ਮੋਗਾ, (ਆਜ਼ਾਦ)- ਜ਼ਿਲੇ ਦੇ ਪਿੰਡ ਜਲਾਲਾਬਾਦ ਪੂਰਬੀ ਨਿਵਾਸੀ ਵਿਅਕਤੀ ਨੇ ਮੋਗਾ ਦੇ ਇਕ ਟਰੈਵਲ ਏਜੰਟ ਪਤੀ-ਪਤਨੀ 'ਤੇ ਉਸ ਨੂੰ ਤੁਰਕੀ ਭੇਜਣ ਦੇ ਨਾਂ 'ਤੇ 3 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਤੋਂ ਇਲਾਵਾ ਜਾਅਲੀ ਵੀਜ਼ਾ ਕਾਪੀ ਦੇਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਗਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੀ ਜੀ. ਟੀ. ਰੋਡ ਮੋਗਾ 'ਤੇ ਸਥਿਤ ਐੱਨ. ਆਰ. ਆਈ. ਸਿੰਘ ਬ੍ਰਦਰਜ਼ ਦੇ ਸੰਚਾਲਕ ਗੁਰਧੀਰ ਸਿੰਘ ਅਤੇ ਉਸਦੀ ਪਤਨੀ ਅਵਨੀਤ ਕੌਰ ਨਾਲ ਵਿਦੇਸ਼ ਜਾਣ ਦੀ ਗੱਲ 2017 'ਚ ਹੋਈ ਸੀ, ਜਿਸ 'ਤੇ ਉਨ੍ਹਾਂ ਮੈਨੂੰ ਕਿਹਾ ਕਿ ਉਸ ਨੂੰ ਤੁਰਕੀ ਭੇਜ ਦੇਣਗੇ, ਜਿਸ 'ਤੇ 3 ਲੱਖ 60 ਹਜ਼ਾਰ ਰੁਪਏ ਖਰਚਾ ਆਵੇਗਾ ਅਤੇ ਉਥੇ ਉਸ ਨੂੰ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੋਂ ਇਲਾਵਾ ਪੀ. ਆਰ. ਵੀ ਦਿਵਾਉਣਗੇ, ਜਿਸ 'ਤੇ ਮੈਂ ਉਨ੍ਹਾਂ 'ਤੇ ਵਿਸ਼ਵਾਸ ਕਰ ਕੇ 19 ਨਵੰਬਰ 2017 ਨੂੰ 3 ਲੱਖ 60 ਹਜ਼ਾਰ ਰੁਪਏ ਉਕਤ ਟਰੈਵਲ ਏਜੰਟ ਪਤੀ-ਪਤਨੀ ਨੂੰ ਘਰ ਜਾ ਕੇ ਦਿੱਤੇ ਅਤੇ ਆਪਣਾ ਪਾਸਪੋਰਟ ਵੀ ਦੇ ਦਿੱਤਾ, ਜਿਸ 'ਤੇ ਉਨ੍ਹਾਂ ਮੈਨੂੰ ਤੁਰਕੀ ਦੇ ਲੱਗੇ ਹੋਏ ਵੀਜ਼ੇ ਦੀਆਂ ਫੋਟੋ ਕਾਪੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਤਿਆਰੀ ਕਰ ਲੈਣ। ਉਨ੍ਹਾਂ ਨੇ ਵਿਸ਼ਵਾਸ 'ਚ ਲੈਣ ਲਈ ਮੈਨੂੰ 3 ਲੱਖ 60 ਹਜ਼ਾਰ ਰੁਪਏ ਦਾ ਇਕ ਚੈੱਕ ਅਤੇ ਇਕਰਾਰਨਾਮਾ ਵੀ ਲਿਖ ਕੇ ਦਿੱਤਾ ਕਿ ਜੇਕਰ ਅਸੀਂ ਧੋਖਾ ਕੀਤਾ ਤਾਂ ਆਪ ਬੈਂਕ 'ਚੋਂ ਪੈਸੇ ਕਢਵਾ ਲੈਣਾ। ਜਦ ਮੈਂ ਵੀਜ਼ੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਵੀਜ਼ਾ ਜਾਅਲੀ ਹੈ, ਜਿਸ 'ਤੇ ਮੈਂ ਉਕਤ ਟਰੈਵਲ ਏਜੰਟ ਪਤੀ-ਪਤਨੀ ਨਾਲ ਗੱਲਬਾਤ ਕੀਤੀ ਅਤੇ ਪਾਸਪੋਰਟ ਅਤੇ ਪੈਸੇ ਵਾਪਸ ਦੇਣ ਲਈ ਕਿਹਾ ਤਾਂ ਉਹ ਮੈਨੂੰ ਧਮਕਾਉਣ ਲੱਗੇ। ਇਸ ਤਰ੍ਹਾਂ ਮੇਰੇ ਨਾਲ ਪਤੀ-ਪਤਨੀ ਨੇ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ : ਆਈ. ਜੀ. ਬਠਿੰਡਾ ਰੇਂਜ ਦੇ ਨਿਰਦੇਸ਼ਾਂ 'ਤੇ ਇਸ ਦੀ ਜਾਂਚ ਜ਼ਿਲਾ ਪੁਲਸ ਮੁਖੀ ਬਠਿੰਡਾ ਨੇ ਡੀ. ਐੱਸ. ਪੀ. ਤਲਵੰਡੀ ਸਾਬੋ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਨੇ ਜਾਂਚ ਤੋਂ ਬਾਅਦ ਰਿਪੋਰਟ ਆਈ. ਜੀ. ਬਠਿੰਡਾ ਰੇਂਜ ਨੂੰ ਭੇਜੀ, ਜਿਸ 'ਚ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਗਏ ਸਨ, ਜਿਨ੍ਹਾਂ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦੋਸ਼ੀ ਟਰੈਵਲ ਏਜੰਟ ਗੁਰਧੀਰ ਸਿੰਘ ਅਤੇ ਉਸਦੀ ਪਤਨੀ ਅਵਨੀਤ ਕੌਰ ਨਿਵਾਸੀ ਜੀ. ਟੀ. ਰੋਡ ਮੋਗਾ ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ, ਜਿਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਧਰਨਿਓਂ-ਧਰਨੀ ਹੋਏ ਸਿਆਸੀ 'ਯੋਧੇ' ਇਧਰ ਭੁੱਖ ਹੜਤਾਲ ਦਾ 'ਹਥਿਆਰ', ਓਧਰ ਮੌਨ ਵਰਤ ਦੀ 'ਧਾਰ'
NEXT STORY