਸਿਆਸੀ ਮੰਜ਼ਿਲ ਨਹੀਂ ਬਣਾਇਆ। ਮੰਤਰੀ ਨਾ ਬਣਨ ਦੇ ਬਾਵਜੂਦ ਉਹ ਪਾਰਟੀ ਅਤੇ ਲੋਕਾਂ ਨਾਲ ਜੁੜੇ ਰਹੇ ਅਤੇ ਚੁਣੌਤੀਪੂਰਨ ਹਾਲਾਤਾਂ 'ਚ ਵੀ ਆਪਣਾ ਸਿਆਸੀ ਆਧਾਰ ਮਜ਼ਬੂਤ ਕੀਤਾ। ਸੇਤੀਆ ਮੁਤਾਬਕ ਇਹੀ ਕਾਰਨ ਹੈ ਕਿ ਉਹ ਮੁੜ ਵਿਧਾਨ ਸਭਾ 'ਚ ਪਹੁੰਚੇ ਅਤੇ ਲਗਾਤਾਰ ਪਾਰਟੀ ਲਈ ਕੰਮ ਕਰਦੇ ਰਹੇ। ਗੋਕਲ ਸੇਤੀਆ ਨੇ ਕਿਹਾ ਕਿ ਰਾਜਾ ਵੜਿੰਗ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਵੀ ਬਾਦਲ ਪਰਿਵਾਰ ਦੇ ਸਾਹਮਣੇ ਡਟ ਕੇ ਚੋਣ ਲੜੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕਈ ਲੋਕ ਅਜਿਹੀ ਚੁਣੌਤੀ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਰਹੇ ਸਨ, ਪਰ ਵੜਿੰਗ ਨੇ ਮੈਦਾਨ ਨਹੀਂ ਛੱਡਿਆ। ਸੇਤੀਆ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਅੰਦਰਲੇ ਕੁੱਝ ਲੋਕਾਂ ਵੱਲੋਂ ਕੀਤੇ ਗਏ ਨੁਕਸਾਨ ਦੇ ਬਾਵਜੂਦ ਵੜਿੰਗ ਚੋਣ 'ਚ ਜਿੱਤ ਦੇ ਬਿਲਕੁਲ ਨੇੜੇ ਤੱਕ ਪਹੁੰਚੇ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਆਪਣੇ ਇਲਾਕੇ ਤੋਂ ਦੂਰ ਲੁਧਿਆਣਾ ਲੋਕ ਸਭਾ ਹਲਕੇ 'ਚ ਜਾ ਕੇ ਪਾਰਟੀ ਦੀ ਅਗਵਾਈ ਕੀਤੀ ਅਤੇ ਉੱਥੋਂ ਕਾਂਗਰਸ ਨੂੰ ਜਿੱਤ ਦਿਵਾਈ। ਸੇਤੀਆ ਨੇ ਕਿਹਾ ਕਿ ਵਿਰੋਧੀ ਹਾਲਾਤਾਂ ਦੇ ਬਾਵਜੂਦ ਰਾਜਾ ਵੜਿੰਗ ਨੇ ਪੰਜਾਬ 'ਚ ਕਾਂਗਰਸ ਲਈ ਲਗਾਤਾਰ ਮਿਹਨਤ ਕੀਤੀ ਅਤੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀਆਂ ਵੱਡੀ ਗਿਣਤੀ ਸੀਟਾਂ ’ਤੇ ਜਿੱਤ ਯਕੀਨੀ ਬਣਾਉਣ ਲਈ ਮੈਦਾਨ 'ਚ ਡਟੇ ਰਹੇ।
ਸੇਤੀਆ ਨੇ ਕਿਹਾ ਕਿ ਰਾਜਾ ਵੜਿੰਗ ਦਾ ਸਿਆਸੀ ਸਫ਼ਰ ਕਿਸੇ ਇੱਕ ਅਹੁਦੇ ਜਾਂ ਚੋਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਲੰਬੇ ਸੰਘਰਸ਼ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਵੜਿੰਗ ਨੇ ਕਾਂਗਰਸ ਲਈ ਮੁਸ਼ਕਲ ਸਮੇਂ 'ਚ ਵੀ ਕੰਮ ਕਰਨਾ ਜਾਰੀ ਰੱਖਿਆ ਅਤੇ ਜਦੋਂ ਪਾਰਟੀ ਨੂੰ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਦੀ ਲੋੜ ਪਈ ਤਾਂ ਉਹ ਵੀ ਅੱਗੇ ਰਹੇ। ਹਰਿਆਣਾ ਦੇ ਵਿਧਾਇਕ ਨੇ ਆਪਣੇ ਬਿਆਨ 'ਚ ਰਾਜਾ ਵੜਿੰਗ ਦੀ ਅਗਵਾਈ ਅਤੇ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਹਾਡੇ ਵਰਗਾ ਆਮ ਨੌਜਵਾਨ ਜਦੋਂ ਪਾਰਟੀ 'ਚ ਅੱਗੇ ਆਉਂਦਾ ਹੈ ਤਾਂ ਕਈ ਰਵਾਇਤੀ ਆਗੂਆਂ ਨੂੰ ਆਪਣੀ ਸਿਆਸੀ ਜਗ੍ਹਾ ਖੁੱਸਣ ਦਾ ਡਰ ਪੈਦਾ ਹੋ ਜਾਂਦਾ ਹੈ। ਉਨ੍ਹਾਂ ਇਸ਼ਾਰਿਆਂ 'ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਪਾਰਟੀ ’ਤੇ ਆਪਣਾ ਹੱਕ ਸਮਝਿਆ ਹੋਇਆ ਹੈ, ਉਹ ਨਹੀਂ ਚਾਹੁੰਦੇ ਕਿ ਨੌਜਵਾਨ ਅਤੇ ਜ਼ਮੀਨ ਨਾਲ ਜੁੜੇ ਆਗੂ ਅੱਗੇ ਆਉਣ। ਸੇਤੀਆ ਨੇ ਕਿਹਾ ਕਿ ਰਾਜਾ ਵੜਿੰਗ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਆਗੂ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਿੱਚ ਜੋ ਸਿਆਸੀ ਗੁਣ, ਲੋਕਾਂ ਨਾਲ ਜੁੜਨ ਦੀ ਸਮਰੱਥਾ ਅਤੇ ਸੰਘਰਸ਼ ਕਰਨ ਦਾ ਜਜ਼ਬਾ ਹੈ, ਉਹ ਹਰ ਕਿਸੇ 'ਚ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਵੜਿੰਗ ਦੇ ਵਿਰੋਧ 'ਚ ਕਈ ਲੋਕ ਇਕੱਠੇ ਹੋ ਗਏ ਹਨ। ਗੋਕਲ ਸੇਤੀਆ ਨੇ ਆਪਣੇ ਬਿਆਨ 'ਚ ਰਾਜਾ ਵੜਿੰਗ ਲਈ ਪੰਜਾਬੀ 'ਚ ਕਿਹਾ ਕਿ 'ਤੇਰੀਆਂ ਰੀਸਾਂ ਨੀ ਵੜਿੰਗਾ', ਇੱਕ ਨੰਬਰ ਆਦਮੀ ਤੇ ਇੱਕ ਨੰਬਰ ਨੇਤਾ ਤੇ ਹਮੇਸ਼ਾ ਰਹੇਂਗਾ'। ਉਨ੍ਹਾਂ ਕਿਹਾ ਕਿ ਵੜਿੰਗ ਨੇ ਇੱਕ ਆਮ ਨੌਜਵਾਨ ਨੂੰ ਪਾਰਟੀ ਦੇ ਅੰਦਰੋਂ ਉੱਪਰ ਲਿਆਉਣ ਅਤੇ ਉਸ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਰਵਾਇਤ ਨੂੰ ਮਜ਼ਬੂਤ ਕੀਤਾ ਹੈ। ਇਸ ਕਰਕੇ ਹੀ ਕਈ ਲੋਕਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਕਿ ਇੱਕ ਆਮ ਪਿਛੋਕੜ ਵਾਲਾ ਨੌਜਵਾਨ ਪਾਰਟੀ ਦੀ ਅਗਵਾਈ ਵਾਲੀ ਕਤਾਰ ਵਿੱਚ ਕਿਵੇਂ ਪਹੁੰਚ ਗਿਆ। ਸੇਤੀਆ ਨੇ ਕਿਹਾ ਕਿ ਰਾਜਾ ਵੜਿੰਗ ਨੇ ਕਾਂਗਰਸ ਨੂੰ ਸਿਰਫ਼ ਚੋਣਾਂ ਦੇ ਸਮੇਂ ਯਾਦ ਨਹੀਂ ਕੀਤਾ, ਸਗੋਂ ਲੰਬੇ ਸਮੇਂ ਤੱਕ ਪਾਰਟੀ ਲਈ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵੜਿੰਗ ਦਾ ਸਫ਼ਰ ਸੰਘਰਸ਼, ਚੋਣੀ ਲੜਾਈਆਂ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਲਈ ਮੁਸ਼ਕਲ ਹਾਲਾਤਾਂ ਵਿੱਚ ਡਟੇ ਰਹਿਣ ਨਾਲ ਬਣਿਆ ਹੈ।
ਸੇਤੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਰਾਜਾ ਵੜਿੰਗ ਦੀ ਸਿਆਸੀ ਯਾਤਰਾ ਅਤੇ ਉਨ੍ਹਾਂ ਵੱਲੋਂ ਪਾਰਟੀ ਲਈ ਕੀਤੇ ਸੰਘਰਸ਼ ਨੂੰ ਕਿਸੇ ਵੀ ਬਾਹਰੀ ਵਿਅਕਤੀ ਵੱਲੋਂ ਘੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਸੰਦਰਭ ਵਿੱਚ ਵੀ ਅਹਿਮ ਮੰਨਿਆ ਜਾ ਰਿਹਾ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਪੰਜਾਬ ਕਾਂਗਰਸ ਵਿੱਚ ਨਵੀਂ ਲੀਡਰਸ਼ਿਪ ਦੇ ਆਉਣ ਤੋਂ ਬਾਅਦ ਪੁਰਾਣੀ ਲੀਡਰਸ਼ਿਪ ਦੇ ਸਮਰਥਕਾਂ 'ਚ ਆਪਣੀਆਂ ਸਿਆਸੀ ਸਥਿਤੀਆਂ ਨੂੰ ਲੈ ਕੇ ਚਰਚਾ ਤੇਜ਼ ਹੈ। ਗੋਕਲ ਸੇਤੀਆ ਦਾ ਖੁੱਲ੍ਹ ਕੇ ਰਾਜਾ ਵੜਿੰਗ ਦੇ ਹੱਕ ਵਿੱਚ ਖੜ੍ਹਨਾ ਇਹ ਸੰਕੇਤ ਦਿੰਦਾ ਹੈ ਕਿ ਵੜਿੰਗ ਨੂੰ ਪੰਜਾਬ ਤੋਂ ਬਾਹਰਲੇ ਕਾਂਗਰਸੀ ਆਗੂਆਂ ਅਤੇ ਨੌਜਵਾਨ ਧੜੇ ਵਿੱਚ ਵੀ ਸਮਰਥਨ ਹਾਸਲ ਹੈ। ਸੇਤੀਆ ਦੇ ਬਿਆਨ ਦਾ ਮੁੱਖ ਸੰਦਰਭ ਇਹ ਹੈ ਕਿ ਰਾਜਾ ਵੜਿੰਗ ਨੂੰ ਉਨ੍ਹਾਂ ਦੀ ਲੰਬੀ ਸਿਆਸੀ ਯਾਤਰਾ, ਜ਼ਮੀਨੀ ਪਕੜ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਆਧਾਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ ਪਰ ਜਿਹੜੇ ਆਗੂ ਮੁਸ਼ਕਲ ਸਮੇਂ ਵਿੱਚ ਵੀ ਪਾਰਟੀ ਨਾਲ ਖੜ੍ਹੇ ਰਹਿੰਦੇ ਹਨ, ਉਨ੍ਹਾਂ ਦੀ ਅਹਿਮੀਅਤ ਹਮੇਸ਼ਾ ਬਣੀ ਰਹਿੰਦੀ ਹੈ।
95 ਕਰੋੜ ਦੀ ਲਾਗਤ ਨਾਲ ਬਦਲਿਆ ਜਾਵੇਗਾ ਜਲੰਧਰ ਰੇਲਵੇ ਸਟੇਸ਼ਨ! ਏਅਰਪੋਰਟ ਵਰਗੀ ਹੋਵੇਗੀ ਦਿੱਖ
NEXT STORY